Tuesday, February 04, 2014

ਏਹੋ ਹਮਾਰਾ ਜੀਵਣਾ//Burning Truth of Amritsar Enquiry

Tue, Feb 4, 2014 at 8:11 PM
Amritsar Enquiry Results   Let us face the truth
ਸੱਚ ਨੂੰ ਤਾਂ ਸਾਥੀਆਂ ਦੀ ਮੁਢ ਤੋਂ ਹੀ ਥੁੜ ਰਹੀ ,                                                -ਕੁਲਵੰਤ ਸਿੰਘ ਢੇਸੀ 
ਝੂਠ ਸੰਗ ਸਭ ਜਾ ਰਲੇ ਨੇ ਹੋਰ ਤਾਂ ਕੁਝ ਵੀ ਨਹੀਂ !!                     
ਚੁਰਾਸੀ ਦੇ ਹਮਲੇ ਸਬੰਧੀ ਆਪਣੇ ਦਖਲ ਤੋਂ ਯੂ ਕੇ ਨੇ ਹੱਥ ਝਾੜ ਦਿੱਤੇ 
ਸਿੱਖ ਜਗਤ ਇਸ ਜਾਂਚ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਕਿ ਜੂਨ 1984 ਨੂੰ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਵਿਚ ਬਰਤਾਨੀਆਂ ਦੀ ਕੀ ਭੂਮਿਕਾ ਰਹੀ ਸੀ । ਬਰਤਾਨਵੀ ਪ੍ਰਧਾਨ ਮੰਤਰੀ ਅਤੇ ਹੋਮ ਸੈਕਟਰੀ ਵਲੋਂ ਸਿੱਖਾਂ ਨੂੰ ਵਿਸ਼ਵਾਸ ਵਿਚ ਲਿਆ ਗਿਆ ਸੀ ਕਿ ਉਹ ਇਸ ਸਬੰਧੀ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਲੈ ਕੇ ਆਉਣਗੇ । ਮੰਗਲਵਾਰ 4 ਫਰਵਰੀ ਨੂੰ ਸੈਕਟਰੀ ਆਫ ਸਟੇਟ ਅਤੇ ਵਿਦੇਸ਼ ਮੰਤਰੀ ਐਮ ਪੀ ਵਿਲੀਅਮ ਹੇਗ ਵਲੋਂ ਹਾਊਸ ਆਫ ਕਾਮਨਜ਼ ਵਿਚ ਜੋ ਬਿਆਨ ਦਿੱਤੇ ਗਏ ਉਹ ਬੜੇ ਸੀਮਤ ਅਤੇ ਸਪੱਸ਼ਟ ਹਨ। ਉਸ ਨੇ ਚਾਰ ਪ੍ਰਮੁਖ ਤੱਥਾਂ ਤੇ ਜਵਾਬ ਦੇਹੀ ਕੀਤੀ ਜਿਸ ਵਿਚ ਪਹਿਲੀ ਸੀ ਕਿ ਮੌਕੇ ਦੀ ਥੈਚਰ ਸਰਕਾਰ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਦਰਬਾਰ ਸਾਹਿਬ ਤੇ ਹਮਲੇ ਬਾਰੇ ਮੱਦਦ ਕਿਓਂ ਦਿੱਤੀ ਇਸ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਸਾਡੇ ਭਾਰਤ ਨਾਲ ਸਬੰਧ ਹੀ ਐਸੇ ਹਨ ਕਿ ਭਾਰਤ ਦੀ ਬੇਨਤੀ ਤੇ ਬਰਤਾਨੀਆਂ ਨੇ ਮੱਦਦ ਦੇਣੀ ਜ਼ਰੂਰੀ ਸਮਝੀ। ਦੂਸਰਾ ਸੀ ਕਿ ਮੱਦਦ ਕਿਸ ਤਰਾਂ ਦੀ ਸੀ ਭਾਵ ਕਿ ਮੱਦਦ ਦੀ ਨੇਚਰ ਕੀ ਸੀ ਤਾਂ ਉਸ ਨੇ ਸਪੱਸ਼ਟ ਕੀਤਾ ਕਿ ਇਹ ਮੱਦਦ ਸਿਰਫ ਸਲਾਹ ਮਸ਼ਵਰੇ ਤਕ ਹੀ ਸੀਮਤ ਸੀ ਜੋ ਕਿ ਫਰਵਰੀ ਵਿਚ ਸਿਰਫ ਇੱਕ ਐਸ ਏ ਐਸ ਅਫਸਰ ਭੇਜ ਕੇ ਦਿੱਤੀ ਗਈ ਜਦ ਕਿ ਜੂਨ ਵਿਚ ਹਾਲਾਤ ਬਦਲ ਗਏ ਜਿਸ ਵਿਚ ਯੂ ਕੇ ਦਾ ਕੋਈ ਦਖਲ ਨਹੀਂ ਸੀ। ਤੀਸਰਾ ਮੁੱਦਾ ਸੀ ਕਿ ਕੀ ਬਰਤਾਨਵੀ ਪਾਰਲੀਮੈਂਟ ਨੂੰ ਇਸ ਸਬੰਧੀ ਧੋਖੇ ਵਿਚ ਰੱਖਿਆ ਗਿਆ ਸੀ ਤਾਂ ਉਸ ਦਾ ਜਵਾਬ ਨਾਂਹ ਵਿਚ ਸੀ ਅਤੇ ਆਖਰੀ ਮੁੱਦੇ ਤੇ ਵੀ ਉਸ ਦਾ ਜਵਾਬ ਵੀ ਨਾਂਹ ਵਿਚ ਸੀ ਕਿ ਦਰਬਾਰ ਸਾਹਿਬ ਤੇ ਹਮਲੇ ਲਈ ਸਲਾਹ ਮਸ਼ਵਰੇ ਦੀਆਂ ਤੰਦਾਂ ਉਸ ਵੇਲੇ ਭਾਰਤ ਨੂੰ ਵੇਚੇ ਜਾਣ ਵਾਲੇ ਹੈਲੀਕਾਪਟਰਾਂ ਦੀ ਸੌਦੇ ਤੋਂ ਪ੍ਰਭਾਵਤ ਨਹੀਂ ਸਨ।
ਚੇਤੇ ਰਹੇ ਕਿ ਜਨਵਰੀ 2014 ਵਿਚ ਜਦੋਂ ਇੱਕ ਪਤਰਕਾਰ ਨੂੰ ਸੰਨ ਚੁਰਾਸੀ ਵਿਚ ਦਰਬਾਰ ਸਾਹਿਬ ਤੇ ਹਮਲੇ ਸਬੰਧੀ ਬਰਤਾਨਵੀ ਮਿਲੀ ਭੁਗਤ ਸਬੰਧੀ ਦੋ ਦਸਤਾਵੇਜ਼ ਹੱਥ ਲੱਗੇ ਤਾਂ ਉਹਨਾਂ ਬਾਰੇ ਪਤਾ ਲੱਗਦਿਆਂ ਹੀ ਮੀਡੀਏ ਵਿਚ ਭੂਚਾਲ ਆ ਗਿਆ। ਇਸ ਸਬੰਧੀ ਲੇਬਰ ਪਾਰਟੀ ਦੇ ਐਮ ਪੀ ਟਾਮ ਵਾਟਸਨ ਅਤੇ ਲੋਰਡ ਇੰਦਰਜੀਤ ਸਿੰਘ ਵਲੋਂ ਜ਼ਬਰਦਸਤ ਮੰਗ ਕੀਤੀ ਗਈ ਸੀ ਕਿ ਇਸ ਗੱਲ ਦਾ ਸਹੀ ਸਹੀ ਖੁਲਾਸਾ ਹੋਣਾਂ ਚਾਹੀਦਾ ਹੈ ਕਿ ਮਾਰਗਰੇਟ ਥੈਚਰ ਦੀ ਸਰਕਾਰ ਨੇ ਫਰਵਰੀ 1984 ਨੂੰ ਇੱਕ ਐਸ ਏ ਐਸ ਅਫਸਰ (ਸਪੈਸ਼ਲ ਏਅਰਫੋਰਸ ਸਰਵਿਸ) ਨੂੰ ਭਾਰਤ ਭੇਜਣ ਦੇ ਨਾਲ ਨਾਲ ਹੋਰ ਕਿਸ ਕਿਸਮ ਦੀ ਮੱਦਤ ਭਾਰਤੀ ਫੌਜ ਨੂੰ ਦਿੱਤੀ ਸੀ। ਅਸੀਂ ਉਸੇ ਵੇਲੇ ਹੀ ਇਹ ਪ੍ਰਤੀਕਰਮ ਦਿੱਤਾ ਸੀ ਕਿ ਬਰਤਾਨੀਆਂ ਦੇ ਭਾਰਤ ਨਾਲ ਸਬੰਧ ਖਾਸਮ ਖਾਸ ਹਨ ਅਤੇ ਸਿੱਖਾਂ ਵਰਗੀ ਲਾਵਾਰਸ ਕੌਮ ਦੀ ਏਹੋ ਜਹੇ ਸਬੰਧਾਂ ਵਿਚ ਕਿਹਨੂੰ ਕੋਈ ਕਦਰ ਹੋਣੀ ਸੀ। ਅਸੀਂ ਹੁਣ ਵੀ ਇਹ ਹੀ ਸਪੱਸ਼ਟ ਕਰਨਾਂ ਚਾਹਾਂਗਾ ਕਿ ਬਰਤਾਨੀਆਂ ਨੇ ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਮਾਸੂਮ ਸਿੱਖਾਂ ਦੇ ਕਤਲੇਆਮ ਤੇ ਕਦੀ ਵੀ ਕੋਈ ਬਣਦਾ ਹਾਅਰਾ ਨਾਅਰਾ ਨਹੀਂ ਮਾਰਿਆ ਜਿਸ ਦਾ ਸਿੱਧਾ ਸਿੱਧਾ ਕਾਰਨ ਇਹ ਹੈ ਕਿ ਯੂ ਕੇ ਨੂੰ ਕੇਵਲ ਅਤੇ ਕੇਵਲ ਆਪਣੇ ਹਿੱਤਾਂ ਨਾਲ ਮਤਲਬ ਹੈ, ਇਹ ਵੱਖਰੀ ਗੱਲ ਹੈ ਕਿ ਸਿੱਖ ਜਥੇਬੰਦੀਆਂ ਨੂੰ ਆਪਣੇ ਵਿਤ ਮੁਤਾਬਕ ਅੰਗ੍ਰੇਜ਼ਾਂ ਨੂੰ ਪੁੱਛਣਾਂ ਤਾਂ ਬਣਦਾ ਹੀ ਹੈ ਕਿ ਜਦੋਂ ਵੀ ਸਿੱਖਾਂ ਦੇ ਭਾਰਤ ਵਿਚ ਕੁਚਲੇ ਜਾ ਰਹੇ ਅਧਿਕਾਰਾਂ ਅਤੇ ਕੀਤੇ ਜਾ ਰਹੇ ਕਤਲਾਂ ਸਬੰਧੀ ਸਿੱਖਾਂ ਨੇ ਇਹਨਾ ਕੋਲ ਪਿੱਟ ਸਿਆਪਾ ਕੀਤਾ ਹੈ ਤਾਂ ਇਹਨਾ ਦਾ ਇੱਕ ਟੁੱਕ ਜਵਾਬ ਹੁੰਦਾ ਸੀ ਕਿ ਉਹ ਭਾਰਤ ਦੇ ਨਿੱਜੀ ਮਾਮਲੇ ਵਿਚ ਦਖਲ ਨਹੀਂ ਦੇ ਸਕਦੇ ਤਾਂ ਫਿਰ ਦਰਬਾਰ ਸਾਹਿਬ ਤੇ ਹਮਲੇ ਸਬੰਧੀ ਇਹ ਆਪਣਾਂ ਦਖਲ ਕਿਓਂ ਦੇ ਸਕਦੇ ਹਨ?
ਪਿਛਲੇ ਦਿਨੀ ਜਦੋਂ ਸਿੱਖਾਂ ਨੂੰ ਫੈਕਟਰੀਆਂ ਵਿਚ ਲੋਹ ਟੋਪ ਪਹਿਨਣ ਦੀ ਰਾਹਤ ਮਿਲੀ ਤਾਂ ਇਸ ਤਰਾਂ ਦੇ ਸੰਕੇਤ ਆਉਣੇ ਸ਼ੁਰੂ ਹੋਏ ਕਿ ਮੌਜੂਦਾ ਸਰਕਾਰ ਥੈਚਰ ਦੇ ਸਮੇਂ ਵਿਚ ਕੀਤੀਆਂ ਗਲਤੀਆਂ ਦਾ ਪਛਤਾਵਾ ਕਰ ਰਹੀ ਸੀ ਜਦ ਕਿ 
ਜਿਸ ਦਿਨ ਤੋਂ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਸ਼੍ਰੀ ਅੰਮ੍ਰਿਤਸਰ ਦਰਸ਼ਨਾ ਲਈ ਗਿਆ ਸੀ ਤਾਂ ਲੇਬਰ ਪਾਰਟੀ ਵਲ ਝੁਕੀ ਹੋਈ ਸਿੱਖ ਮਾਨਸਿਕਤਾ ਨੇ ਕਰਵਟ ਵੀ ਲਈ ਸੀ। ਸਿੱਖਾਂ ਦੀ ਕੌਮੀ ਜਥੇਬੰਦੀ ਸਿੱਖ ਕੌਂਸਲ ਯੂ ਕੇ ਨੇ ਵੀ ਇਹ ਨੀਤੀ ਇਖਤਿਆਰ ਕੀਤੀ ਕਿ ਉਹ ਸਿੱਖ ਜਨਤਾ ਨੂੰ ਖੁਦ ਇਹ ਫੈਸਲਾ ਲੈਣ ਦੇਣਗੇ ਕਿ ਕਿਹੜੇ ਮੁੱਦਿਆਂ ਤੇ ਉਹਨਾ ਨੇ ਕਿਸ ਪਾਰਟੀ ਦਾ ਸਾਥ ਦੇਣਾਂ ਹੈ। ਇਸੇ ਸੰਦਰਭ ਵਿਚ ਜਦੋਂ ਦਰਬਾਰ ਸਾਹਿਬ ਦੇ ਹਮਲੇ ਵਿਚ ਬਰਤਾਨਵੀ ਮਿਲੀ ਭੁਗਤ ਦਾ ਮੁੱਦਾ ਗਰਮਾਇਆ ਤਾਂ ਯੂ ਕੇ ਦੇ ਸਿੱਖਾਂ ਦੀਆਂ ਪ੍ਰਮੁਖ ਦੋ ਜਥੇਬੰਦੀਆ ਸਿੱਖ ਕੌਂਸਲ ਯੂ ਕੇ ਅਤੇ ਸਿੱਖ ਫੈਡਰੇਸ਼ਨ ਮਹਿਜ਼ ਭਾਵੁਕ ਹੋਣ ਦੀ ਬਜਾਏ ਵਧੇਰੇ ਅਮਲੀ ਪਹੁੰਚ ਅਪਣਾਉਂਦਿਆ ਆਉਣ ਵਾਲੇ ਸਮੇਂ ਲਈ ਯੋਗ ਤਿਆਰੀ ਅਰੰਭ ਕਰ ਦਿੱਤੀ ਸੀ। ਐਤਵਾਰ ਦੋ ਫਰਵਰੀ ਨੂੰ ਗੁਰਦੁਆਰਾ ਤੇਗ ਬਹਾਦਰ ਲੈਸਟਰ ਵਿਖੇ ਇੱਕ ਇਕੱਠ ਕਰਕੇ ਇੱਕ ਸਟੀਅਰਿੰਗ ਗਰੁੱਪ ਦੀ ਸਥਾਪਨਾ ਕੀਤੀ ਗਈ ਸੀ ਜਿਸ ਨੇ ਚਲ ਰਹੀ ਜਾਂਚ ਤੇ ਆਪਣਾ ਪ੍ਰਤੀਕਰਮ ਦੇਣਾਂ ਸੀ। ਸਿੱਖ ਫੈਡਰੇਸ਼ਨ ਯੂ ਕੇ ਵਲੋਂ ਸਮੂਹਕ ਤੌਰ ਤੇ ਸਿੱਖਾਂ ਲਈ ਇੱਕ ਚਿੱਠੀ ਦਾ ਨਮੂਨਾ ਤਿਆਰ ਕਰਕੇ ਭਿਜਵਾਇਆ ਗਿਆ ਜਿਸ ਵਿਚ ਕਿ ਸਿੱਖ ਵੋਟਰਾਂ ਵਲੋਂ ਦਰਬਾਰ ਸਾਹਿਬ ਦੇ ਖੂਨ ਖਰਾਬੇ ਵਿਚ ਬਰਤਾਨਵੀ ਹਿਮਾਇਤ (UK GOVERNMENT COMPLICITY IN THE MASSACRE OF INNOCENT SIKHS IN JUNE 1984) ਬਾਰੇ ਬਾਰਾਂ ਅਹਿਮ ਨੁਕਤਿਆਂ ਵਲ ਧਿਆਨ ਦਿਵਾਇਆ ਗਿਆ ਸੀ। ਇਸ ਵਿਚ ਯੂ ਕੇ ਸਰਕਾਰ ਦੀ ਨੀਲਾ ਤਾਰਾ ਸਾਕਾ ਤੋਂ ਪਹਿਲਾਂ ਅਤੇ ਬਾਅਦ ਵਿਚ ਦਿੱਤੀ ਗਈ ਹਿਮਾਇਤ ਦੇ ਵੇਰਵੇ ; ਸਿੱਖ ਨਸਲਕੁਸ਼ੀ ਨੂੰ ਮਾਨਤਾ: ਭਾਰਤ ਖਿਲਾਫ ਸੰਭਾਵੀ ਸੈਂਕਸ਼ਨਜ਼; ਇਨਕੁਆਰੀ ਦੀਆਂ ਸ਼ਰਤਾਂ ਅਤੇ ਹੋਰ ਅਨੇਕਾਂ ਮੁੱਦੇ ਉਠਾਏ ਗਏ ਸਨ ਅਤੇ  ਫੈਡਰੇਸ਼ਨ ਵਲੋਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ 48 ਘੰਟਿਆਂ ਦੇ ਵਿਚ ਵਿਚ ਇਹ ਚਿੱਠੀ ਆਪਣੇ ਐਮ ਪੀਜ਼ ਨੂੰ ਈ ਮੇਲ ਕਰਨ।
ਦਰਬਾਰ ਸਾਹਿਬ ਤੇ ਹਮਲੇ ਸਬੰਧੀ ਇਹਨੀ ਹੀ ਦਿਨੀ ਕੌਮਾਂਤਰੀ ਪ੍ਰਸਿੱਧਿ ਦੇ ਰਸਾਲੇ ਇੰਡੀਆ ਟੂ ਡੇ ਦੇ ਇੱਕ ਪਤਰਕਾਰ ਵਲੋਂ ਇੱਕ ਹੋਰ ਸਨਸਨੀ ਖੇਜ਼ ਪ੍ਰਗਟਾਵਾ ਵੀ ਕੀਤਾ ਗਿਆ ਕਿ ਭਾਰਤੀ ਗੁਪਤਚਰ ਏਜੰਸੀ ਰਾਅ ਦੇ ਬਾਨੀ ਅਤੇ ਇੰਦਰਾਂ ਗਾਂਧੀ ਦੇ ਨਿੱਜੀ ਸਲਾਹਕਾਰ ਕੇ ਐਨ ਰਾਓ ਵਲੋਂ ਸੰਨ 1983 ਦੇ ਅਖੀਰ ਤੇ ਸੰਤ ਭਿੰਡਰਾਂਵਾਲਿਆਂ ਨੂੰ ਦਰਬਾਰ ਸਾਹਿਬ ਤੋਂ ਚੁੱਕਣ ਲਈ (ਅਪਹਰਣ ਕਰਨ ਲਈ) ਇਕ ਡੁੱਬਦਾ ਸੂਰਜ (Operation Sundown) ਨਾਮ ਦਾ ਗੁਪਤ ਛਾਪਾਮਾਰ ਹਮਲਾ ਵੀ ਉਲੀਕਿਆ ਗਿਆ ਸੀ । ਇਸ ਦੀ ਟਰੇਨਿੰਗ ਯੂ ਪੀ ਦੇ ਸਹਾਰਨਪੁਰ ਇਲਾਕੇ ਦੇ ਇੱਕ ਗੈਸਟ ਹਾਊਸ ਵਿਚ ਦਿੱਤੀ ਗਈ ਜਿਸ ਮੁਤਾਬਕ ਦਰਬਾਰ ਸਾਹਿਬ ਵਿਚ ਹੈਲੀਕਾਪਟਰਾਂ ਨਾਲ 200 ਕਰੀਬ ਕਮਾਂਡੋ ਉਤਾਰ ਕੇ ਸੰਤਾਂ ਦਾ ਅਪਹਰਣ ਕੀਤਾ ਜਾਣਾ ਸੀ ਪਰ ਇੰਦਰਾਂ ਨੇ ਇਸ ਨੂੰ ਇਹ ਕਹਿ ਕੇ ਅਮਲ ਵਿਚ ਨਾ ਲਿਆਂਦਾ ਕਿ ਇਸ ਨਾਲ ਭਾਰੀ ਜਾਨੀ ਨੁਕਸਾਨ ਹੋਣ ਦੇ ਅਨੁਮਾਨ ਸਨ। ਇੰਦਰਾਂ ਨੇ ਇਸ ਗੁਪਤ ਛਾਪਾਮਾਰ ਕਾਰਵਾਈ ਦੀ ਥਾਂ ਤੋਪਾਂ ਅਤੇ ਟੈਂਕਾਂ ਰਾਹੀਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਨੂੰ ਤਰਜੀਹ ਦਿੱਤੀ।
ਇੰਡੀਆ ਟੂ ਡੇ ਦੇ ਇੰਕਸ਼ਾਫ ਨਾਲ ਭਾਰਤੀ ਪ੍ਰਸਾਰਣ ਵਿਚ ਇੱਕ ਬਹਿਸ ਦਾ ਮਹੌਲ ਬਣ ਗਿਆ ਜਿਸ ਵਿਚ ਕਿ ਸੰਤ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਦੀ ਤਸਵੀਰ ਇੱਕ ਖੂਨਖਾਰ ਅੱਤਵਾਦੀਆਂ ਵਾਲੀ ਅਤੇ ਇੰਦਰਾਂ ਨੂੰ ਇੱਕ ਅੱਤ ਸਾਊ ਅਤੇ ਹਾਲਾਤਾਂ ਦੀ ਸ਼ਿਕਾਰ ਔਰਤ ਵਜੋਂ  ਵਿਖਾ ਕੇ ਪੇਸ਼ ਕੀਤਾ ਗਿਆ ਭਾਵੇਂ ਕਿ ਕੁਝ ਇਕ ਬਹਿਸ ਕਰਤਾ ਨੇ ਇਹ ਗੱਲ ਖੁਲ੍ਹ ਕੇ ਕਹੀ ਕਿ ਸੰਨ ਚੁਰਾਸੀ ਦਾ ਦਰਬਾਰ ਸਾਹਿਬ ਤੇ ਹਮਲਾ ਅਸਲ ਵਿਚ ਇੰਦਰਾਂ ਦਾ ਅਕਾਲੀਆਂ ਨੂੰ ਸਬਕ ਸਿਖਾਂਉਣ ਲਈ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹਮਲਾ ਸੀ। ਇਹ ਵੀ ਕਿਹਾ ਗਿਆ ਕਿ ਅਕਾਲੀਆਂ ਨੂੰ ਖਤਮ ਕਰਨ ਲਈ ਹੀ ਇੰਦਰਾਂ ਨੇ ਅਕਾਲੀ ਦਲ ਖਿਲਾਫ ਖਾੜਕੂ ਧਿਰਾਂ ਨੂੰ ਉਭਾਰ ਕੇ ਦਰਬਾਰ ਸਾਹਿਬ ਅੰਦਰ ਹਥਿਆਰ ਜਮ੍ਹਾਂ ਕਰਵਾਏ ਅਤੇ ਹਾਲਾਤਾਂ ਨੂੰ ਉਸ ਹੱਦ ਤਕ ਵਿਗੜ ਜਾਣ ਦਿੱਤਾ ਜਦੋਂ ਕਿ ਆਮ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਸਕਦਾ ਕਿ ਪੰਜਾਬ ਦੀ ਸ਼ਾਂਤੀ ਲਈ ਇਹ ਹਮਲਾ ਕਿੰਨਾ ਜਾਇਜ਼ ਸੀ। ਇੰਦਰਾਂ ਨੇ ਇਸ ਸਾਜਸ਼ ਦੀ ਦੇਸ਼ ਦੇ ਰਾਸ਼ਟਰਪਤੀ ਤਕ ਨੂੰ ਭਿਣਕ ਨਹੀਂ ਪੈਣ ਦਿੱਤੀ ਅਤੇ ਉਹ ਗਿਆਨੀ ਜ਼ੈਲ ਸਿੰਘ ਨੂੰ ਅਖੀਰ ਤਕ ਇਹ ਵਿਸ਼ਵਾਸ ਦਿਵਾਉਂਦੀ ਰਹੀ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਕੀਤਾ ਜਾਵੇਗਾ। ਇੰਡੀਆ ਟੁਡੇ ਦੀ ਬਹਿੰਸ ਸਬੰਧੀ ਇੱਕ ਮਧੂ ਕਿਸ਼ਵਰ ਨਾਮ ਦੀ ਔਰਤ ਦਾ ਜ਼ਿਕਰ ਕਰਨਾਂ ਮੁਨਾਸਬ ਹੋਵੇਗਾ ਕਿ ਉਸ ਨੇ ਇੰਦਰਾਂ ਦੀ ਸਿੱਖਾਂ ਖਿਲਾਫ ਸਾਜਸ਼ ਦਾ ਬੜੇ ਹੀ ਖਾੜਕੂ ਅੰਦਾਜ਼ ਵਿਚ ਭਾਂਡਾ ਭੰਨਿਆ ਹੈ। ਮਧੂ ਕਿਸ਼ਵਰ ਨਾਮ ਦੀ ਇਹ ਬੀਬੀ ਔਰਤਾਂ ਦੇ ਕੌਮਾਂਤਰੀ ਪ੍ਰਸਿੱਧੀ ਵਾਲੇ ਮਾਨੁਸ਼ੀ (MANUSHI) ਨਾਮ ਦੇ ਰਸਾਲੇ ਦੀ ਸੰਪਾਦਕ ਹੈ ਜਿਸ ਨੇ ਇੱਕ ਅਹਿਮ ਜ਼ਿਕਰ ਇਹ ਵੀ ਕੀਤਾ ਕਿ ਇੰਦਰਾਂ ਦੀ ਅਕਾਲੀਆਂ ਪ੍ਰਤੀ ਬਦਲੇ ਦੀ ਭਾਵਨਾਂ ਕਰਕੇ ਉਸ ਨੇ ਸੰਤ ਲੌਂਗੋਵਾਲ ਅਤੇ ਉਸ ਦੇ ਨਰਮ ਪਹੁੰਚ ਵਾਲੇ ਆਗੂਆਂ ਦਾ ਵੀ ਲਿਹਾਜ਼ ਨਹੀਂ ਕੀਤਾ ਜਿਹੜੇ ਕਿ ਪੰਜ ਵਾਰ ਦਿੱਲੀ ਉਸ ਕੋਲ ਮਸਲੇ ਦੇ ਰਾਜਨੀਤਕ ਹੱਲ ਲਈ ਦਾਦ ਫਰਿਆਦ ਲੈ ਕੇ ਗਏ ਸਨ।
ਇਹਨੀ ਹੀ ਦਿਨੀ ਕਾਮਾਗਾਟਾਮਾਰੂ ਦਲ ਦੇ ਮੁਖੀ ਸ:ਹਰਮੀਤ ਸਿੰਘ ਭਕਨਾਂ ਨੇ ਕਿਹਾ ਹੈ ਕਿ ਸੰਨ ਚੁਰਾਸੀ ਵਿਚ ਦਰਬਾਰ ਸਾਹਿਬ ਤੇ ਹਮਲੇ ਸਬੰਧੀ ਇੰਗਲੈਂਡ ਨਾਲੋਂ ਕਿਤੇ ਵਧ ਪਾਕਿਸਤਾਨ ਦੋਸ਼ੀ ਹੈ ਜ਼ਿਆ ਉਲ ਹੁੱਕ ਜੋ ਕਿ ਸਿੱਖਾਂ ਦਾ ਦੋਸਤ ਬਣਨ ਦਾ ਅਖੀਰ ਤਕ ਢੋਂਗ ਕਰਦਾ ਰਿਹਾ ਅਤੇ ਦਰਬਾਰ ਸਾਹਿਬ ਅੰਦਰ ਮੋਰਚੇ ਲਾਈ ਬੈਠੇ ਸਿੱਖ ਆਗੂਆਂ ਨਾਲ ਝੂਠੇ ਵਾਇਦਾ ਕਰਕੇ ਅਖੀਰ ਤੇ ਮੁੱਕਰ ਗਿਆ ਸੀ। ਜ਼ਿਆ ਉਲ ਹੱਕ ਦੀ ਹਿੱਕ ਵਿਚ ਇਕ ਸਰਦਾਰ ਜਰਨੈਲ ਵਲੋਂ 94,000 ਪਾਕਿਸਤਾਨੀਆਂ ਦੇ ਹਥਿਆਰ ਸੁਟਵਾ ਕੇ ਬੰਗਲਾ ਦੇਸ਼ ਬਣਾ ਦੇਣ ਦੀ ਅੱਗ ਤਾਂ ਜ਼ਰੂਰ ਧੁਖਦੀ ਹੋਏਗੀ ਪਰ ਸਿੱਖਾਂ ਨੂੰ ਖਾਲਿਸਤਾਨ ਦੀ ਕਾਇਮੀ ਲਈ ਭਾਰਤ ਤੇ ਹਮਲਾ ਕਰਨ ਦਾ ਫੋਕਾ ਭਰੋਸਾ ਦੇਣਾਂ ਤਾਂ ਮਹਿਜ਼ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਸੀ। ਜੇਕਰ ਪਾਕਿਸਤਾਨ ਹਵਾ ਨਾਂ ਦਿੰਦਾ ਤਾਂ ਸਿੱਖਾਂ ਦੇ ਹਰਿਮੰਦਰ ਸਾਹਿਬ ਸਮੂਹ ਵਿਚ ਅੱਗ ਨਹੀਂ ਸੀ ਲੱਗਣੀ। ਇੰਦਰਾਂ ਅਤੇ ਜ਼ਿਆ ਉਲ ਹੱਕ ਦੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਮਨਸੂਬੇ ਸਾਂਝੇ ਹੀ ਰਹੇ ਹੋਣਗੇ। ਦਰਬਾਰ ਸਾਹਿਬ ਸਮੂਹ ਵਿਚ ਹਥਿਆਰ ਭਿਜਵਾਉਣ ਵਾਲੇ ਅਤੇ ਹਥਿਆਰਾਂ ਦੀਆਂ ਇਹਨਾਂ ਖੇਪਾਂ ਨੂੰ ਨਜ਼ਰ ਅੰਦਾਜ਼ ਕਰਨ ਵਾਲੀ ਭਾਰਤੀ ਗੁਪਤਚਰ ਏਜੰਸੀ ਕੁਝ ਸਾਂਝੇ ਉਦੇਸ਼ਾਂ ਤੇ ਕੰਮ ਕਰ ਰਹੇ ਸਨ। ਇਹ ਇੱਕ ਐਸਾ ਕੌੜਾ ਇਤਹਾਸਕ ਸੱਚ ਹੈ ਜਿਹੜਾ ਕਿ ਕਿਸੇ ਦੇ ਵੀ ਹਲਕ ਵਿਚ ਨਹੀਂ ਉਤਰ ਰਿਹਾ।
ਦਰਬਾਰ ਸਾਹਿਬ ਤੇ ਸੰਨ ਚੁਰਾਸੀ ਦੇ ਹਮਲੇ ਸਬੰਧੀ ਕਿਸ ਦੇਸ਼ ਨੇ ਜਾਂ ਕਿਸ ਧਿਰ ਨੇ ਕੀ ਰੋਲ ਅਦਾ ਕੀਤਾ ਸ਼ਾਇਦ ਇਹ ਗੱਲ ਆਉਣ ਵਾਲੇ ਸਮੇਂ ਵਿਚ ਇੱਕ ਬੁਝਾਰਤ ਹੀ ਬਣੀ ਰਹੇ, ਪਰ ਇੱਕ ਗੱਲ ਨਿਸ਼ਚਤ ਹੈ ਕਿ ਸਿੱਖ ਆਪਣੇ  ਸੰਘਰਸ਼ ਵਿਚ ਬਿਲਕੁਲ ਇਕੱਲੇ ਹਨ ਸਿੱਖਾਂ ਦੀ ਕਾਮਯਾਬੀ ਦਾ ਮੁਨੱਸਰ ਸਿਰਫ ਤੇ ਸਿਰਫ ਇੱਕ ਸੱਚੀ ਸਰਕਾਰ ਦੇ ਆਸਰੇ ਤਕ ਸੀਮਤ ਹੈ। ਸੱਚੀ ਸਰਕਾਰ ਦਾ ਆਸਰਾ ਤਾਂ ਹੀ ਪ੍ਰਾਪਤ ਹੋਣਾਂ ਹੈ ਜੇਕਰ ਸਿੱਖ ਮਹਿਜ਼ ਭਾਵੁਕ ਅਤੇ ਫੋਕੀ ਨਾਅਰੇਬਾਜ਼ੀ ਦੀ ਬੇਲੋੜੀ ਜਹੀ ਤਲਖੀ ਤੋਂ ਉਪਰ ਉੱਠ ਕੇ ਪੰਜਾਬ ਅਤੇ ਭਾਰਤ ਵਿਚ ਦੂਸਰੇ ਭਾਈਚਾਰਿਆਂ ਨਾਲ ਸੁਖਾਵੇਂ ਸਬੰਧ ਬਣਾ ਕੇ ਚਲ ਸਕਣਗੇ। ਇੰਗਲਿਸਤਾਨ, ਪਾਕਿਸਤਾਨ ਜਾਂ ਕਿਸੇ ਵੀ ਹੋਰ ਸਤਾਨ ਨਾਲ ਮਨੁੱਖੀ ਭਾਈਚਾਰਾ ਤਾਂ ਮੁਨਾਸਬ ਹੈ ਪਰ ਆਪਣੀ ਅਜ਼ਾਦੀ ਦੀ ਕਿਸੇ ਤੋਂ ਕੋਈ ਉਮੀਦ ਰੱਖਣੀ ਬਚਕਾਨਾਂ ਗੱਲ ਹੀ ਹੋਵੇਗੀ।

                                 ____________O______________

No comments: