Friday, March 14, 2014

ਵੈਟਨਰੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਇਆ 16ਵਾਂ ਪਸ਼ੂ ਪਾਲਣ ਮੇਲਾ

Fri, Mar 14, 2014 at 4:54 PM
ਡਾ. ਗੁਰਚਰਨ ਸਿੰਘ ਕਾਲਕਟ ਨੇ ਕੀਤਾ ਮੇਲੇ ਦਾ ਉਦਘਾਟਨ
ਲੁਧਿਆਣਾ: 14 ਮਾਰਚ  2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਅੱਜ 14 ਮਾਰਚ ਨੂੰ ਲੁਧਿਆਣਾ ਵਿਖੇ ਯੂਨੀਵਰਸਿਟੀ ਦੇ ਕੈਂਪਸ ਵਿੱਚ ਸ਼ੁਰੂ ਹੋਇਆ। ਡਾ. ਗੁਰਚਰਨ ਸਿੰਘ ਕਾਲਕਟ, ਚੇਅਰਮੈਨ, ਪੰਜਾਬ ਰਾਜ ਕਿਸਾਨ ਕਮਿਸ਼ਨ ਨੇ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ  ਨੇ ਕਿਹਾ ਕਿ ਪਸ਼ੂ ਪਾਲਕ ਕਿੱਤੇ ਹੁਣ ਖੇਤੀ ਅਰਥਚਾਰੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ।  ਬਹੁਤ ਸਾਰੇ ਕਿਸਾਨ ਹੁਣ ਡੇਅਰੀ, ਪੋਲਟਰੀ ਤੇ ਮੱਛੀ ਪਾਲਣ ਕਿੱਤਿਆਂ ਨੂੰ ਹੁਣ ਪੂਰਨ ਕਿੱਤਿਆਂ ਦੇ ਤੌਰ ਤੇ ਆਪਣਾ ਚੁੱਕੇ ਹਨ। ਇਹ ਕਿੱਤੇ ਜਿੱਥੇ ਰਿਵਾਇਤੀ ਖੇਤੀਬਾੜੀ ਦਾ ਬਦਲ ਹਨ ਉੱਥੇ ਇਹ ਖੇਤੀਬਾੜੀ ਤੇ ਵੱਧਦੇ ਭਾਰ ਨੂੰ ਘਟਾਉਣ ਦਾ ਵੀ ਸਬੱਬ ਬਣਦੇ ਹਨ। ਉਨ੍ਹਾਂ  ਕਿਹਾ ਕਿ ਯੂਨੀਵਰਸਿਟੀ ਪਸ਼ੂਧਨ ਕਿੱਤਿਆਂ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ। ਡਾ. ਬਲਦੇਵ ਸਿੰਘ ਢਿੱਲੋਂ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਡਾ. ਵਿਜੇ ਕੁਮਾਰ ਤਨੇਜਾ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਖੇਤੀ ਵਿਭਿੰਨਤਾ ਲਿਆਉਣ ਲਈ ਪਸ਼ੂ ਪਾਲਣ ਕਿੱਤੇ ਸਾਡੇ ਕੋਲ ਸਭ ਤੋਂ ਵਧੀਆ ਰਾਹ ਹਨ। ਡੇਅਰੀ, ਪੋਲਟਰੀ ਅਤੇ ਮੱਛੀ ਪਾਲਣ ਕਿੱਤਿਆਂ ਵਿੱਚ ਵੱਡੀਆਂ ਸੰਭਾਵਨਾਵਾਂ ਲੁਕੀਆਂ ਹੋਈਆਂ ਹਨ। ਇਨ੍ਹਾਂ  ਵਿੱਚ ਹੋਰ ਮੁਹਾਰਤ ਹਾਸਿਲ ਕਰਨਾ ਇਸ ਵੇਲੇ ਵਕਤ ਦੀ ਜ਼ਰੂਰਤ ਹੈ। ਪਸ਼ੂ ਪਾਲਣ ਕਿੱਤਿਆਂ ਵਿੱਚ ਵੀ ਬਹੁਤ ਵਿਭਿੰਨਤਾ ਹੈ।ਉਤਪਾਦਾਂ ਦੀ ਗੁਣਵੱਤਾ ਵਧਾ ਕੇ ਸਿਹਤਮੰਦ ਉਤਪਾਦ ਤਿਆਰ ਕਰਕੇ ਪਸ਼ੂ ਪਾਲਕ ਆਪਣੇ ਮੁਨਾਫ਼ੇ ਨੂੰ ਕਾਫੀ ਬਿਹਤਰ ਕਰ ਸਕਦੇ ਹਨ।ਯੂਨੀਵਰਸਿਟੀ ਪਸ਼ੂ ਪਾਲਕਾਂ ਨੂੰ ਇਸ ਸਬੰਧੀ ਵਸਤਾਂ ਬਨਾਉਣ ਤੋਂ ਸੰਭਾਲਣ ਤਕ ਦੀਆਂ ਸਾਰੀਆਂ ਤਕਨੀਕਾਂ ਦੱਸਣ ਦੇ ਸਮਰੱਥ ਹੈ।
ਮਾਰਚ ਅਤੇ ਸਿਤੰਬਰ ਦੇ ਮਹੀਨੇ, ਸਾਲ ਵਿੱਚ ਦੋ ਵਾਰ ਲਗਾਇਆ ਜਾਂਦਾ ਇਹ ਮੇਲਾ ਪਸ਼ੂ ਪਾਲਕਾਂ, ਵਿਗਿਆਨੀਆਂ, ਪਸਾਰ ਕਰਮਚਾਰੀਆਂ, ਡੇਅਰੀ ਅਫਸਰਾਂ, ਪਸ਼ੂ ਆਹਾਰ ਅਧਿਕਾਰੀਆਂ, ਮੱਛੀ ਪਾਲਣ ਅਧਿਕਾਰੀਆਂ ਅਤੇ ਪਸ਼ੂ ਇਲਾਜ ਅਤੇ ਤਕਨੀਕੀ ਸੰਦਾਂ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਦਾ ਹੈ। ਇਸ ਮੰਚ ਤੇ ਜਿੱਥੇ ਨਵੀਆਂ ਸੂਚਨਾਵਾਂ, ਤਕਨੀਕਾਂ ਅਤੇ ਸਕੀਮਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉਥੇ ਆਪੋ ਆਪਣੇ ਤਜਰਬੇ ਵੀ ਵਿਚਾਰੇ ਜਾਂਦੇ ਹਨ।
ਮੇਲੇ ਸਬੰਧੀ ਦੱਸਦਿਆਂ ਡਾ. ਰਣਜੋਧਨ ਸਿੰਘ ਸਹੋਤਾ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਕਾਫੀ ਵੱਡੀ ਤਾਦਾਦ ਵਿੱਚ ਲੋਕ ਬੱਕਰੀ, ਸੂਰ ਤੇ ਮੱਛੀਆਂ ਪਾਲਣ ਦੇ ਧੰਦੇ ਅਪਨਾਉਣ ਦੇ ਖਾਹਿਸ਼ਮੰਦ ਦਿਸੇ। ਉਹ ਯੂਨੀਵਰਸਿਟੀ ਵੱਲੋਂ ਭਵਿੱਖ ਵਿੱਚ ਕਰਵਾਏ ਜਾ ਰਹੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਲੈਣ ਲਈ ਵਿਸ਼ੇਸ਼ ਰੁਝਾਨ ਰੱਖਦੇ ਸਨ। ਯੂਨੀਵਰਸਿਟੀ ਵੱਲੋਂ ਪਸ਼ੂ ਪਾਲਕਾਂ ਲਈ ਤਿਆਰ ਕੀਤੀਆਂ ਜਾਂਦੀਆਂ ਪ੍ਰਕਾਸ਼ਨਾਵਾਂ ਜਿਵੇਂ ਡੇਅਰੀ ਫਾਰਮਿੰਗ, ਪਸ਼ੂਆਂ ਦੀ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਮੱਸਿਆਵਾਂ ਅਤੇ ਮਹੀਨੇਵਾਰ ਰਸਾਲਾ ਵਿਗਿਆਨਕ ਪਸ਼ੂ ਪਾਲਣ ਵੀ ਪਸ਼ੂ ਪਾਲਕਾਂ ਅਤੇ ਨਵੇਂ ਸਿਖਾਂਦਰੂਆਂ ਨੇ ਬਹੁਤ ਪਸੰਦ ਕੀਤਾ। ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਪਰਚੇ ਵੀ ਵੰਡੇ ਗਏ।
ਯੂਨੀਵਰਸਿਟੀ ਦੇ ਵੈਟਨਰੀ ਕਾਲਜ ਦੇ ਵਿਭਿੰਨ ਵਿਭਾਗਾਂ ਨੇ ਪਸ਼ੂ ਪਾਲਕਾਂ ਦੇ ਫਾਇਦੇ ਹਿੱਤ ਪਸ਼ੂਆਂ ਨੂੰ ਹੋਣ ਵਾਲੇ ਰੋਗਾਂ ਅਤੇ ਮੁਸ਼ਕਿਲਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਵਿਭਾਗਾਂ ਨੇ ਆਪਣੇ ਵੱਖ-ਵੱਖ ਸਟਾਲ ਲਗਾ ਕੇ ਪਸ਼ੂਆਂ ਦੀ ਹਰ ਸਮੱਸਿਆ ਤੇ ਰੋਸ਼ਨੀ ਪਾਈ।ਲੇਵੇ ਦੀ ਸੋਜ ਤੋਂ ਬਚਾਉ ਕਿੱਟ, ਥਣਾਂ ਦੀ ਸੰਭਾਲ ਦੀ ਜਾਣਕਾਰੀ ਅਤੇ ਚਿੱਚੜਾਂ, ਮਲੱਪਾਂ ਤੋਂ ਬਚਾਅ ਵਾਸਤੇ ਵੀ ਪ੍ਰਦਰਸ਼ਨੀ ਲਾਈ ਗਈ ਸੀ ਜਿਸ ਦਾ ਪਸ਼ੂ ਪਾਲਕਾਂ ਨੇ ਕਾਫੀ ਫਾਇਦਾ ਪ੍ਰਾਪਤ ਕੀਤਾ।
ਯੂਨੀਵਰਸਿਟੀ ਦੇ ਫਿਸ਼ਰੀਜ ਕਾਲਜ ਨੇ ਜਿੱਥੇ ਕਾਰਪ ਮੱਛੀਆਂ ਅਤੇ ਸਜਾਵਟੀ ਮੱਛੀਆਂ ਦਾ ਪ੍ਰਦਰਸ਼ਨ ਕੀਤਾ, ਉਥੇ ਉਨਾਂ• ਨੇ ਖਾਰੇ ਪਾਣੀ ਵਿੱਚ ਮੱਛੀ ਪਾਲਣ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ। ਡਕਵੀਡ ਅਤੇ ਅਜ਼ੋਲਾ ਨੂੰ ਮੱਛੀ ਦੀ ਫੀਡ ਅਤੇ ਪਸ਼ੂ ਆਹਾਰ ਦੇ ਤੌਰ ਤੇ ਕਿਵੇਂ ਵਰਤਿਆ ਜਾ ਸਕਦਾ ਹੈ ਉਸ ਸਬੰਧੀ ਪਸ਼ੂ ਪਾਲਕਾਂ ਨੂੰ ਪੂਰਨ ਜਾਣਕਾਰੀ ਦਿੱਤੀ ਗਈ। ਬੱਤਖਾਂ ਨੂੰ ਮੱਛੀ ਪਾਲਣ ਨਾਲ ਜੋੜ ਕੇ ਕਿਸ ਤਰਾਂ ਪਾਲਿਆ ਜਾ ਸਕਦਾ ਹੈ ਇਸ ਸਬੰਧੀ ਵੀ ਮੱਛੀ ਪਾਲਕਾਂ ਨੂੰ ਜਾਗਰੂਕ ਕੀਤਾ ਗਿਆ।ਪਸ਼ੂ ਆਹਾਰ ਵਿਭਾਗ ਵੱਲੋਂ ਤਿਆਰ ਕੀਤੇ ਗਏ ਧਾਤਾਂ ਦੇ ਮਿਸ਼ਰਣ ਅਤੇ ਪਸ਼ੂ ਚਾਟ ਸਬੰਧੀ ਪਸ਼ੂ ਪਾਲਕ ਵਿਸ਼ੇਸ਼ ਖਿੱਚ ਰੱਖਦੇ ਸਨ। ਉਨਾਂ• ਵੱਡੀ ਮਾਤਰਾ ਵਿੱਚ ਇਨਾਂ• ਪਦਾਰਥਾਂ ਨੂੰ ਖਰੀਦਿਆ ਕਿਉਂਕਿ ਇਹ ਬਹੁਤ ਹੀ ਵਾਜਬ ਕੀਮਤ ਤੇ ਦਿੱਤੇ ਜਾ ਰਹੇ ਸਨ।
ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਪਾਇਲਟ ਡੇਅਰੀ ਪਲਾਂਟ ਵਿੱਚ ਤਿਆਰ ਕੀਤੀ ਭਿੰਨ-ਭਿੰਨ ਤਰਾਂ ਦੀ ਮਿੱਠੀ ਅਤੇ ਨਮਕੀਨ ਲੱਸੀ, ਦੁੱਧ, ਪਨੀਰ, ਢੋਡਾ ਬਰਫੀ, ਅਤੇ ਹੋਰ ਕਈ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੇਲੇ ਵਿੱਚ ਆਏ ਲੋਕਾਂ ਨੇ ਇਸ ਦਾ ਭਰਪੂਰ ਆਨੰਦ ਮਾਣਿਆ।ਪਸ਼ੂਧਨ ਉਤਪਾਦ ਵਿਭਾਗ ਵੱਲੋਂ ਤਿਆਰ ਕੀਤੇ ਗਏ ਉਤਪਾਦ ਜਿਵੇਂ ਮੀਟ ਦੀਆਂ ਪੈਟੀਆਂ, ਮੀਟ ਤੇ ਆਂਡਿਆਂ ਦਾ ਆਚਾਰ ਖਰੀਦਣ ਲਈ ਲੋਕਾਂ ਨੇ ਵਾਹਵਾ ਸ਼ੌਕ ਵਿਖਾਇਆ ਅਤੇ ਉਨ੍ਹਾਂ ਨੂੰ ਬਨਾਉੇਣ ਦੀਆਂ ਵਿਧੀਆਂ ਜਾਨਣ ਲਈ ਵੀ ਜਗਿਆਸਾ ਜ਼ਾਹਰ ਕੀਤੀ ਤਾਂ ਕਿ ਉਹ ਘਰ ਵੀ ਇਨ੍ਹਾਂ  ਵਸਤਾਂ ਨੂੰ ਤਿਆਰ ਕਰ ਸਕਣ। ਇਸ ਵਿਭਾਗ ਨੇ ਇਸ ਵਾਰ ਮੀਟ ਕਟਲੈਟ, ਮੀਟ ਸਮੋਸਾ, ਮੀਟ ਮੋਮੋਜ਼, ਮੀਟ ਦੇ ਬਿਸਕੁਟ ਅਤੇ ਆਂਡਿਆਂ ਦੇ ਜੈਮ ਵਰਗੀਆਂ ਵਸਤਾਂ ਪੇਸ਼ ਕੀਤੀਆਂ। ਮਾਹਿਰਾਂ ਨੇ ਇਹ ਵੀ ਦੱਸਿਆ ਕਿ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਯੂਨੀਵਰਸਿਟੀ ਨਾਲ ਰਾਬਤਾ ਰੱਖ ਕੇ ਸਿਖਲਾਈ ਵੀ ਲੈ ਸਕਦੇ ਹਨ।
ਆਪਣੇ ਨਿਵੇਕਲੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਯੂਨੀਵਰਸਿਟੀ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਨੇ ਮਿਹਦੇ ਲਈ ਮੁਫ਼ੀਦ ਵਿਸ਼ੇਸ਼ ਲੱਸੀ, ਮੌਜ਼ਰੇਲਾ ਪਨੀਰ ਅਤੇ ਯੋਗਰਟ ਪ੍ਰਦਰਸ਼ਿਤ ਕੀਤੇ।
ਪਸ਼ੂ ਪਾਲਕਾਂ ਦੀਆਂ ਜਗਿਆਸਾਵਾਂ ਦਾ ਜਵਾਬ ਦੇਣ ਲਈ ਇਕ ਪ੍ਰਸ਼ਨ-ਉੱਤਰ ਸੈਸ਼ਨ ਵੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਕੀਤਾ ਗਿਆ ਜਿਸ ਵਿੱਚ ਪਸ਼ੂ ਪਾਲਕਾਂ ਨੇ ਆਪਣੀ ਸਮੱਸਿਆਵਾਂ ਦੱਸੀਆਂ ਅਤੇ ਮਾਹਿਰਾਂ ਨੇ ਮੌਕੇ ਤੇ ਉਨ੍ਹਾਂ ਦੇ ਹੱਲ ਕਰਨ ਲਈ ਸੁਝਾਅ ਦਿੱਤੇ। ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗ, ਮਿਲਕਫੈਡ, ਦਵਾਈਆਂ, ਟੀਕਿਆਂ ਦੀਆਂ ਫਰਮਾਂ, ਨੈਸਲੇ ਅਤੇ ਦੁੱਧ ਪ੍ਰੋਸੈਸਿੰਗ ਮਸ਼ੀਨਰੀ ਵਾਲੀਆਂ ਕੰਪਨੀਆਂ ਨੇ ਆਪਣੇ ਸਟਾਲ ਲਗਾਏ ਹੋਏ ਸਨ। ਯੂਨੀਵਰਸਿਟੀ ਦੀ ਦੇਖ ਰੇਖ ਵਿੱਚ ਸਥਾਪਿਤ ਜਥੇਬੰਦੀਆਂ ਨੇ ਵੀ ਆਪਣੇ ਸਟਾਲ ਲਗਾ ਕੇ ਨਵੇਂ ਮੈਂਬਰਾਂ ਦੀ ਭਰਤੀ ਕੀਤੀ।ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ, ਅਧਿਕਾਰੀਆਂ, ਅਧਿਆਪਕ ਸਾਹਿਬਾਨ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੇ ਪੂਰੇ ਆਨੰਦ ਨਾਲ ਮੇਲੇ ਨੂੰ ਵੇਖਿਆ। ਗੁਆਂਢੀ ਸੂਬਿਆਂ ਦੇ ਪਸ਼ੂ ਪਾਲਕਾਂ ਨੇ ਵੀ ਮੇਲੇ ਵਿੱਚ ਭਰਵੀਂ ਹਾਜ਼ਰੀ ਲਗਵਾਈ, ਜਿਸ ਨਾਲ ਪਸ਼ੂ ਪਾਲਣ ਦੇ ਧੰਦਿਆਂ ਨੂੰ ਅਪਨਾਉਣ ਦੀ ਕਿਸਾਨਾਂ ਦੀ ਰੁਚੀ ਦਾ ਪਤਾ ਲਗਦਾ ਹੈ ਮੇਲਾ 15 ਮਾਰਚ ਨੂੰ ਵੀ ਜਾਰੀ ਰਹੇਗਾ।

No comments: