Friday, March 21, 2014

ਜਾਣਾ ਸ੍ਰ. ਖੁਸ਼ਵੰਤ ਸਿੰਘ ਦਾ

ਅਲਵਿਦਾ ਆਖਦਿਆਂ ਦਿਲ ਵਿੱਚ ਡੂੰਘੀ ਉਦਾਸੀ ਦੀ ਇੱਕ ਲਹਿਰ ਉੱਠਦੀ ਹੈ 
ਲੁਧਿਆਣਾ: 21 ਮਾਰਚ 2014: (ਪੰਜਾਬ ਸਕਰੀਨ):
Courtesy Sketch 
Courtesy Photo 
ਉੱਘੇ ਪੱਤਰਕਾਰ ਤੇ ਲੇਖਕ ਖੁਸ਼ਵੰਤ ਸਿੰਘ ਨਹੀਂ ਰਹੇ। ਇਹ ਇੱਕ ਹਕੀਕਤ ਹੈ ਪਰ ਪ੍ਰਵਾਨ ਕਰਨ ਨੂੰ ਦਿਲ ਨਹੀਂ ਕਰਦਾ--ਸ਼ਾਇਦ ਇਸ ਲਈ ਕਿ ਇਹ ਜਿਆਦਾ ਕੌੜੀ ਹਕੀਕਤ ਹੈ। ਜ਼ਹਿਨ ਵਿੱਚ ਇਲੱਸਟ੍ਰੇਟਡ ਵੀਕਲੀ ਵਾਲੇ ਕਈ ਪੁਰਾਣੇ ਅੰਕ ਵੀ ਘੁੰਮ ਰਹੇ ਹਨ ਅਤੇ ਹਿੰਦੁਸਤਾਨ ਟਾਈਮਜ਼ ਦੇ ਕੁਝ ਖਾਸ ਅੰਕ ਵੀ। ਅਸਲ ਵਿੱਚ ਇਹ ਇੱਕ ਅਜਿਹੀ ਸ਼ਖਸੀਅਤ ਦਾ ਤੁਰ ਜਾਣਾ ਹੈ ਜਿਸ ਕੋਲ 99 ਸਾਲਾਂ ਦਾ ਤਜਰਬਾ ਵੀ ਸੀ ਅਤੇ 18 ਸਾਲਾਂ ਵਾਲਾ ਜੋਸ਼ੋ ਖਰੋਸ਼ ਵੀ। ਦੋਗਲੇ ਕਿਰਦਾਰਾਂ ਵਾਲੇ ਇਸ ਸਮਾਜ ਵਿੱਚ ਖੁਸ਼ਵੰਤ ਸਿੰਘ ਵਰਗਾ ਸਪਸ਼ਟ ਕਲਮਕਾਰ ਹੁਣ ਏਸ ਦੁਨੀਆ ਨੂੰ ਕਿੱਥੇ ਮਿਲਣਾ ਹੈ!
ਆਪਣੇ ਲਾਈਫ ਸਟਾਈਲ ਅਤੇ ਬੇਬਾਕੀ ਕਾਰਣ ਚਲੇ ਜਾਣ ਤੋਂ ਬਾਅਦ ਵੀ ਮੌਜੂਦਗੀ ਦਾ ਇੱਕ ਅਹਿਸਾਸ ਬਣਿਆ ਰਹੇਗਾ। ਇਹ ਘਾਟਾ ਕਦੇ ਪੂਰਾ ਵੀ ਨਹੀਂ ਹੋਣਾ। 99 ਸਾਲਾਂ ਦੀ ਉਮਰ ਵਿੱਚ ਅਕਾਲ ਚਲਾਣਾ ਹਰ ਕਿਸੇ ਨੂੰ ਸੋਗੀ ਕਰ ਗਿਆ ਹੈ। ਸਥਾਨਕ, ਕੌਮੀ ਅਤੇ ਕੌਮਾਂਤਰੀ ਆਗੂਆਂ ਵੱਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਦਾ ਸਿਲਸਿਲਾ ਜਾਰੀ ਹੈ। ਹਰਮਨ ਪਿਆਰੀ ਅਖਬਾਰ ਵਿੱਚ ਆਪਣੇ ਦੇਹਾਂਤ ਦੀ ਖਬਰ ਨੂੰ ਕਲਪਣਾ ਸ਼ਕਤੀ ਨਾਲ ਦੇਖ ਲੈਣਾ ਉਸ ਦਲੇਰੀ ਨੂੰ ਦਰਸਾਉਂਦਾ ਹੈ ਜਿਹੜੀ ਹਰ ਕਿਸੇ ਕੋਲ ਨਹੀਂ ਹੁੰਦੀ। ਕੁਝ ਦਹਾਕੇ ਪਹਿਲਾਂ ਪ੍ਰਕਾਸ਼ਿਤ ਇਸ ਵੇਰਵੇ ਨੂੰ ਜੇ ਆਖਿਰੀ ਇਛਾਵਾਂ ਚੋਂ ਇੱਕ ਮੰਨਿਆ ਜਾਏ ਤਾਂ ਸਾਰੇ ਮੀਡੀਆ ਨੇ ਹੀ ਬਹੁਤ ਚੰਗੀ ਕਵਰੇਜ ਦਿੱਤੀ ਹੈ ਜੋ ਕੀ ਜਰੂਰੀ ਵੀ ਸੀ।  

ਪੰਜਾਬੀ ਟ੍ਰਿਬਿਊਨ ਨੇ ਨਵੀਂ ਦਿੱਲੀ ਡੇਟ ਲਾਈਨ ਨਾਲ ਲਿਖਿਆ ਹੈ,"ਨਾਮਵਰ ਲੇਖਕ, ਪੱਤਰਕਾਰ, ਕਾਲਮਨਵੀਸ ਖੁਸ਼ਵੰਤ ਸਿੰਘ ਦਾ ਅੱਜ 99 ਸਾਲ ਦੀ ਉਮਰੇ ਦੇਹਾਂਤ ਹੋ ਗਿਆ। ਅੰਗਰੇਜ਼ੀ ਵਿੱਚ ਲਿਖਣ ਵਾਲੇ ਨਫੀਸ ਭਾਰਤੀ ਲੇਖਕਾਂ ਵਿੱਚੋਂ ਇਕ ਖੁਸ਼ਵੰਤ ਸਿੰਘ ਦੇ ਚਲਾਣੇ ਉੱਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ, ਸੀਨੀਅਰ ਪੱਤਰਕਾਰਾਂ, ਲੇਖਕਾਂ ਤੇ ਬਾਲੀਵੁੱਡ ਦੀਆਂ ਅਹਿਮ ਹਸਤੀਆਂ ਨੇ ਦੁੱਖ ਪ੍ਰਗਟਾਇਆ ਹੈ।
Courtesy Image 
ਇਹ ਨਾਮਵਰ ਲੇਖਕ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਜਨਤਕ ਜੀਵਨ ਵਿੱਚੋਂ ਵੀ ਲਗਪਗ ਗੈਰ-ਹਾਜ਼ਰ ਸੀ। ਉਨ੍ਹਾਂ ਦੇ ਪੱਤਰਕਾਰ ਪੁੱਤਰ ਰਾਹੁਲ ਨੇ ਦੱਸਿਆ, ‘‘ਉਨ੍ਹਾਂ ਬੜੀ ਸ਼ਾਂਤੀ ਨਾਲ ਸਵਾਸ ਛੱਡੇ।’’
ਸਿਵਲ ਠੇਕੇਦਾਰ ਤੇ ਲੁਟਾਇਨ ਦੀ ਦਿੱਲੀ ਦੇ ਬਿਲਡਰ ਸਰ ਸੋਭਾ ਸਿੰਘ ਦੇ ਪੁੱਤਰ ਖੁਸ਼ਵੰਤ ਸਿੰਘ ਨੇ ਆਪਣੇ ਪਿਤਾ ਵੱਲੋਂ ਸੁਜਾਨ ਸਿੰਘ ਪਾਰਕ ਵਿੱਚ ਬਣਾਏ ਘਰ ਵਿੱਚ ਹੀ ਸਾਰਾ ਜੀਵਨ ਬਿਤਾਇਆ ਤੇ ਇੱਥੇ ਹੀ ਆਖ਼ਰੀ ਸਾਹ ਲਿਆ।
ਉਹ ਆਪਣੇ ਆਪ ਨੂੰ ਡਰਟੀ ਓਲਡਮੈਨ ਕਹਿ ਕੇ ਸੰਬੋਧਨ ਕਰਿਆ ਕਰਦੇ ਸਨ। ਰਾਹੁਲ ਅਨੁਸਾਰ ‘‘ਉਨ੍ਹਾਂ ਨੇ ਭਰਪੂਰ ਜੀਵਨ ਜੀਵਿਆ। ਉਨ੍ਹਾਂ ਨੂੰ ਸਾਹ ਲੈਣ ਬਾਬਤ ਕੁਝ ਦਿੱਕਤਾਂ ਸਨ ਪਰ ਮਾਨਸਿਕ ਤੌਰ ’ਤੇ ਉਹ ਅਖੀਰ ਤਕ ਸਚੇਤ ਸਨ। ਪੱਤਰਕਾਰ ਵਜੋਂ ਉਨ੍ਹਾਂ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ (1979-1980) ਦਾ ਸੰਪਾਦਨ ਕੀਤਾ। ਮਗਰੋਂ ਉਹ ਹਿੰਦੁਸਤਾਨ ਟਾਈਮਜ਼ ਦੇ (1980-83) ਸੰਪਾਦਕ ਰਹੇ। ਉਨ੍ਹਾਂ ਦਾ ਹਫ਼ਤਾਵਾਰੀ ਕਾਲਮ ‘‘ਨਾ ਕਾਹੂੰ ਸੇ ਦੋਸਤੀ’’ ਬਡ਼ਾ ਮਕਬੂਲ ਰਿਹਾ ਤੇ ਕਈ ਅਖ਼ਬਾਰਾਂ ਵਿੱਚ ਸਿੰਡੀਕੇਟਿਡ ਸੀ।
ਖੁਸ਼ਵੰਤ ਸਿੰਘ ਯੋਜਨਾ ਪੱਤਰਿਕਾ ਦੇ ਬਾਨੀ-ਸੰਪਾਦਕ (1951-53) ਵੀ ਸਨ। ਵਿਲੱਖਣ ਨਾਵਲਕਾਰ, ਬੇਬਾਕ ਸਿਆਸੀ ਟਿੱਪਣੀਕਾਰ ਖੁਸ਼ਵੰਤ ਸਿੰਘ ਨੂੰ ਮਰਹੂਮ ਇੰਦਰਾ ਗਾਂਧੀ ਦੀ ਸਰਕਾਰ ਨੇ ਰਾਜ ਸਭਾ ਲਈ ਨਾਮਜ਼ਦ ਕੀਤਾ ਤੇ ਉਹ 1980 ਤੋਂ 86 ਤੱਕ ਸੰਸਦ ਮੈਂਬਰ ਰਹੇ। 1915 ਵਿੱਚ ਹਡਾਲੀ (ਹੁਣ ਪਾਕਿਸਤਾਨ) ਵਿੱਚ ਜਨਮੇ ਖੁਸ਼ਵੰਤ ਸਿੰਘ ਨੇ ਮਾਡਰਨ ਸਕੂਲ ਦਿੱਲੀ ਤੋਂ ਅਤੇ ਮਗਰੋਂ ਸੇਂਟ ਸਟੀਫਨ’ਜ਼ ਕਾਲਜ ਤੋਂ ਪਡ਼੍ਹਾਈ ਕੀਤੀ। ਗੌਰਮਿੰਟ ਕਾਲਜ ਲਾਹੌਰ ਵਿੱਚ ਪਡ਼੍ਹਾਈ ਮਗਰੋਂ ਉਹ ਕਿੰਗਜ਼ ਕਾਲਜ ਕੈਂਬਰਿਜ ਯੂਨੀਵਰਸਿਟੀ ਗਏ।
1947 ਵਿੱਚ ਵਿਦੇਸ਼ ਮੰਤਰਾਲੇ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਲਾਹੌਰ ਹਾਈ ਕੋਰਟ ਵਿੱਚ ਕਈ ਸਾਲ ਪ੍ਰੈਕਟਿਸ ਕੀਤੀ। 1939 ਵਿੱਚ ਕਵਲ ਮਲਿਕ ਨਾਲ ਉਨ੍ਹਾਂ ਦਾ ਵਿਆਹ ਹੋਇਆ ਤੇ ਪੁੱਤਰ ਰਾਹੁਲ ਤੇ ਧੀ ਮਾਲਾ ਉਨ੍ਹਾਂ ਦੇ ਦੋ ਬੱਚੇ ਸਨ। ਕਵਲ ਦੀ 2002 ’ਚ ਮੌਤ ਹੋ ਗਈ ਸੀ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ‘ਵਰੋਸਾਏ ਹੋਏ ਲੇਖਕ, ਬੇਬਾਕ ਟਿੱਪਣੀਕਾਰ ਤੇ ਆਪਣਾ ਸੱਚਾ ਮਿੱਤਰ ਕਿਹਾ, ਜਿਸ ਨੇ ਅਸਲੋਂ ਸਿਰਜਣਾਤਮਕ ਜੀਵਨ ਜੀਵਿਆ।’ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਸ੍ਰੀਮਤੀ ਸੋਨੀਆ ਗਾਂਧੀ ਉਨ੍ਹਾਂ ਦੇ ਚਲਾਣੇ ’ਤੇ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਵੀ ਗਏ।
ਭਾਜਪਾ ਦੇ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ। ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੇ ਉਨ੍ਹਾਂ ਨਾਲ ਟੈਨਿਸ ਖੇਡਣ ਦੇ ਦਿਨ ਚੇਤੇ ਕੀਤੇ। ਬੇਦੀ ਅਨੁਸਾਰ ਉਹ ਦਿਲ ਖੋਲ੍ਹ ਕੇ ਹੱਸਦੇ ਸਨ ਤੇ ਖੁਸ਼ੀ ਲਈ ਖੇਡਦੇ ਸਨ।
Courtesy Photo 
ਪ੍ਰਸਿੱਧ ਪੱਤਰਕਾਰ ਮਾਰਕ ਟੱਲੀ ਅਨੁਸਾਰ ਖੁਸ਼ਵੰਤ ਸਿੰਘ ’ਚ ਹਾਸੇ-ਠੱਠੇ ਦੀ ਕਮਾਲ ਦੀ ਸਮਰੱਥਾ ਸੀ। ਉਹ ਕਦੇ ਗੱਲ ਛੁਪਾਉਂਦੇ ਨਹੀਂ ਸੀ ਤੇ ਦਲੇਰੀ ਨਾਲ ਕਹਿ ਦਿੰਦਾ ਸੀ।
ਐਮ.ਜੇ. ਅਕਬਰ ਨੇ ਸਿਰ ’ਤੇ ਹੱਥ ਰੱਖਣ ਤੇ ਮੌਕੇ ਪ੍ਰਦਾਨ ਕਰਨ ਲਈ ਖੁਸ਼ਵੰਤ ਸਿੰਘ ਦਾ ਧੰਨਵਾਦ ਕੀਤਾ ਹੈ। ਬਾਲੀਵੁੱਡ ਤੋਂ ਸ਼ਾਹਰੁਖ ਖਾਨ, ਸ਼ੇਖਰ ਕਪੂਰ, ਪੂਜਾ ਭੱਟ, ਮਧੁਰ ਭੰਡਾਰਕਰ, ਸੰਧਿਆ ਮ੍ਰਿਦੁਲ, ਟ੍ਰੇਨ ਟੂ ਪਾਕਿਸਤਾਨ ਦੀ ਅਦਾਕਾਰਾ ਦਿਵਿਆ ਦੱਤਾ, ਮਿੰਨੀ ਮਾਥੁਰ, ਅਦਾਕਾਰ ਕਾਮੇਡੀਅਨ ਵੀਰ ਦਾਸ, ਸੋਫੀ ਚੌਧਰੀ ਤੇ ਹੋਰਾਂ ਨੇ ਇਸ ਲੇਖਕ ਪੱਤਰਕਾਰ ਨੂੰ ਸੋਸ਼ਲ ਨੈੱਟਵਰਕਿੰਗ ਸਾਈਟਸ ’ਤੇ ਸ਼ਰਧਾਂਜਲੀ ਭੇਟ ਕੀਤੀ ਹੈ।
ਚੰਡੀਗੜ੍ਹ ਤੋਂ ਟ੍ਰਿਬਿਊਨ ਨਿਊਜ਼ ਸਰਵਿਸ ਨੇ ਦੱਸਿਆ ਹੈ, "ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉੱਘੇ ਪੱਤਰਕਾਰ, ਇਤਿਹਾਸਕਾਰ, ਨਾਵਲਕਾਰ, ਕਾਲਮ ਨਵੀਸ ਅਤੇ ਸਾਹਿਤਕਾਰ ਖੁਸ਼ਵੰਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਗ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਖੁਸ਼ਵੰਤ ਸਿੰਘ ਇਕ ਮਹਾਨ ਬੁੱਧੀਜੀਵੀ, ਪੱਤਰਕਾਰ ਅਤੇ ਲੇਖਕ ਸਨ। ਉਨ੍ਹਾਂ ਕਿਹਾ ਕਿ ਖੁਸ਼ਵੰਤ ਸਿੰਘ ਨੂੰ ਉਨ੍ਹਾਂ ਦੀ ‘ਹਿਸਟਰੀ ਆਫ਼ ਸਿੱਖਸ‘ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ ਜੋ ਸਿੱਖਾਂ ਦੇ ਇਤਿਹਾਸ ਦੇ ਅਧਿਐਨ ਲਈ ਸਭ ਤੋਂ ਵਧੀਆ ਹਵਾਲਾ ਪੁਸਤਕ ਹੈ। ਉਨ੍ਹਾਂ ਖੁਸ਼ਵੰਤ ਸਿੰਘ ਦੀ ਯਾਦਗਾਰੀ ਰਚਨਾ ‘ਟਰੇਨ ਟੂ ਪਾਕਿਸਤਾਨ’ ਦਾ ਜ਼ਿਕਰ ਵੀ ਕੀਤਾ। ਇਸ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਖੁਸ਼ਵੰਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ।"
Courtesy Photo 
ਰੋਜ਼ਾਨਾ ਜਗ ਬਾਣੀ ਨੇ ਇਸ ਸਦੀਵੀ ਵਿਛੋੜੇ ਦੀ ਖਬਰ ਨੂੰ ਬਹੁਤ ਹੀ ਜਜ਼ਬਾਤੀ ਅੰਦਾਜ਼ ਨਾਲ ਪ੍ਰਕਾਸ਼ਿਤ ਕੀਤਾ ਹੈ। ਅਖਬਾਰ ਲਿਖਦਾ ਹੈ, "ਮਹਾਭਾਰਤ ਵਿਚ ਇਕ ਧਾਰਾ ਹੈ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਚਮਤਕਾਰ ਇਹ ਹੈ ਕਿ ਜਦੋਂ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਮੌਤ ਜ਼ਰੂਰ ਆਉਣੀ ਹੈ, ਇਸ ਗੱਲ ਵਿਚ ਕੋਈ ਵਿਸ਼ਵਾਸ ਨਹੀਂ ਕਰਦਾ ਕਿ ਉਹ ਵੀ ਇਕ ਦਿਨ ਮਰ ਜਾਵੇਗਾ। ਅਸੀਂ ਇਨਸਾਨ ਮੌਤ ਤੇ ਮਰਨ ਨੂੰ ਲੈ ਕੇ ਮੋਹ ਵਿਚ ਲਿਪਟੇ ਰਹੇ ਹਾਂ। ਮੈਂ ਪਹਿਲਾਂ ਕੋਸ਼ਿਸ਼ ਕੀਤੀ ਕਿ ਇਸ ਨੂੰ ਲੈ ਕੇ ਸਹਿਜ ਹੋ ਜਾਵਾਂ ਪਰ ਮੈਂ ਖੁਦ ਨੂੰ ਉਂਝ  ਹੀ ਪਾਇਆ ਜਿਵੇਂ ਧੰਮਪਦ ਵਿਚ ਕਿਹਾ ਗਿਆ ਹੈ, ਜਿਵੇਂ ਜ਼ਮੀਨ 'ਤੇ ਸੁੱਟੀ ਗਈ ਕੋਈ ਮੱਛੀ, ਟਪ-ਟਪ ਕੇ ਖੁਦ ਨੂੰ ਮੌਤ ਦੀ ਸ਼ਕਤੀ ਤੋਂ ਆਜ਼ਾਦ ਕਰਨ ਦੀ ਕੋਸ਼ਿਸ਼ ਕਰਦੀ ਹੈ ਇਕ ਵਾਰ ਮੈਂ ਮੁੰਬਈ ਵਿਚ ਆਚਾਰੀਆ ਰਜਨੀਸ਼ ਨੂੰ ਮਿਲਿਆ। ਮੈਂ ਉਨ੍ਹਾਂ ਨਾਲ ਆਪਣੇ ਡਰ ਦੇ ਬਾਰੇ ਗੱਲ ਕੀਤੀ ਤੇ ਉਨ੍ਹਾਂ ਨੂੰ ਇਹ ਪੁੱਛਿਆ ਕਿ ਇਸ ਤੋਂ ਕਿਵੇਂ ਪਾਰ ਪਾਇਆ ਜਾਵੇ। ਉਨ੍ਹਾਂ ਨੇ ਮੈਨੂੰ ਦਸਿਆ ਕਿ ਮੌਤ ਦੇ ਡਰ ਤੋਂ ਪਾਰ ਪਾਉਣ ਦਾ ਸਿਰਫ ਇਕੋ ਤਰੀਕਾ ਇਹ ਹੈ ਕਿ ਅਸੀਂ ਮਰਦੇ ਹੋਏ ਨੂੰ ਦੇਖੀਏ, ਮੌਤ ਨੂੰ ਦੇਖੀਏ। ਮੈਂ ਇਹ ਬਹੁਤ ਦਿਨਾਂ ਤੋਂ ਕਰਦਾ ਰਿਹਾ ਹਾਂ। ਮੈਂ ਸ਼ਾਇਦ ਹੀ ਕਿਸੇ  ਦੇ ਵਿਆਹ ਵਿਚ ਜਾਂਦਾ ਹਾਂ ਪਰ ਅੰਤਿਮ ਸੰਸਕਾਰ ਵਿਚ ਜ਼ਰੂਰ ਜਾਂਦਾ ਹਾਂ। ਮੈਂ ਮ੍ਰਿਤਕ ਵਿਅਕਤੀ ਦੇ ਰਿਸ਼ਤੇਦਾਰ ਨਾਲ ਬੈਠਦਾ ਹਾਂ ਤੇ ਅਕਸਰ ਨਿਗਮ ਬੋਧ ਘਾਟ ਕੇ ਸ਼ਮਸ਼ਾਨਘਾਟ ਵੀ ਜਾਂਦਾ ਹਾਂ ਤੇ ਉਥੇ ਚਿਤਾ ਨੂੰ ਅੱਗ ਲੱਗਦੇ ਹੋਏ ਤੇ ਸਰੀਰ ਨੂੰ ਬਲਦੇ ਹੋਏ ਦੇਖਦਾ ਹਾਂ। ਮੈਨੂੰ ਟੈਨੀਸਨ ਦੀਆਂ ਇਨ੍ਹਾਂ ਪੰਕਤੀਆਂ ਨਾਲ ਬੜਾ ਸਕੂਨ ਮਿਲਦਾ ਹੈ:
Courtesy Photo 
ਸੂਰਯ ਅਸਤ ਤੇ ਸ਼ਾਮ ਦਾ ਤਾਰਾ,
ਤੇ ਮੇਰੇ ਲਈ ਇਕ ਆਖਰੀ ਸਾਫ ਆਵਾਜ਼!
ਤੇ ਸ਼ਾਇਦ ਸ਼ਰਾਬਘਰ ਦਾ ਚੀਕ-ਚਿਹਾਡ਼ਾ ਵੀ ਨਹੀਂ,
ਜਦੋਂ ਮੈਂ ਸਮੁੰਦਰ ਦੀ ਯਾਤਰਾ 'ਤੇ ਨਿਕਲ ਜਾਵਾਂਗਾ,
ਗੌਧੁਲੀ ਤੇ ਸ਼ਾਮ ਦਾ ਘੰਟਾ,
ਤੇ ਉਸ ਤੋਂ ਬਾਅਦ ਸਭ ਅੰਧਕਾਰ! 
ਤੇ ਹੋ ਸਕਦਾ ਹੈ ਨਾ ਕੋਈ ਉਦਾਸੀ ਹੋਵੇ ਨਾ ਵਿਦਾਈ,
ਜਦੋਂ ਮੈਂ ਨਿਕਲਾਂ...
ਜਿਥੋਂ ਤਕ ਮੇਰਾ ਸੰਬੰਧ ਹੈ ਤਾਂ ਮੌਤ ਆਖਰੀ ਫੁਲਸਟਾਪ ਹੈ। ਇਸ ਤੋਂ ਅੱਗੇ ਕੁਝ ਵੀ ਨਹੀਂ। ਮੈਂ ਇਸ ਗੱਲ ਨੂੰ ਕਾਫੀ ਪਹਿਲਾਂ ਹੀ ਸਮਝ ਲਿਆ ਸੀ ਕਿ ਮੇਰੇ ਕੋਲ ਜਿਊਣ ਲਈ ਸਿਰਫ ਜੀਵਨ ਹੈ। ਇਹ ਨਹੀਂ ਜਾਣਦਾ ਸੀ ਕਿ ਇਸ ਦਾ ਅੰਤ ਕਦੋਂ ਹੋਣ ਵਾਲਾ ਹੈ। ਇਸ ਲਈ ਮੈਂ ਇਹ ਫੈਸਲਾ ਕੀਤਾ ਹੈ ਕਿ ਇਸ ਜੀਵਨ ਤੋਂ ਜਿੰਨਾ ਲੈ ਸਕਦਾ ਹਾਂ ਓਨਾ ਲੈ ਲਵਾਂ। ਮੈਂ ਆਪਣੇ ਜੀਵਨ ਨੂੰ ਭਰਪੂਰ ਮਾਣਿਆ ਹੈ। ਮੈਂ ਦੁਨੀਆ ਘੁੰਮੀ ਹੈ, ਆਪਣੀਆਂ ਇੰਦਰੀਆਂ ਦਾ ਆਨੰਦ ਲਿਆ ਹੈ। ਕੁਦਰਤ ਦੀ ਸੁੰਦਰਤਾ ਦਾ ਵੀ ਆਨੰਦ ਲਿਆ ਹੈ ਤੇ ਉਸ ਸਭ ਦਾ ਜੋ ਉਸ ਕੋਲ ਦੇਣ ਲਈ ਸੀ। ਮੈਂ ਸਭ ਤੋਂ ਉਤਮ ਭੋਜਨ ਦਾ ਸਵਾਦ ਲਿਆ ਹੈ। ਬੇਹਤਰੀਨ ਸੰਗੀਤ ਸੁਣਿਆ ਹੈ ਤੇ ਬੇਹਤਰੀਨ ਔਰਤਾਂ ਨਾਲ ਸੰਭੋਗ ਕੀਤਾ ਹੈ। ਮੇਰੇ ਸਾਰੇ ਹਾਣ ਦੇ ਚਾਹੇ ਇਥੇ, ਪਾਕਿਸਤਾਨ ਵਿਚ ਜਾਂ ਇੰਗਲੈਂਡ ਵਿਚ, ਜਾ ਚੁੱਕੇ ਹਨ, ਮੈਨੂੰ ਪਤਾ ਨਹੀਂ ਕਿ ਮੇਰਾ ਸਮਾਂ ਕਦੋਂ ਆਵੇਗਾ ਪਰ ਹੁਣ ਮੈਂ ਮੌਤ ਤੋਂ ਹੋਰ ਨਹੀਂ ਡਰਦਾ। ਮੈਂ ਆਪਣੀ ਮੌਤ ਦਾ ਲੇਖ 1943 ਵਿਚ ਹੀ ਲਿਖ ਲਿਆ ਸੀ ਜਦੋਂ ਮੈਂ 20 ਸਾਲ ਦੀ ਉਮਰ ਨੂੰ ਪਾਰ ਕੀਤਾ ਸੀ। ਉਹ ਬਾਅਦ ਵਿਚ ਮੇਰੀਆਂ ਕਹਾਣੀਆਂ 'ਚ ਪ੍ਰਕਾਸ਼ਿਤ ਹੋਇਆ। ਇਸ ਲੇਖ ਵਿਚ ਮੈਂ ਇਹ ਕਲਪਨਾ ਕੀਤੀ ਹੈ ਕਿ ਟ੍ਰਿਬਿਊਨ ਮੇਰੀ ਮੌਤ ਦਾ ਐਲਾਨ ਪਹਿਲੇ ਪੰਨੇ 'ਤੇ ਇਕ ਛੋਟੀ ਤਸਵੀਰ ਨਾਲ ਕਰ ਰਿਹਾ ਹੈ। ਉਸ ਦਾ ਹੈਡਿੰਗ ਇਸ ਤਰ੍ਹਾਂ ਪੜ੍ਹਿਆ ਜਾ ਸਕਦਾ ਸੀ-'ਸਾਨੂੰ ਸਰਦਾਰ ਖੁਸ਼ਵੰਤ ਸਿੰਘ ਦੀ ਅਚਾਨਕ ਮੌਤ ਦੇ ਬਾਰੇ 'ਚ ਦੱਸਦੇ ਹੋਏ ਦੁੱਖ ਹੋ ਰਿਹਾ ਹੈ। ਕਲ ਸ਼ਾਮ 6 ਵਜੇ ਉਨ੍ਹਾਂ ਦੀ ਮੌਤ ਹੋ ਗਈ। ਆਪਣੇ ਪਿੱਛੇ ਉਹ...।
ਮੈਨੂੰ ਮੌਤ ਦਾ ਸਾਹਮਣਾ ਉਦੋਂ ਕਰਨਾ ਪਿਆ ਜਦੋਂ ਮੇਰੀ ਪਤਨੀ ਦਾ ਦਿਹਾਂਤ ਹੋਇਆ। ਜਦੋਂ ਮੇਰਾ ਸਮਾਂ ਆਵੇ ਤਾਂ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣਾ ਮਜ਼ਾਕ ਉਡਵਾਵਾਂ। ਮੈਂ ਕਿਸੇ ਉਪਰ ਬੋਝ ਨਹੀਂ ਬਣਨਾ ਚਾਹੁੰਦਾ। ਮੈਂ ਮਦਦ ਲਈ ਰੋਣਾ ਨਹੀਂ ਚਾਹੁੰਦਾ ਜਾਂ ਈਸ਼ਵਰ ਤੋਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਉਹ ਮੇਰੇ ਪਾਪਾਂ ਲਈ ਮੈਨੂੰ ਮੁਆਫ ਕਰ ਦੇਵੇ। ਮੈਂ ਉਸੇ ਤਰ੍ਹਾਂ ਜਿਊਣਾ ਚਾਹੁੰਦਾ ਹਾਂ ਜਿਸ ਤਰ੍ਹਾਂ ਮੇਰੇ ਪਿਤਾ ਗਏ ਸਨ। ਉਨ੍ਹਾਂ ਦੀ ਮੌਤ ਸ਼ਾਮ ਨੂੰ ਸਕਾਚ ਪੀਣ ਦੇ ਕੁਝ ਮਿੰਟਾਂ ਬਾਅਦ ਹੀ ਹੋ ਗਈ ਸੀ।

No comments: