Friday, February 21, 2014

ਖਾਲੜਾ ਮਿਸ਼ਨ ਨੇ ਫਿਰ ਉਠਾਇਆ ਸਾਕਾ ਨੀਲਾ ਤਾਰਾ 'ਚ ਅਕਾਲੀ ਰੋਲ ਦਾ ਮਾਮਲਾ

ਬਾਦਲ ਦੀ ਇੰਦਰਾ ਨਾਲ ਯੋਜਨਾਬੰਦੀ ਦਾ ਸੱਚ ਵੀ ਸਾਹਮਣੇ ਆਉਣਾ ਚਾਹੀਦੈ 
ਅੰਮਿ੍ਤਸਰ: 21 ਫਰਵਰੀ2014: (ਪੰਜਾਬ ਸਕਰੀਨ): 
ਚੋਣਾਂ  ਦੀਆਂ ਸਰਗਰਮੀਆਂ ਸ਼ੁਰੂ ਹੁੰਦਿਆਂ ਹੀ ਅਤੀਤ ਦੀਆਂ ਪਰਤਾਂ ਫਰੋਲਣ ਦਾ ਸਿਲਸਿਲਾ ਸ਼ੁਰੂ ਗਿਆ ਹੈ। ਸਾਕਾ ਨੀਲਾ ਤਾਰਾ ਦੌਰਾਨ ਅਕਾਲੀ ਲੀਡਰਾਂ ਦੀ ਭੂਮਿਕਾ ਇੱਕ ਵਾਰ ਫਿਰ ਉਭਰ ਕੇ ਸਾਹਮਣੇ ਆ ਰਹੀ ਹੈ। ਖਾਲੜਾ ਮਿਸ਼ਨ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਵਲੋਂ ਆਰ. ਕੇ. ਧਵਨ ਨੂੰ ਲਿੱਖੀ ਚਿੱਠੀ ਇੱਕ ਵਾਰ ਫੇਰ ਮੀਡੀਆ ਵਿੱਚ ਜਾਰੀ ਕੀਤੀ ਗਈ ਹੈ। ਸਿੱਖ ਸੰਘਰਸ਼ ਦੇ ਮੁਤਾਬਿਕ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਸਾਕਾ ਨੀਲਾ ਤਾਰਾ ਬਾਰੇ ਜਿਵੇਂ ਇੰਗਲੈਂਡ ਦੀ ਮਦਦ ਦਾ ਗੁਪਤਾ ਸੱਚ ਨੰਗਾ ਹੋ ਰਿਹਾ ਹੈ ਇਸੇ ਤਰ੍ਹਾਂ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਾਕਾ ਨੀਲਾ ਤਾਰਾ ਬਾਰੇ ਇੰਦਰਾ ਗਾਂਧੀ ਨਾਲ ਕੀਤੀ ਯੋਜਨਾਬੰਦੀ ਦਾ ਸੱਚ ਵੀ ਸਾਹਮਣੇ ਆਉਣਾ ਚਾਹੀਦਾ ਹੈ | ਅੱਜ ਇਥੇ ਸੰਤ ਲੌਾਗੋਵਾਲ ਵਲੋਂ 25 ਅਪ੍ਰੈਲ, 1984 ਨੂੰ ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਆਰ. ਕੇ. ਧਵਨ ਨੂੰ ਲਿਖੀ ਚਿੱਠੀ ਜਾਰੀ ਕਰਦਿਆਂ ਖ਼ਾਲਡ਼ਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਪ੍ਰਚਾਰ ਸਕੱਤਰ ਕਾਬਲ ਸਿੰਘ, ਬੁਲਾਰੇ ਸਤਵਿੰਦਰ ਸਿੰਘ ਪਲਾਸੌਰ, ਭਾਈ ਸਤਵੰਤ ਸਿੰਘ ਮਾਣਕ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਾਗੋਵਾਲ ਵਲੋਂ ਲਿਖੀ ਇਸ ਚਿੱਠੀ ਨਾਲ ਸਿੱਖ ਹਿਰਦੇ ਛਲਣੀ-ਛਲਣੀ ਹੋ ਗਏ ਹਨ |

ਚਿੱਠੀ ‘ਚ ਲਿਖਿਆ ਗਿਆ ਹੈ ਕਿ ਸੰਤ ਭਿੰਡਰਾਂਵਾਲਾ ਆਪਣੀ ਜਿੱਦ ਨਹੀਂ ਛੱਡ ਰਿਹਾ ਤੇ ਸਾਨੂੰ ਉਹ ਸਭ ਕੁੱਝ ਕਰਨਾ ਪੈਣਾ ਹੈ, ਜਿਸ ਬਾਰੇ ਸ: ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਨ ਤੇ ਸੰਤ ਭਿੰਡਰਾਂ ਵਾਲੇ ਦੇ ਬੰਦੇ ਫੌਜ ਦੇਖ਼ ਕੇ ਭੱਜ ਜਾਣਗੇ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਕਿ ਸ: ਬਾਦਲ ਨੇ ਕੇਂਦਰੀ ਮੰਤਰੀਆਂ ਨਾਲ ਮਈ ਮਹੀਨੇ ਦੇ ਅਖ਼ੀਰ ‘ਚ ਗੁਪਤ ਮੀਟਿੰਗਾਂ ਕੀਤੀਆਂ ਤੇ 26 ਮਈ 1984 ਨੂੰ ਸਾਕਾ ਨੀਲਾ ਤਾਰਾ ਤੋਂ ਕੁੱਝ ਦਿਨ ਪਹਿਲਾਂ ਆਪਣੇ ਯੂ. ਪੀ. ਵਾਲੇ ਫਾਰਮ ‘ਚ ਲੁਕ ਗਿਆ | ਇਸ ਸਚਾਈ ‘ਤੇ ਮੋਹਰ ਲਾਉਂਦਾ ਹੈ |

ਉਨ੍ਹਾਂ ਕਿਹਾ ਕਿ ਅੰਮਿ੍ਤਸਰ ਦੇ ਉਸ ਸਮੇਂ ਦੇ ਡੀ. ਸੀ. ਰਮੇਸ਼ ਇੰਦਰ ਸਿੰਘ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਫ਼ੌਜੀ ਹਮਲੇ ਸਮੇਂ ਫ਼ੌਜ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਆਉਣ ਦੀ ਲਿਖ਼ਤੀ ਆਗਿਆ ਦਿੱਤੀ ਸੀ, ਨੂੰ ਬਾਦਲ ਸਰਕਾਰ ਨੇ ਮੁੱਖ ਸਕੱਤਰ ਲਾ ਕੇ ਤੇ ਹੋਰ ਉਚੇ ਅਹੁਦੇ ਬਖ਼ਸ਼ੇ | ਜਦੋਂਕਿ ਉਸ ਸਮੇਂ ਦੇ ਡੀ. ਸੀ. ਸ: ਗੁਰਦੇਵ ਸਿੰਘ ਬਰਾਡ਼ ਨੇ ਫੌਜ ਦੇ ਦਾਖ਼ਲੇ ਦੀ ਆਗਿਆ ਦੇਣ ਦੀ ਬਜਾਏ ਅਸਤੀਫ਼ਾ ਦੇਣਾ ਠੀਕ ਸਮਝਿਆ |

ਉਨ੍ਹਾਂ ਦੋਸ਼ ਲਾਇਆ ਕਿ ਸ: ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚੋਂ ਫੌਜੀ ਹਮਲੇ ਦੇ ਨਿਸ਼ਾਨ ਇਸੇ ਯੋਜਨਾਬੰਦੀ ਅਧੀਨ ਮਿਟਾਏ | ਇਸ ਪੱਤਰ ‘ਚ ਸੰਤ ਲੌਾਗੋਵਾਲ ਨੇ ਆਪਣੇ ਸਕੱਤਰ ਗੁਰਚਰਨ ਸਿੰਘ ਦਾ ਹਵਾਲਾ ਦਿੰਦਿਆਂ ਖਦਸ਼ਾ ਪ੍ਰਗਟਾਇਆ ਹੈ ਕਿ ਉਸਦੀ ਜ਼ਿੰਦਗੀ ਖ਼ਤਰੇ ‘ਚ ਹੈ | ਇਹ ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਸਾਕਾ ਨੀਲਾ ਤਾਰਾ ਦੌਰਾਨ ਬੰਬ ਧਮਾਕੇ ‘ਚ ਮਾਰੇ ਗਏ ਸਨ |

No comments: