Saturday, March 01, 2014

ਲੁਧਿਆਣਾ ਦੇ ਸਰਾਭਾ ਨਗਰ ਗੋਲੀਕਾਂਡ ਵਿੱਚ 11 ਦੋਸ਼ੀ ਗ੍ਰਿਫ਼ਤਾਰ

Update :1st March 2014 at 8:40 PM 
ਲਗਾਤਾਰ ਛਾਪੇਮਾਰੀ ਮਗਰੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ 
ਲੁਧਿਆਣਾ: 1 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੁਧਿਆਣਾ ਵਿਚਲੀ ਅਮਨ ਕਾਨੂੰਨ ਵਿਚਲੀ ਸਥਿਤੀ ਲਈ ਇੱਕ  ਗੰਭੀਰ ਚੁਨੌਤੀ ਬਣ ਕੇ ਉਭਰੀ ਸਰਾਭਾ ਨਗਰ ਵਿੱਚ ਹੋਈ ਗੈੰਗ-ਵਾਰ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਕੁਝ ਹਥਿਆਰ ਵੀ ਬਰਾਮਦ ਕੀਤੇ ਹਨ ਅਤੇ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਵੀ ਦਾਅਵਾ ਕੀਤਾ ਹੈ। ਲੁਧਿਆਣਾ ਨੂੰ ਮੁੰਬਈ 'ਚ ਹੁੰਦੀਆਂ ਵੱਖ ਵੱਖ ਗਿਰੋਹਾਂ ਦੀਆਂ ਖਤਰਨਾਕ ਝੜੱਪਾਂ ਦਾ ਸਨਸਨੀ ਖੇਜ਼ ਅਹਿਸਾਸ ਕਰਾਉਣ ਵਾਲੀ ਇਹ ਵਾਰਦਾਤ ਲੁਧਿਆਣਾ ਦੇ ਲੋਕਾਂ ਨੇ ਸ਼ਾਇਦ ਪਹਿਲਾਂ ਕਦੇ ਫਿਲਮਾਂ ਵਿੱਚ ਹੀ ਦੇਖੀ ਹੋਵੇ। ਲੁਧਿਆਣਾ ਵਾਸੀਆਂ ਲੈ ਇਹ ਵਾਰਦਾਤ ਦਹਿਸ਼ਤਗਰਦੀ ਦੇ ਕਾਲੇ ਦਿਨਾਂ ਦੀ ਯਾਦ ਤਾਜ਼ਾ ਕਰਾਉਣ ਵਾਲੀ ਸੀ। ਅੱਜ ਬਾਅਦ ਦੁਪਹਿਰ ਪੁਲਿਸ ਲਾਈਨ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ ਆਈਪੀਐਸ ਨੇ ਇਸ ਮਾਮਲੇ ਵਿੱਚ ਭਾਵੇਂ ਪੂਰੇ ਵਿਸਥਾਰ ਨਾਲ ਮੀਡੀਆ ਵੱਲੋਂ ਕੀਤੇ ਸੁਆਲਾਂ ਦੇ  ਜੁਆਬ ਦਿੱਤੇ ਪਰ ਉਹਨਾਂ ਨਾਮਜਦ ਕੀਤੇ ਸਾਰੇ ਦੋਸ਼ੀਆਂ ਦੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਉਹਨਾਂ ਦਾ ਮੁਸਕਰਾਹਟ ਭਰੀਆਂ ਇਨਕਾਰ ਦੱਸ ਰਿਹਾ ਸੀ ਕਿ ਉਹ ਅਸਲ ਵਿੱਚ ਲੁਧਿਆਣਾ ਦੀ ਗੈਂਗਵਾਰ ਦੇ ਮੁਕੰਮਲ ਖਾਤਮੇ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਨ।
ਖਚਾਖਚ ਭਰੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦੱਸਿਆ ਕਿ ਸਰਾਭਾ ਨਗਰ ਵਿੱਚ ਚੱਲੀ ਗੋਲੀ ਅਸਲ ਵਿੱਚ ਉਸ ਤਕਰਾਰਬਾਜ਼ੀ ਦੀ ਹੀ ਇੱਕ ਨਾਜ਼ੁਕ ਅਤੇ ਗੰਭੀਰ ਕੜੀ ਸੀ ਜਿਹੜੀ ਸੰਦੀਪ ਸਿੰਘ ਉਰਫ ਕਾਕਾ (ਗਰੇਵਾਲ ਗਰੁੱਪ), ਕੁਲਵਿੰਦਰ ਸਿੰਘ ਕਿੰਦਾ ਅਤੇ ਮਨਪ੍ਰੀਤ ਭਠਲ ਗਰੁੱਪ ਵਿੱਚ ਲੰਮੇ ਸਮੇਂ ਤੋਂ ਚਲੀ ਆ ਰਹੀ ਸੀ।  ਵੀਰਵਾਰ 27 ਫਰਵਰੀ 2014 ਨੂੰ ਇਹ ਤਕਰਾਰਬਾਜ਼ੀ ਇਸ ਹੱਦ ਤੱਕ ਵਧੀ ਕਿ ਗੱਲ ਗੋਲੀਆਂ ਚਲਾਉਣ ਤੱਕ ਪੁੱਜ ਗਈ। ਗੋਲੀਆਂ ਵੀ ਇੱਕ ਦੋ ਨਹੀਂ ਬਹੁਤ ਵੱਡੀ ਗਿਣਤੀ ਵਿੱਚ ਚੱਲੀਆਂ। ਸਰਾਭਾ ਨਗਰ ਵਰਗੇ ਪੋਸ਼ ਇਲਾਕੇ ਵਿੱਚ ਹੋਈ ਇਸ ਫਾਇਰਿੰਗ ਨੇ ਫਿਲਮੀ ਸੀਨ ਵੀ ਪਿਛੇ ਛੱਡ ਦਿੱਤੇ।
ਅਮਨ ਕਾਨੂੰਨ ਲਈ ਇੱਕ ਨਵਾਂ ਚੈਲਿੰਜ ਬਣ ਕੇ ਸਾਹਮਣੇ ਆਈ ਇਸ ਘਟਨਾ ਮਗਰੋਂ ਜਿੱਥੇ ਲੋਕਾਂ ਵਿੱਚ  ਦਹਿਸ਼ਤ ਦਾ ਮਾਹੌਲ ਬਣ ਗਿਆ ਉੱਥੇ ਸਿਆਸੀ ਲੀਡਰਾਂ ਨੇ ਵੀ ਪੁਲਿਸ ਨੂੰ ਨਿਸ਼ਾਨਾ ਬਣਾਇਆ। ਵੱਖ ਪਾਰਟੀਆਂ ਨੇ ਬਾਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਇਸਦੀ ਨਿਖੇਧੀ ਵੀ ਕੀਤੀ ਅਤੇ ਇਸ ਉੱਪਰ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ। ਚੋਣ ਕਮਿਸ਼ਨ ਨੂੰ ਮੰਗ ਪੱਤਰ ਵੀ ਲਿਖੇ ਗਏ।  ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੁੰਦਿਆਂ ਸਾਰ ਇਹਨਾਂ ਵਾਰਦਾਤਾਂ ਦਾ ਹੋਣਾ ਆਖਿਰ ਕੋਈ ਆਮ ਗੱਲ ਨਹੀਂ ਸੀ। ਉਮੀਦਵਾਰਾਂ ਲਈ ਅਜਿਹੇ ਮਾਹੌਲ ਵਿੱਚ ਵੋਟ ਮੰਗਣਾ ਅਤੇ ਵੋਟਰਾਂ ਲਈ ਵੋਟ ਪਾਉਣਾ ਬੇਹੱਦ ਖਤਰਿਆਂ ਭਰਿਆ ਹੋ ਸਕਦਾ ਸੀ। ਸਰਾਭਾ ਨਗਰ ਵਰਗੇ ਇਲਾਕੇ ਵਿੱਚ ਅਜਿਹੇ ਗੋਲੀਕਾਂਡ ਦਾ ਹੋਣਾ ਇੱਕ ਅਜਿਹਾ ਐਲਾਨ ਜਾਪਦਾ ਸੀ ਕਿ ਹਥਿਆਰਾਂ ਵਾਲੇ ਅਜਿਹੇ ਲੋਕ ਕਿਸੇ ਨੂੰ ਵੀ ਕਿਤੇ ਵੀ ਨਿਸ਼ਾਨਾ ਬਣਾ ਸਕਦੇ ਹਨ। ਸਨਸਨੀ, ਬੇਭਰੋਸਗੀ ਅਤੇ ਦਹਿਸ਼ਤ ਦੇ ਇਸ ਸ਼ੱਕ ਭਰੇ ਮਾਹੌਲ ਵਿੱਚ
ਪੁਲਿਸ ਨੇ ਤੁਰੰਤ ਤੇਜ਼ੀ ਦਿਖਾਉਂਦਿਆਂ ਗਿਆਰਾਂ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਇੱਕ ਵਾਰ ਫੇਰ ਲੋਕਾਂ ਵਿੱਚ  ਆਪਣਾ ਭਰੋਸਾ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਗ੍ਰਿਫਤਾਰ ਕੀਤੇ ਗਏ ਦੋਸ਼ੀ ਹਨ: ਮਨਪ੍ਰੀਤ ਸਿੰਘ ਭਠਲ, ਗੁਰਬੀਰ ਸਿੰਘ ਉਰਫ ਗੁਰੀ, ਅਮਿਤ ਵਰਮਾ, ਦੀਪਕ ਕੁਮਾਰ, ਸੰਦੀਪ ਸਿੰਘ, ਨਵਜੋਤ ਸਿੰਘ, ਬਬਨਜੋਤ ਸਿੰਘ, ਗੁਰਜੰਟ ਸਿੰਘ, ਸਤਕਰਤਾਰਜੀਤ ਸਿੰਘ, ਸਰਬਜੀਤ ਸਿੰਘ ਅਤੇ ਦਿਲਪ੍ਰੀਤ ਸਿੰਘ।
ਇਹਨਾਂ ਵਿੱਚੋਂ ਬਬਨ ਜੋਤ ਸਿੰਘ ਸੰਗਰੂਰ ਦਾ ਹੈ ਜਦਕਿ ਸਤਕਰਤਾਰ ਜੀਤ ਸਿੰਘ ਜ਼ਿਲਾ ਮੁਕਤਸਰ ਸਾਹਿਬ ਦਾ ਹੈ। ਬਾਕੀ ਦੇ ਸਾਰੇ ਲੁਧਿਆਣਾ ਦੇ ਹਨ।  ਇਸ ਵਾਰਦਾਤ ਵਿੱਚ ਵਰਤੇ ਗਏ ਵਾਹਨ ਵੀ ਬਰਾਮਦ ਕਰ ਲਏ ਗਏ ਹਨ ਜਿਹਨਾਂ ਵਿੱਚ ਕਾਰਾਂ ਅਤੇ ਮੋਟਰ ਸਾਈਕਲ ਸ਼ਾਮਲ ਹਨ। ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
ਹੁਣ ਦੇਖਣਾ ਹੈ ਕਿ ਪੁਲਿਸ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਕਦੋਂ ਤੱਕ ਸਲਾਖਾਂ ਪਿੱਛੇ  ਕਰਦੀ ਹੈ। ਇਸਦੇ ਨਾਲ ਹੀ ਇਹਨਾਂ ਵਿਗੜੇ ਹੋਏ ਕਾਕਿਆਂ ਨੂੰ ਥਾਪੀ ਦੇਣ ਵਾਲੇ ਵੀ ਬੇਨਕਾਬ ਕਰਕੇ ਕਟਹਿਰੇ ਵਿੱਚ ਲਿਆਂਦੇ ਜਾਣੇ ਜਰੂਰੀ ਹਨ। 

No comments: