Saturday, March 15, 2014

ਅਮਰੀਕਾ 'ਚ ਟੈਨੇਸੀ ਸੂਬੇ ਦੇ ਗੁਰਦੁਆਰਾ ਸਾਹਿਬ ਨੂੰ ਅੱਗ ਲੱਗਣ ਦਾ ਮਾਮਲਾ

Sat, Mar 15, 2014 at 6:46 PM
ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੀਤੀ ਡੂੰਘਾਈ ਨਾਲ ਜਾਂਚ ਦੀ ਮੰਗ  
Photo Courtesy: Sikh24
ਅੰਮ੍ਰਿਤਸਰ: 15 ਮਾਰਚ 2014: (ਕਿੰਗ//ਕੁਲਵਿੰਦਰ ਸਿੰਘ ਰਾਮਦਾਸ//ਪੰਜਾਬ ਸਕਰੀਨ):
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਸੂਬੇ ਟੈਨੇਸੀ ਵਿਚ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਅਗਜਨੀ ਦੀ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਪ੍ਰਬੰਧਕਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। 
ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਨੋਟ 'ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰੂ-ਘਰਾਂ 'ਚ ਅਗਜ਼ਨੀ ਦੀਆਂ ਘਟਨਾ ਵਾਪਰਨ ਨੂੰ ਪ੍ਰਬੰਧਕ ਗੰਭੀਰਤਾ ਨਾਲ ਲੈਣ। ਟੈਨੇਸੀ ਸੂਬੇ ਦੇ ਗੁਰਦੁਆਰਾ ਸਾਹਿਬ 'ਚ ਅੱਧੀ ਰਾਤ ਵੇਲੇ ਵਾਪਰੀ ਅਗਜਨੀ ਦੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲੀਅਤ ਦਾ ਪਤਾ ਲੱਗ ਸਕੇ ਕਿ ਇਸ ਘਟਨਾ ਪਿੱਛੇ ਕਿਸੇ ਸ਼ਰਾਰਤੀ ਦਿਮਾਗ ਦੀ ਕਾਢ ਤਾਂ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਘਟਨਾ ਸ਼ਾਰਟ ਸਰਕਟ ਜਾਂ ਕਿਸੇ ਹੋਰ ਵਜ੍ਹਾ ਕਰਕੇ ਵਾਪਰੀ ਹੈ ਤਾਂ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਘਰਾਂ 'ਚ ਸਮਾਪਤੀ ਉਪਰੰਤ ਸੁਖ-ਆਸਣ ਅਸਥਾਨ ਤੇ ਮੇਨ ਦਰਬਾਰ ਦੀਆਂ ਲਾਈਟਾਂ, ਪੱਖੇ ਆਦਿ ਬੰਦ ਕਰ ਦੇਣ ਅਤੇ ਜੇਕਰ ਕੋਈ ਵਾਇਰਿੰਗ ਆਦਿ ਖਰਾਬ ਹੋਵੇ ਤਾਂ ਉਸ ਨੂੰ ਤੁਰੰਤ ਬਦਲਣ। ਉਨ੍ਹਾਂ ਕਿਹਾ ਕਿ ਇਸ ਹਿਰਦੇ-ਵੇਧਕ ਘਟਨਾ ਬਾਰੇ ਪ੍ਰਬੰਧਕਾਂ ਨੂੰ ਹੋਰ ਜ਼ਿਆਦਾ ਸੁਚੇਤ ਹੁੰਦਿਆਂ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।

No comments: