Monday, March 10, 2014

ਸਮੂਹ ਪੰਜਾਬੀ ਮਾਤ ਭਾਸ਼ਾ ਵਿਰੋਧੀ ਪਹੁੰਚ ਰੱਖਣ ਵਾਲੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ

ਪੰਜਾਬੀ ਸਾਹਿਤ ਅਕਾਡਮੀ ਵੱਲੋਂ ਭਾਸ਼ਾ ਤੇ ਸਭਿਆਚਾਰ ਸੰਬੰਧੀ ਪੁਰਜ਼ੋਰ ਅਪੀਲ
ਲੁਧਿਆਣਾ : 09 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ 09 ਫਰਵਰੀ ਨੂੰ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਵਿਚ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਜਿਸ ਵਿਚ ਹੇਠ ਲਿਖੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ :
• ਭਾਰਤ ਦੀਆਂ ਸਾਰੀਆਂ ਕੌਮੀ ਅਤੇ ਖੇਤਰੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਇਹ ਯਕੀਨੀ ਬਣਾਉਣ ਕਿ ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਸੰਵਿਧਾਨਕ ਦਰਜਾ ਦਿੱਤਾ ਜਾਵੇਗਾ। ਪੰਜਾਬੀ ਨੂੰ ਪਹਿਲੀ ਅਤੇ ਰਾਜ ਭਾਸ਼ਾ ਹੋਣ ਦੇ ਨਾਤੇ ਪ੍ਰਸ਼ਾਸਨ ਦਾ ਸਾਰਾ ਕੰਮ ਕਾਜ ਪੰਜਾਬੀ ਵਿਚ ਹੋਵੇ ਅਤੇ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਮਾਧਿਅਮ ਦੇ ਤੌਰ 'ਤੇ ਅਪਣਾਇਆ ਜਾਵੇ।
• ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਬਾਰੇ ਠੋਸ ਅਤੇ ਹਕੀਕੀ ਨੀਤੀ ਬਣਾਈ ਜਾਵੇ। ਪੰਜਾਬ ਦੇ ਉੱਘੇ ਭਾਸ਼ਾ ਵਿਗਿਆਨੀਆਂ, ਸਿੱਖਿਆ ਮਾਹਿਰ ਅਤੇ ਸਭਿਆਚਾਰਕ ਕਰਮੀਆਂ 'ਤੇ ਅਧਾਰਿਤ ਉੱਚ ਪੱਧਰੀ ਕਮੇਟੀ ਦੀ ਅਗਵਾਈ ਵਿਚ ਭਾਸ਼ਾ ਤੇ ਸਭਿਆਚਾਰ ਸੰਬੰਧੀ ਨੀਤੀ ਨੂੰ ਅਮਲੀ ਰੂਪ ਦਿੱਤਾ ਜਾਵੇ।
• ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ/ਪਾਸਾਰ ਲਈ ਕੰਮ ਕਰ ਰਹੇ ਅਦਾਰਿਆਂ ਅਤੇ ਸੰਸਥਾਵਾਂ ਨੂੰ ਬਕਾਇਦਾ ਯੋਜਨਬੱਧ ਤਰੀਕੇ ਨਾਲ ਸਾਲਾਨਾ ਬਜਟ ਮੁਹੱਈਆ ਕੀਤੇ ਜਾਣ। ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਭਾਸ਼ਾ ਅਕਾਡਮੀ ਜਲੰਧਰ, ਪੰਜਾਬ ਜਾਗ੍ਰਤੀ ਮੰਚ ਆਦਿ ਹੋਰ ਸੰਬੰਧਿਤ ਸੰਸਥਾਵਾਂ ਨੂੰ ਨਿਯਮਿਤ ਰੂਪ ਵਿਚ (ਨਾਨ ਪਲੈਨ) ਬਜਟ ਦਿੱਤਾ ਜਾਵੇ।
• ਪੰਜਾਬ ਸਰਕਾਰ ਦੇ ਸਾਲ 2011-2012 ਦੇ ਬਜਟ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਦੋ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਬਜਟ ਵਿੱਚ ਐਲਾਨ  ਕੀਤਾ ਗਿਆ ਸੀ ਜਿਸ ਦੀ ਅਜੇ ਤੱਕ ਅਦਾਇਗੀ ਨਹੀਂ ਹੋਈ। ਇਸਦੀ ਅਦਾਇਗੀ ਯਕੀਨੀ ਬਣਾਏ ਜਾਵੇ।
       ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਉਪਰੋਕਤ ਮਤਿਆਂ ਦੀ ਤਾਮੀਲ ਕਰਨ ਲਈ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਮਤਿਆਂ 'ਤੇ ਜੇਕਰ ਅਮਲ ਨਹੀਂ ਹੁੰਦਾ ਤਾਂ ਸਮੂਹ ਪੰਜਾਬੀ ਅਜਿਹੀਆਂ ਮਾਤ ਭਾਸ਼ਾ ਵਿਰੋਧੀ ਪਹੁੰਚ ਰੱਖਣ ਵਾਲੀਆਂ ਰਾਜਨੀਤਕ ਪਾਰਟੀਆਂ ਨੂੰ ਮੂੰਹ ਨਾ ਲਾਉਣ। ਮੀਟਿੰਗ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ, ਮੀਤ ਪ੍ਰਧਾਨ ਡਾ. ਗੁਰਇਕਬਾਲ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਡਾ. ਸੁਰਜੀਤ ਸਿੰਘ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਰਿੰਦਰ ਕੈਲੇ ਅਤੇ ਸ੍ਰੀ ਜਸਵੰਤ ਜ਼ਫ਼ਰ, ਡਾ. ਸਵਰਨਜੀਤ ਕੌਰ ਗਰੇਵਾਲ, ਸੀ. ਮਾਰਕੰਡਾ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਸੁਦਰਸ਼ਨ ਗਾਸੋ, ਸੂਫ਼ੀ ਅਮਰਜੀਤ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਤਰਸੇਮ, ਖੁਸ਼ਵੰਤ ਬਰਗਾੜੀ ਹਾਜ਼ਰ ਸਨ।

No comments: