Thursday, February 20, 2014

ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ 'ਚੁੱਪ ਨਦੀ ਤੇ ਮੈਂ' ਲੋਕ ਅਰਪਣ

Wed, Feb 19, 2014 at 5:24 PM
ਉਹ ਸ਼ਬਦਾਂ ਦਾ ਪ੍ਰਕਾਸ਼ਕ ਹੀ ਨਹੀਂ ਸ਼ਬਦਾਂ ਦਾ ਸਿਰਜਕ ਵੀ ਹੈ-ਡਾ. ਹੁੰਦਲ
ਲੁਧਿਆਣਾ, 19 ਫਰਵਰੀ 2014: (ਬੁੱਧ ਸਿੰਘ ਨੀਲੋਂ//ਪੰਜਾਬ ਸਕਰੀਨ):
ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਨਾਮਵਰ ਪ੍ਰਕਾਸ਼ਕ ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ 'ਚੁੱਪ ਨਦੀ ਤੇ ਮੈਂ' ਅੱਜ ਇੱਥੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਐਨ ਵਿਭਾਗ ਦੇ ਪ੍ਰੋਫੈਸਰ ਤੇ ਪ੍ਰਸਿੱਧ ਚਿੰਤਕ ਡਾ. ਹਰਿਭਜਨ ਸਿੰਘ ਭਾਟੀਆ ਨੇ ਲੋਕ ਅਰਪਣ ਕੀਤਾ। ਇਸ ਮੌਕੇ ਡਾ. ਭਾਟੀਆ ਨੇ ਸਤੀਸ਼ ਗੁਲਾਟੀ ਦੀਆਂ ਗ਼ਜ਼ਲਾਂ ਬਾਰੇ ਬੋਲਦਿਆਂ ਕਿਹਾ ਕਿ ਉਹ ਵੱਖਰੇ ਚਿਨ੍ਹਾਂ ਤੇ ਪ੍ਰਤੀਕਾਂ ਰਾਹੀਂ ਸਾਡੇ ਆਲੇ-ਦੁਆਲੇ ਪਸਰੇ ਸੰਸਾਰ ਦੀਆਂ ਕੁਰੀਤੀਆਂ ਅਤੇ ਸਮੱਸਿਆਵਾਂ ਨੂੰ ਉਜਾਗਰ ਕਰਨ ਦੀ ਸਮਰਥਾ ਰੱਖਦਾ ਹੈ। ਉਸਦੀ ਸ਼ਬਦਾਵਲੀ ਅਤੇ ਗ਼ਜ਼ਲ ਸਿਨਫ਼ ਦੀ ਪ੍ਰਪਖੱਤਾ ਉਸ ਨੂੰ ਮੂਹਰਲੀ ਕਤਾਰ ਦੇ ਸ਼ਾਇਰਾਂ ਵਿਚ ਸ਼ਾਮਲ ਕਰਦੀ ਹੈ। ਪ੍ਰੋ. ਰਵਿੰਦਰ ਭੱਠਲ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਨੇ ਕਿਹਾ ਕਿ ਸਤੀਸ਼ ਗੁਲਾਟੀ ਸਿਰਫ਼ ਚੁੱਪ ਨੂੰ ਹੀ ਬੋਲ ਨਹੀਂ ਦਿੰਦਾ ਸਗੋਂ ਸਮੱਸਿਆ ਦੀ ਸਮੀਖਿਆ ਤੇ ਵਿਅੰਗ ਯੁਕਤ ਉਸਦੀ ਸ਼ਾਇਰੀ ਦੇ ਵਿਸ਼ੇਸ਼ ਗੁਣ ਵਜੋਂ ਸਾਡੇ ਸਾਹਮਣੇ ਆਉਂਦੀ ਹੈ। ਇਸ ਮੌਕੇ ਡਾ. ਗੁਰਮੀਤ ਸਿੰਘ ਹੁੰਦਲ ਨੇ ਸਤੀਸ਼ ਗੁਲਾਟੀ ਨੂੰ ਇਕ ਗੰਭੀਰ ਤੇ ਸੁਚੇਤ ਸ਼ਾਇਰ ਵਜੋਂ ਸਮਝਦਿਆਂ ਹੋਇਆ ਕਿਹਾ ਕਿ ਉਹ ਸ਼ਬਦਾਂ ਦਾ ਪ੍ਰਕਾਸ਼ਕ ਹੀ ਨਹੀਂ ਸ਼ਬਦਾਂ ਦਾ ਸਿਰਜਕ ਵੀ ਹੈ। ਡਾ. ਰਾਜਵਿੰਦਰ ਕੌਰ ਹੁੰਦਲ ਨੇ ਕਿਹਾ ਕਿ ਸਤੀਸ਼ ਗੁਲਾਟੀ ਦੀ ਸ਼ਾਇਰੀ ਇਉਂ ਲਗਦੀ ਹੈ ਜਿਵੇਂ ਸਾਡੇ ਹੀ ਮਨ ਦੀਆਂ ਭਾਵਨਾਵਾਂ ਵਿਅਕਤ ਕੀਤੀਆਂ ਹੋਣ। ਕੈਨੇਡਾ ਵਾਸੀ ਸ਼ਾਇਰ ਮੰਗਾ ਬਾਸੀ ਨੇ ਬੋਲਦਿਆਂ ਕਿਹਾ ਕਿ ਉਸ ਦੇ ਆਲੇ ਦੁਆਲੇ ਪੁਸਤਕਾਂ ਦਾ ਸੰਸਾਰ ਹੀ ਨਹੀਂ ਹੈ ਸਗੋਂ ਉਹ ਸ਼ਬਦ ਸਾਦਕ ਤੇ ਸ਼ਬਦ ਪ੍ਰਚਾਰਕ ਵੀ ਹੈ। ਇਸ ਮੌਕੇ ਡਾ. ਗੁਰਇਕਬਾਲ ਸਿੰਘ, ਅ੍ਰਮਿਤਪਾਲ ਜੌਲੀ, ਬੁੱਧ ਸਿੰਘ ਨੀਲੋਂ, ਸੁਮਿਤ ਗੁਲਾਟੀ, ਕਰਤਾਰ ਸਿੰਘ ਸੋਮਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮੁੱਚੀ ਕਾਰਵਾਈ ਨੂੰ ਬੁੱਧ ਸਿੰਘ ਨੀਲੋਂ ਨੇ ਬੜੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ।

No comments: