Tuesday, March 11, 2014

16-17 ਸਾਲ ਪਹਿਲਾਂ ਬੱਚੇ ਦੀ ਮੌਤ ਦਾ ਮਾਮਲਾ ਫਿਰ ਗਰਮਾਇਆ

ਬੱਚੇ ਦੇ ਪਿਤਾ ਨੇ ਲਿਆ ਸੀਨੀਅਰ BJP ਲੀਡਰ ਤੇ ਸਾਬਕਾ ਮੰਤਰੀ ਦਾ ਨਾਮ 
ਲੁਧਿਆਣਾ: 11 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬ ਸਕਰੀਨ 14 ਮਈ 2013 ਦੀ ਪੋਸਟ ਵਿੱਚ ਵੀ ਉਠਾਇਆ ਗਿਆ ਸੀ ਇਹੀ ਮੁੱਦਾ 
ਆਖਦੇ ਨੇ ਚੋਣਾਂ ਦੌਰਾਨ ਵੋਟਰ ਨੂੰ ਭਗਵਾਨ ਵਾਂਗ ਮੰਨ ਲਿਆ ਜਾਂਦਾ ਹੈ। ਉਸਦੀ ਹਰ ਸ਼ਰਤ ਸਵੀਕਾਰ ਕੀਤੀ ਜਾਂਦੀ ਹੈ। ਉਸ ਨੂੰ ਮਨਾਉਣ ਦੇ ਸਾਰੇ ਉਪਰਾਲੇ ਕੀਤੇ ਜਾਂਦੇ ਹਨ। ਉਸਦੀ ਪੂਜਾ ਅਰਚਨਾ ਲਈ ਦਾਰੂ-ਸ਼ਾਰੂ ਦੇ ਨਾਲ ਨੋਟ ਵੀ ਚੜ੍ਹਾਏ ਜਾਂਦੇ ਹਨ ਪਰ ਅੱਜ ਲੁਧਿਆਣਾ ਦਾ ਇੱਕ "ਵੋਟਰ ਭਗਵਾਨ ' ਇੱਕ ਵਾਰ ਫੇਰ ਇਨਸਾਫ਼ ਲਈ ਅਫਸਰਾਂ ਦੇ ਗੇੜੇ ਕਢਦਾ ਦੇਖਿਆ ਗਿਆ। ਅੱਜ ਵੀ ਉਸਦੀ ਕਿਤੇ ਸੁਣਵਾਈ ਨਹੀਂ ਹੋਈ ਕਿਓਂਕਿ ਉਹ ਸਚਮੁਚ ਇੱਕ ਆਮ ਆਦਮੀ ਸੀ। ਭੁਪਿੰਦਰ ਕੁਮਾਰ ਨਾਮ ਦੇ ਇਸ ਵਿਅਕਤੀ ਨੂੰ ਅੱਜ ਫੇਰ ਸਿਰਫ ਨਿਰਾਸ਼ਾ ਹੀ ਹਥ ਲੱਗੀ। ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਦੀ ਇੱਕ ਹੋਰ ਨਾਕਾਮ ਕੋਸ਼ਿਸ਼ ਮਗਰੋਂ ਉਸਨੇ ਮੀਡੀਆ ਸਾਹਮਣੇ ਪੰਜਾਬ ਦੇ ਇੱਕ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਦਾ ਨਾਮ ਵੀ ਲਿਆ ਹੈ। 
ਇੱਕ ਵਾਰ ਫੇਰ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਉਸਦੇ ਇੱਕੋ ਇੱਕ ਪੁੱਤਰ ਦੇ ਕਤਲ ਦੀ ਦਰਦਨਾਕ ਮੌਤ ਦਾ ਵੇਰਵਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸਦੀ ਬਲੀ ਦੇ ਦਿੱਤੀ ਗਈ। ਤਕਰੀਬਨ 16-17 ਸਾਲ ਪਹਿਲਾਂ ਤਾਂਤਰਿਕ ਕਿਰਿਆ ਦੀ ਬਲੀ ਚੜ੍ਹਿਆ ਇਹ ਮਾਸੂਮ ਮੌਤ ਸਮੇਂ ਸਿਰਫ ਸਾਢ਼ੇ ਅਠ ਜਾਂ ਫੇਰ ਪੌਣੇ ਕੁ ਨੋ ਸਾਲਾਂ ਦਾ ਸੀ। ਏਨੇ ਲੰਮੇ ਅਰਸੇ ਦੌਰਾਨ ਉਸਨੂੰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਉਸਦੇ ਬੱਚੇ ਦਾ ਕਸੂਰ ਕੀ ਸੀ। ਆਓ ਤੁਹਾਨੂੰ ਫਿਰ ਲੈ ਚੱਲਦੇ ਹਾਂ ਅਤੀਤ ਦੇ ਇਸ ਰੰਗਤੇ ਖੜੇ ਕਰ ਦੇਣ ਵਾਲੇ ਸ਼ਰਮਨਾਕ ਦੌਰ ਵਿੱਚ। ਗੱਲ ਲੁਧਿਆਣਾ ਦੀ ਹੈ। ਭੀੜ ਭੜੱਕੇ ਵਾਲੇ ਚੌੜੇ ਬਾਜ਼ਾਰ ਨੇੜੇ ਪੈਂਦੇ ਇੱਕ ਅਜਿਹੇ ਇਲਾਕੇ ਦੀ ਜਿਹੜਾ ਹੁਣ ਵੀ ਲੁਧਿਆਣਾ ਦੀ ਕਾਰੋਬਾਰੀ ਜਾਨ ਆਖਿਆ ਜਾਂਦਾ ਹੈ। ਧਰਮ ਕਰਮ ਦੇ ਨਾਲ ਨਾਲ ਇਸ ਇਲਾਕੇ ਦੀ ਵਪਾਰਕ ਰੀੜ੍ਹ ਵੀ ਬਹੁਤ ਮਜਬੂਤ ਹੈ। ਥਾਂ ਥਾਂ ਤੇ ਮੰਦਿਰ ਅਤੇ ਇਹਨਾਂ ਵਿੱਚ ਖੜਕਦੀਆਂ ਘੰਟੀਆਂ ਇਸਦੇ ਸਾਰੇ ਵਾਤਾਵਰਨ ਨੂੰ ਕਿਸੇ ਅਧਿਆਤਮਿਕ ਰੰਗ ਵਿੱਚ ਰੰਗ ਦੇਂਦੀਆਂ ਹਨ। ਧੂਫ ਅਤੇ ਅਗਰਬੱਤੀਆਂ ਦੀ ਸੁਗੰਧੀ ਏਥੋਂ ਲੰਘਣ ਵਾਲੇ ਤਕਰੀਬਨ ਹਰ ਵਿਅਕਤੀ ਨੂੰ ਕਿਸੇ ਅਲੌਕਿਕ ਜਹੇ ਮਾਹੌਲ ਵਿੱਚ ਲੈ ਜਾਂਦੀ। ਹੋਲੀਆਂ ਆਈਆਂ ਤਾਂ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਹਰ ਪਾਸੇ ਰੰਗਾਂ ਦੀ ਬੌਛਾਰ ਸੀ। ਇੰਝ ਲੱਗਦਾ ਸੀ ਜਿਵੇਂ ਹਰ ਕੋਈ ਰੰਗਿਆ ਗਿਆ। ਸਿਰਫ ਤਨੋ ਹੀ ਨਹੀਂ ਮਨੋ ਵੀ। ਦਿਲ ਦਿਮਾਗ ਵਿੱਚ ਰੰਗ ਹੀ ਰੰਗ ਹੁੰਦੇ। ਪਰ ਕੌਣ ਜਾਣਦਾ ਸੀ ਇਸ ਵਾਰ ਦੀ ਹੋਲੀ ਕਿਸੇ ਪਰਿਵਾਰ ਨੂੰ ਹਮੇਸ਼ਾਂ ਲਈ ਉਦਾਸੀ ਦਾ ਰੰਗ ਦੇ ਕੇ ਜਾਣ ਵਾਲੀ ਹੈ।
ਉਸ ਹੋਲੀ ਤੋਂ ਬਾਅਦ ਇਸ ਘਰ ਦੀ ਰੌਣਕ ਹਮੇਸ਼ਾਂ ਲਈ ਰੂਸ ਗਈ। ਇਸ ਘਰ ਦਾ ਬੱਚਾ ਅਚਾਨਕ ਲਾਪਤਾ ਹੋ ਗਿਆ। ਅਚਾਨਕ ਇੱਕ ਦਿਨ ਅਖਬਾਰਾਂ ਵਿੱਚ ਖਬਰ ਆਈ ਉਸਦੀ ਮੌਤ ਦੀ---ਉਸਦੇ ਕਤਲ ਦੀ। । ਬੱਚੇ ਦਾ ਨਾਮ ਵਿਸ਼ਾਲ ਉਰਫ ਕਾਲੂ ਸੀ। ਉਸਦੀ ਲਾਸ਼ ਮਿਲੀ ਸੀ ਇੱਕ ਪ੍ਰਸਿਧ ਮੰਦਿਰ ਵਿੱਚੋਂ। ਲੱਗਦਾ ਸੀ ਕਿਸੇ ਨੇ ਬੇਰਹਿਮੀ ਨਾਲ ਉਸਦਾ ਕਤਲ ਕੀਤਾ ਸੀ। ਰੰਜਿਸ਼ ਬਿਨਾ ਅਜਿਹਾ ਕਤਲ ਸੰਭਵ ਹੀ ਨਹੀਂ ਹੁੰਦਾ  ਤੇ ਮਿਰਤਕ ਦੇ ਪਰਿਵਾਰ ਦੀ ਕਿਸੇ ਨਾਲ ਰੰਜਿਸ਼ ਨਹੀਂ ਸੀ। 
ਉਸਦੇ ਪਿਤਾ ਭੁਪਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸਦੇ ਸਿਰ ਵਿੱਚ ਕਿਲ ਠੋਕੇ ਗਏ ਸਨ ਅਤੇ ਵੱਖੀ ਵਿੱਚ ਗਰਿੱਲ ਕਰਨ ਵਾਲੀ ਮਸ਼ੀਨ ਨਾਲ ਮੋਰੀ ਕੀਤੀ ਗਈ ਸੀ। ਪੁਛਿਆ ਤਾਂ ਆਖਿਆ ਗਿਆ ਕੀ ਕਿਸੇ ਨੇ ਬਾਹਰੋਂ ਆ ਕੇ ਮੰਦਿਰ ਵਿੱਚ ਲਾਸ਼ ਸੁੱਟ ਦਿੱਤੀ ਹੋਣੀ ਹੈ। ਇਹ ਦਸਦਿਆਂ ਉਸਦਾ ਪਿਤਾ ਪੁਛਦਾ ਹੈ-ਕੀ 15 ਕੁ ਫੁੱਟ ਉੱਚੀ ਕੰਧ ਤੋਂ ਕਿਸੇ ਏਨੇ ਵੱਡੇ ਬੱਚੇ ਦੀ ਲਾਸ਼ ਸੁੱਟੀ ਜਾ ਸਕਦੀ ਹੈ? ਜੇ ਸੁੱਟ ਵੀ ਦਿੱਤੀ ਜਾਵੇ ਤਾਂ ਕੀ ਉਸਨੂੰ ਕਿਸੇ ਵਿਸ਼ੇਸ਼ੇ ਅਵਸਥਾ ਵਿੱਚ ਟਿਕਾਇਆ ਜਾ ਸਕਦਾ ਹੈ? ਉਸ ਉੱਪਰ ਹਰ ਰੋਜ਼ ਪਾਣੀ ਪਾਇਆ ਜਾ ਸਕਦਾ ਹੈ?ਉਸਤੇ ਫੁੱਲ ਅਤੇ ਧੂਫ ਅਗਰਬਤੀਆਂ ਚੜ੍ਹਾਏ ਜਾ ਸਕਦੇ ਹਨ? ਉਸਦੇ ਕੱਪੜੇ, ਉਸਦੇ ਬੂਟ, ਉਸਦੀਆਂ ਜੁਰਾਬਾਂ ਮੰਦਰ ਦੇ ਨਾਲ ਲੱਗਦੇ ਕਮਰੇ ਵਿੱਚ ਕੌਣ ਸੁੱਟ ਗਿਆ? ਬਲੀ ਦਾ ਸ਼ਿਕਾਰ ਹੋਏ ਮਾਸੂਮ ਬੱਚੇ ਦੇ ਪਿਤਾ ਭੁਪਿੰਦਰ ਕੁਮਾਰ ਨੂੰ ਅਜਿਹੇ ਕਿੰਨੇ ਹੀ ਸੁਆਲਾਂ ਦਾ ਜੁਆਬ ਕਦੇ ਨਹੀਂ ਮਿਲਿਆ? ਉਹ ਥੱਕ ਹਾਰ ਕੇ ਬੈਠ ਜਾਂਦਾ ਹੈ। ਜਦੋਂ ਫਿਰ ਬੱਚੇ ਦੀ ਯਾਦ ਝੰਜੋੜਦੀ ਹੈ ਤਾਂ ਫਿਰ ਹਿੰਮਤ ਕਰਕੇ ਘਰੋਂ ਨਿਕਲ ਪੈਂਦਾ ਹੈ। ਉਹ ਅਫਸਰਾਂ ਦੇ ਗੇੜੇ ਕਢ ਕਢ ਕੇ ਸ਼ੁਦਾਈਆਂ ਵਾਂਗ ਹੋ ਗਿਆ ਹੈ ਪਰ ਉਸਨੂੰ ਇਨਸਾਫ਼ ਨਹੀਂ ਮਿਲਿਆ। ਮਹਾਨਤਾ ਦੇ ਦਾਅਵੇ ਕਰਨ ਵਾਲੇ ਇਸ ਦੇਸ਼ ਚੋਂ ਉਸਨੂੰ ਦਰਦ ਅਤੇ ਨਿਰਾਸ਼ਾ ਹੀ ਮਿਲੀ ਹੈ।
ਕਾਬਿਲੇ ਜ਼ਿਕਰ ਹੈ ਕਿ ਵਿਸ਼ਾਲ ਉਰਫ ਕਾਲੂ 22 ਮਾਰਚ 1997 ਦੀ ਸ਼ਾਮ ਨੂੰ ਸਾਢ਼ੇ ਕੁ ਪੰਜ ਵਜੇ  ਘਰੋਂ ਗਿਆ ਅਤੇ ਹਫਤੇ ਕੁ ਮਗਰੋਂ 29 ਮਾਰਚ 1997 ਨੂੰ ਉਸਦੀ ਲਾਸ਼ ਨੇੜੇ ਹੀ ਇੱਕ ਮੰਦਿਰ ਚੋਂ ਮਿਲੀ। ਘਟਨਾ ਤੋਂ ਬਾਅਦ ਪੁਲਿਸ ਨੇ ਇਸਦੀ ਐਫ ਆਈ ਵੀ ਆਰ ਦਰਜ ਕੀਤੀ, ਕਾਰਵਾਈ ਵੀ ਸ਼ੁਰੂ ਹੋਈ, ਜਾਂਚ ਪੜਤਾਲ ਵੀ ਹੋਈ ਅਤੇ ਕਾਰਵਾਈ ਦੇ ਭਰੋਸੇ ਵੀ ਦਿੱਤੇ ਗਏ ਪਰ ਪੀੜਿਤ ਪਰਿਵਾਰ ਨੂੰ ਇਨਸਾਫ਼ ਅੱਜ ਤੱਕ ਨਹੀਂ ਮਿਲਿਆ। ਕਤਲ ਕੀਤੇ ਗਏ ਬੱਚੇ ਦੇ ਪਿਤਾ ਨੇ ਇਨਸਾਫ਼ ਲਈ ਕੋਈ ਡਰ ਨਹੀਂ ਛੱਡਿਆ। ਕੋਈ ਰਾਜਨੀਤਿਕ ਪਾਰਟੀ ਨਹੀਂ ਛੱਡੀ, ਕੋਈ ਲੀਡਰ ਨਹੀਂ ਛੱਡਿਆ ਪਰ ਇਨਸਾਫ਼ ਅਜੇ ਵੀ ਮਿਲਦਾ ਨਜਰ ਨਹੀਂ ਆ ਰਿਹਾ।ਭੁਪਿੰਦਰ ਕੁਮਾਰ ਨੂੰ ਡਿਸਕ ਦੀ ਪ੍ਰੋਬਲਮ ਹੋ ਗਈ ਅਤੇ ਉਸਦੀ ਪਤਨੀ ਨੂੰ ਇਸ ਸਦਮੇ ਮਗਰੋਂ ਅਧਰੰਗ ਦੀ ਸਮਸਿਆ ਨੇ 
ਲੁਧਿਆਣਾ 'ਚ ਕਈ ਦੀਵਾਰਾਂ ਤੇ ਲੱਗਿਆ ਪੋਸਟਰ 
ਆ ਘੇਰਿਆ। ਮੰਜੇ ਤੋਂ ਹਿੱਲਣਾ ਵੀ ਉਸ ਲਈ ਮੁਹਾਲ ਹੈ। ਚਾਹ ਦੀ ਦੁਕਾਨ ਤੋਂ ਹੋਣ ਵਾਲੀ ਥੋਹੜੀ ਬਹੁਤ ਆਮਦਨੀ ਨਾਲ ਚੱਲਦਾ ਹੈ ਖਿਚ ਧੂਹ ਕੇ ਘਰ ਦਾ ਗੁਜ਼ਾਰਾ ਅਤੇ ਦਵਾਈਆਂ ਦਾ ਖਰਚਾ। ਪਰ ਹਰ ਪਲ ਯਾਦ ਆਉਂਦੀ ਹੈ ਉਸਨੂੰ ਆਪਣੇ ਹਮੇਸ਼ਾਂ ਲਈ ਵਿਛੜ ਚੁੱਕੇ ਬੇਟੇ ਦੀ ਯਾਦ। ਉਸਦੇ ਸਿਰ 'ਚ ਠੋਕੇ ਗਏ ਕਿੱਲਾਂ ਦੀ ਉਹ ਵਹਿਸ਼ੀਆਨਾ ਘਟਨਾ ਦੀ ਯਾਦ ਉਸਨੂੰ ਸੋਣ ਨਹੀਂ ਦੇਂਦੀ। ਉਸਨੂੰ ਇੰਝ ਲੱਗਦਾ ਹੈ ਜਿਵੇਂ ਕੋਈ ਉਸਦੇ ਸਿਰ ਵਿੱਚ ਕਿਲ ਠੋਕ ਰਿਹਾ ਹੋਵੇ। ਵੱਖੀ 'ਚ ਗਰਿੱਲ  ਨਾਲ ਕੀਤੀ ਗਈ ਮੋਰੀ ਉਸਨੂੰ ਅੱਜ ਵੀ ਆਪਣੀ ਵੱਖੀ 'ਚ ਹੁੰਦੀ ਮੋਰੀ ਮਹਿਸੂਸ ਹੁੰਦੀ ਹੈ। ਕਿਸੇ ਵੀ ਥਾਂ ਕੋਈ ਕਿਲ ਠੋਕਦਾ ਹੋਵੇ ਜਾਂ  ਗਰਿੱਲ ਕਰਦਾ ਹੋਵੇ ਤਾਂ ਉਸਨੂੰ ਲੱਗਦਾ ਹੈ ਜਿਵੇਂ ਇਹ ਸਭ ਉਸਦੇ ਬੇਟੇ ਨਾਲ ਹੋ ਰਿਹਾ ਹੈ। ਉਸਦੀ ਗਲੀ ਸੜੀ ਲਾਸ਼ ਦਾ ਖਿਆਲ ਆਉਂਦਿਆਂ ਹੀ ਉਹ ਤ੍ਰਭਕ ਉਠਦਾ ਹੈ ਤੇ ਫਿਰ ਪੂਰੀ ਪੂਰੀ ਰਾਤ ਸੋਂ ਨਹੀਂ ਸਕਦਾ। ਦਿਨ ਚੜਦਾ ਹੈ ਤਾਂ ਉਹ ਫਿਰ ਬਾਵਰਿਆਂ ਵਾਂਗ ਕਦੇ ਕਿਸੇ ਕੋਲ ਜਾਂਦਾ ਹੈ ਤੇ ਕਦੇ ਕਿਸੇ ਕੋਲ। ਕਦੇ ਕਿਸੇ ਲੀਡਰ ਦੇ ਦਰਵਾਜ਼ੇ ਤੇ ਕਦੇ ਕਿਸੇ ਅਫਸਰ ਦੇ ਦਫਤਰ। ਉਸਦੀ ਪਤਨੀ ਆਪਣੇ ਬੇਟੇ ਦੀ ਯਾਦ ਵਿੱਚ ਉਠਨ ਦੀ ਕੋਸ਼ਿਸ਼ ਕਰਦੀ ਹੈ ਪਰ ਉਠ ਨਹੀਂ ਸਕਦੀ। ਇੱਕ ਡੂੰਘੀ ਉਦਾਸੀ ਉਸਦੇ ਚੇਹਰੇ ਤੇ ਹਮੇਸ਼ਾਂ ਲਈ ਉਕਰੀ ਗਈ ਹੈ। ਪਿਛਲੇ ਸੋਲਾਂ ਸਤਾਰਾਂ ਸਾਲਾਂ ਤੋਂ ਇਸ ਮਾਮਲੇ 'ਚ ਕੁਝ ਵੀ ਨਵਾਂ ਨਹੀਂ ਹੋਇਆ। ਇਸਦੇ ਬਾਵਜੂਦ ਉਸਦਾ ਸੰਘਰਸ਼ ਜਾਰੀ ਹੈ ਆਪਣੇ ਬੇਟੇ ਦੇ ਕਾਤਲਾਂ ਦਾ ਪਤਾ ਲਾਉਣ ਲਈ , ਉਹਨਾਂ ਨੂੰ ਕਟਹਿਰੇ 'ਚ ਲਿਆਉਣ ਲਈ। ਜਦੋਂ ਵੀ ਕਿਸੇ ਬੱਚੇ ਦਾ ਕਤਲ ਹੁੰਦਾ ਹੈ ਤਾਂ ਉਹ ਰੋ ਪੈਂਦਾ ਹੈ। ਆਖਣ ਲੱਗਦਾ ਹੈ ਜਿਵੇਂ ਇੱਕ ਵਾਰ ਫੇਰ ਉਸਦਾ ਬੇਟਾ ਹੀ ਕਤਲ ਹੋਇਆ ਹੋਵੇ। 
ਜਦ ਵੀ ਅਖਬਾਰ 'ਚ ਕਿਸੇ ਬੱਚੇ ਦੇ ਕਤਲ ਦੀ ਖਬਰ ਛਪਦੀ ਹੈ ਤਾਂ ਉਸਦੇ ਜ਼ਖਮ ਹਰੇ ਹੋ ਜਾਂਦੇ ਹਨ। ਪਰ ਸਮਾਜ ਅਤੇ ਸਰਕਾਰ ਨੂੰ ਸ਼ਾਇਦ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹਨਾਂ ਜਜ਼ਬਾਤੀ ਗੱਲਾਂ ਲਈ ਹੁਣ ਕਿਸੇ ਕੋਈ ਟਾਈਮ ਨਹੀਂ ਰਿਹਾ। ਕਈ ਲੋਕ ਤਾਂ ਇਹ ਵੀ ਆਖਦੇ ਹਨ ਜੀ ਛੱਡੋ ਹੁਣ। ਸੋਲਾਂ ਸਤਾਰਾਂ ਸਾਲ ਪੁਰਾਣੀ ਗੱਲ ਵਿੱਚ ਰੱਖਿਆ ਹੀ ਕੀ ਹੈ? ਹੈ ਵੀ ਸ਼ਾਇਦ ਠੀਕ। ਉਸਤੋਂ ਬਾਅਦ ਏਨੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਏਨੇ ਹੋਰ ਬੱਚੇ ਮੌਤ ਵਿੱਚ ਜਾ ਚੁੱਕੇ ਹਨ। ਕੌਣ ਯਾਦ ਰੱਖੇ ਉਸ ਪੁਰਾਣੀ ਗੱਲ ਨੂੰ। ਪਰ ਗੱਲ ਦਾ ਸਾਰ ਵੀ ਇਹੀ ਹੈ। ਜੇ ਉਦੋਂ ਹੀ ਇਸਨੂੰ ਗੰਭੀਰਤਾ ਨਾਲ ਲਿਆ ਗਿਆ ਹੁੰਦਾ ਤਾਂ ਸ਼ਾਇਦ ਏਨੇ ਬੱਚੇ ਬਚ ਜਾਂਦੇ। ਏਥੋਂ ਹੀ ਉਠਦਾ ਹੈ ਸੁਆਲ ਕਿ ਆਖਿਰਕਾਰ ਕਿਓਂ ਲੱਗਿਆ ਕਿਸੇ ਪਰਿਵਾਰ ਨੂੰ ਕਿ ਉਸਦੇ ਬੇਟੇ ਦੇ ਕਤਲ ਦਾ ਮਾਮਲਾ ਰਫ਼ਾਦਫ਼ਾ ਦਿੱਤਾ ਗਿਆ ਹੈ। ਕਿਓਂ ਕਿਸੇ ਨੂੰ ਮਹਿਸੂਸ ਹੋਇਆ ਕਿ ਉਸਦੀ ਸੁਣਵਾਈ ਨਹੀਂ ਹੋ ਰਹੀ? ਅੱਜ ਇਹ ਸੁਆਲ ਕਿਓਂ ਖੜਾ ਹੋ ਰਿਹਾ ਹੈ ਕਿ ਜੇ ਮੇਰੇ ਕੋਲ ਵੀ ਪੈਸੇ ਹੁੰਦੇ ਤਾਂ ਮੇਰੇ ਬੇਟੇ ਦੇ ਕਾਤਿਲ ਵੀ ਸਲਾਖਾਂ ਪਿਛ੍ਹੇ ਹੁੰਦੇ। ਕੀ ਪੁਲਿਸ ਅਤੇ ਪ੍ਰਸ਼ਾਸਨ ਭੁਪਿੰਦਰ ਕੁਮਾਰ  ਲਈ ਕੁਝ ਅਜਿਹਾ ਕਰੇਗਾ ਜਿਸ ਨਾਲ ਭੁਪਿੰਦਰ ਕੁਮਾਰ ਨੂੰ ਵੀ ਇਹ ਲੱਗੇ ਕੀ ਹਾਂ ਉਸ ਨਾਲ ਇਨਸਾਫ਼ ਹੋਇਆ ਹੈ। ਉਸਨੂੰ ਇਹ ਤੱਸਲੀ ਹੋਵੇ ਕਿ ਉਸਦੇ ਬੇਟੇ ਦੇ ਕਾਤਲਾਂ ਦਾ ਪਤਾ ਲੱਗ ਗਿਆ ਹੈ ਅਤੇ ਉਹਨਾਂ ਨੂੰ ਸਜ਼ਾਵਾਂ ਮਿਲ ਜਾਣਗੀਆਂ। ਉਸਨੇ ਅੱਜ ਫੇਰ ਇਸ ਮਾਮਲੇ ਵਿੱਚ ਪੰਜਾਬ ਦੇ ਇੱਕ ਸੀਨੀਅਰ BJP ਲੀਡਰ ਅਤੇ ਸਾਬਕਾ ਮੰਤਰੀ ਦਾ ਨਾਮ ਲਿਆ ਹੈ  ਜਿਹੜਾ ਉਸ ਤੱਕ ਇਨਸਾਫ਼ ਨਹੀਂ ਪਹੁੰਚਣ ਦੇਂਦਾ। ਹੁਣ ਦੇਖਣਾ ਹੈ ਕਿ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਵਾਲਾ ਇਹ ਸਿਸਟਮ ਇਸ ਗਰੀਬ ਅਤੇ ਲਾਚਾਰ ਬਾਪ ਨੂੰ ਚੋਣਾਂ ਮੌਕੇ ਵੀ ਇਨਸਾਫ਼ ਦੇ ਸਕਦਾ ਹੈ ਜਾਂ ਨਹੀਂ? 
ਭੁਪਿੰਦਰ ਕੁਮਾਰ ਨਾਲ ਸੰਪਰਕ ਲਈ ਨੰਬਰ ਹੈ--98158 54259

No comments: