Tuesday, February 18, 2014

ਫੂਲਕਾ ਵੱਲੋਂ ਸੁਖਬੀਰ ਬਾਦਲ ਨੂੰ ਇੱਕ ਹਫਤੇ ਦਾ ਅਲਟੀਮੇਟਮ

ਚਾਰ ਪ੍ਰਮੁੱਖ ਪੱਤਰਕਾਰਾਂ ਨੂੰ ਦਿੱਤਾ ਸਚ ਦੀ ਭਾਲ ਦਾ ਸੱਦਾ 
ਫਾਈਲ ਫੋਟੋ: ਜਦੋਂ ਵੀ ਸ੍ਰ. ਫੂਲਕਾ ਕਿਸੇ ਜਨਤਕ ਸਥਾਨ ਤੇ ਜਾਂਦੇ ਹਨ ਤਾਂ ਨਵੰਬਰ-84 'ਚ ਖਤਰਾ ਮੁੱਲ ਲੈ ਕੇ ਲੜੇ ਗਏ ਕੇਸਾਂ ਕਾਰਨ ਉਹਨਾਂ ਦੀ ਇੱਕ ਝਲਕ ਦੇਖਣ ਲਈ ਲੋਕਾਂ ਦੀ ਭੀੜ ਲੱਗ ਜਾਂਦੀ ਹੈ।  ਵਿਰੋਧੀ ਜੋ ਮਰਜੀ ਆਖਣ ਪਰ  ਨਵੰਬਰ-84 ਦੇ ਭੁਗਤ ਭੋਗੀਆਂ ਲਈ ਉਹ ਨਾਇਕ ਬਣ ਕੇ ਉਭਰੇ ਹਨ।  ਇਹ ਤਸਵੀਰ ਰਾਸ਼ਟਰੀ ਵਿਕਾਸ ਮੰਚ ਵੱਲੋਂ ਆਯੋਜਿਤ ਇੱਕ ਸਾਦਾ ਜਹੇ ਪ੍ਰੋਗ੍ਰਾਮ ਦੀ ਹੈ।  
ਲੁਧਿਆਣਾ: 18 ਫਰਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਆਉਂਦੀਆਂ ਲੋਕਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਲੁਧਿਆਣੇ ਤੋਂ ਉਮੀਦਵਾਰ ਐੱਚ.ਐੱਸ ਫੂਲਕਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇੱਕ ਹਫਤੇ ਦਾ ਸਮਾਂ ਦੇਂਦਿਆਂ ਕਿਹਾ ਹੈ ਕਿ ਜਾਂ ਤਾਂ ਸੁਖਬੀਰ ਬਾਦਲ ਆਪਣੇ ਲੈ ਦੋਸ਼ਾਂ ਨੂੰ ਸਿਧ ਕਰਨ ਤੇ ਜਾਂ ਫਿਰ ਆਪਣੀ ਮੰਤਰੀ ਪਦ ਵਾਲੀ ਕੁਰਸੀ ਅਤੇ ਅਕਾਲੀ ਦਲ ਦੋਹਾਂ ਨੂੰ ਛੱਡ ਕੇ ਲਾਂਭੇ ਹੋ ਜਾਣ। ਨਵੰਬਰ-84 ਦੇ ਕੇਸਾਂ ਨੂੰ ਲੜਨ ਲਈ ਮੋਟੀਆਂ ਫੀਸਾਂ ਲੈਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਉਹਨਾਂ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਨਵੰਬਰ 1984 ਦੇ ਪੀੜਤਾਂ ਨਾਲ ਸੰਬੰਧਤ ਸਾਰੇ ਕੇਸ ਪੂਰੀ ਤਰ੍ਹਾਂ ਮੁਫ਼ਤ ਲੜੇ ਹਨ ਅਤੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ। ਇਸਦੇ ਨਾਲ ਹੀ ਉਹਨਾਂ ਇਹ ਵੀ ਆਖਿਆ ਕੀ ਫੀਸ ਲੈਣਾ ਵਕੀਲ ਦਾ ਹਕ ਬਣਦਾ ਹੈ ਪਰ ਉਹਨਾਂ ਨੇ ਆਪਣਾ ਇਹ ਬਣਦਾ ਹੱਕ ਵੀ ਨਹੀਂ ਵਰਤਿਆ। ਮੰਗਲਵਾਰ ਨੂੰ ਐੱਚ.ਐੱਸ ਫੂਲਕਾ ਨੇ ਲੁਧਿਆਣਾ ਵਿੱਚ ਆਪਣੇ ਇੱਕ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਭਰੇ ਗਲੇ ਨਾਲ ਬਹੁਤ ਹੀ ਜਜ਼ਬਾਤੀ ਹੋ ਕੇ ਇਹ ਗੱਲ ਕਹੀ। ਸਾਰੇ ਦੇਖ ਸਕਦੇ ਸਨ ਕਿ ਉਹਨਾਂ ਅੰਦਰ ਹੰਝੂਆਂ ਦਾ ਹੜ੍ਹ ਰੋਕਿਆ ਹੋਇਆ ਹੈ। ਉਹਨਾਂ ਸਾਫ਼ ਕਿਹਾ ਕਿ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਨਹੀਂ ਲਿਜਾਣਗੇ ਕਿਓਂਕਿ ਅਦਾਲਤ ਵਿੱਚ ਕੇਸ ਕਈ ਕਈ ਸਾਲ ਲਟਕਦੇ ਹਨ--ਬੜਾ ਲੰਮਾ ਸਮਾਂ ਲਗਦਾ ਹੈ। ਉਹਨਾਂ ਕਿਹਾ ਕਿ ਉਹ ਇਸ ਮੁੱਦੇ ਤੇ ਦੇਸ਼ ਦੇ ਚਾਰ ਪ੍ਰਮੁੱਖ ਪੱਤਰਕਾਰਾਂ ਨੂੰ ਚਿੱਠੀ ਲਿਖ ਰਹੇ ਹਨ ਕਿ ਓਹ ਪੱਤਰਕਾਰ ਖੁਦ ਇਸ ਮਾਮਲੇ ਵਿੱਚ ਆਉਣ ਜੇ ਖੁਦ ਨਹੀਂ ਆ ਸਕਦੇ ਤਾਂ ਆਪਣੇ ਪ੍ਰਤੀਨਿਧੀ ਰਾਹੀਂ ਸੁਖਬੀਰ ਬਾਦਲ ਕੋਲੋਂ ਇਸਦੇ ਸਬੂਤ ਮੰਗਣ। 

ਸ੍ਰ. ਫੂਲਕਾ ਨੇ ਕਿਹਾ ਕਿ ਜੇ ਉਹ ਇਸ ਮਾਮਲੇ ਵਿੱਚ ਦੋਸ਼ੀ ਸਾਬਿਤ ਹੋਏ ਤਾਂ ਸਿਆਸਤ ਦੇ ਨਾਲ ਨਾਲ ਕਾਨੂੰਨ ਦਾ ਪਵਿੱਤਰ ਪੇਸ਼ਾ ਵੀ ਛੱਡ ਦੇਣਗੇ ਅਤੇ ਜੇ ਸੁਖਬੀਰ ਬਾਦਲ ਦੋਸ਼ੀ ਸਾਬਿਤ ਹੋਏ ਤਾਂ ਉਹ ਵੀ ਆਪਣੀ ਕੁਰਸੀ ਅਤੇ ਅਕਾਲੀ ਦਲ ਦੋਵੇਂ ਛੱਡ ਦੇਣ। ਆਮ ਤੌਰ ਤੇ ਬੇਹੱਦ ਨਾਜ਼ੁਕ ਮੌਕਿਆਂ ਤੇ ਵੀ ਸ਼ਾਂਤ ਅਤੇ ਸੰਤੁਲਿਤ ਰਹਿਣ ਵਾਲੇ ਫੂਲਕਾ ਅੱਜ ਮੀਡੀਆ ਨਾਲ ਗੱਲ ਕਰਦਿਆਂ ਇੱਕ ਵਾਰ ਨਹੀਂ ਕਈ ਵਾਰ ਭਾਵੁਕ ਹੋਏ। ਉਹਨਾਂ ਦੇ ਦਿਲ ਤੇ ਲੱਗੀ ਚੋਟ ਉਹਨਾਂ ਦਾ ਚੇਹਰਾ ਵੀ ਬਿਆਨ ਕਰ ਰਿਹਾ ਸੀ ਅਤੇ ਉਹਨਾਂ ਦੀ ਭਰੇ ਗਲੇ ਚੋਂ ਨਿਕਲਦੀ ਆਵਾਜ਼ ਵੀ। ਨਵੰਬਰ-84 ਦੀ ਦਰਿੰਦਗੀ ਵਰਗੇ ਮਾਮਲੇ ਵਿੱਚ ਵੀ ਅਡੋਲ ਰਹਿਣ ਵਾਲਾ ਇਹ ਲੋਹ ਪੁਰਸ਼ ਵੀ ਅੱਜ ਰੋਣ ਹਾਕਾ ਹੋਇਆ ਹੋਇਆ ਪਿਆ ਸੀ। ਸ਼ਾਇਦ ਸਿਆਸਤ ਹੁੰਦੀ ਹੀ ਪੱਥਰ ਦਿਲ ਲੋਕਾਂ ਲਈ ਹੈ। 
ਫਾਈਲ ਫੋਟੋ: ਰਾਸ਼ਟਰੀ ਵਿਕਾਸ ਮੰਚ ਵੱਲੋਂ ਆਯੋਜਿਤ ਸਵਾਗਤੀ ਸਮਾਰੋਹ ਵਿੱਚ ਸ੍ਰ. ਫੂਲਕਾ , ਡਾਕਟਰ ਭੱਲਾ  ਅਤੇ ਗੁਰਿੰਦਰ ਸੂਦ  
ਕਾਬਿਲੇ ਜ਼ਿਕਰ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਸਮਾਣਾ ਵਿਖੇ ਕਿਹਾ ਸੀ ਕਿ ਫੂਲਕਾ ਨੇ 1984 ਦੇ ਦੰਗਾਂ ਪੀੜਤਾਂ ਨਾਲ ਸੰਬੰਧਤ ਸਾਰੇ ਕੇਸ ਮੋਟੀਆਂ ਮੋਟੀਆਂ ਫੀਸਾਂ ਲੈ ਕੇ ਲੜੇ ਹਨ। ਇਸ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਅਤੇ ਐੱਚ.ਐੱਸ ਫੂਲਕਾ ਵਿਚਾਲੇ ਵਾਕ-ਯੁਧ ਛਿੜ ਪਿਆ ਹੈ ਜਿਸ ਨਾਲ ਹੁਣ ਬਹੁਤ ਕੁਝ ਹੋਰ ਵੀ ਸਾਹਮਣੇ ਆਵੇਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਅਹਿਮ ਪ੍ਰਗਟਾਵਿਆਂ ਤੋਂ ਬਾਅਦ ਸ੍ਰ. ਫੂਲਕਾ ਵੱਲੋਂ ਦਿੱਤਾ ਗਿਆ ਅਲਟੀਮੇਟਮ ਹੁਣ ਅਕਾਲੀ ਲੀਡਰਸ਼ਿਪ ਲਈ ਇੱਕ ਨਵੀਂ ਚੁਨੌਤੀ ਬਣ ਕੇ ਸਾਹਮਣੇ ਆਇਆ ਹੈ। 

ਜਿਕਰਯੋਗ ਹੈ ਕਿ ਐੱਚ.ਐੱਸ ਫੂਲਕਾ ਨੂੰ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਐੱਚ.ਐੱਸ ਫੂਲਕਾ ਪੇਸ਼ੇ ਤੋਂ ਇਕ ਵਕੀਲ ਹਨ, ਜਿਹੜੇ ਲੰਬੇ ਸਮੇਂ ਤੋਂ 1984 ਦੇ ਪੀੜਿਤ ਪਰਿਵਾਰਾਂ ਦੇ ਕੇਸਾਂ ਨੂੰ ਦੇਖ ਰਹੇ ਹਨ। ਸਿਆਸੀ ਹਲਕਿਆਂ ਵਿੱਚ ਪਹਿਲਾਂ ਹੀ ਇਹ ਚਰਚਾ  ਸੀ ਕੀ ਅਕਾਲੀ ਦਲ ਕੋਲ ਕੇਂਦਰੀ ਮੰਤਰੀ ਮਨੀਸ ਤਿਵਾੜੀ ਦੇ ਮੁਕਾਬਲੇ ਕੋਈ ਕਾਬਿਲ ਉਮੀਦਵਾਰ ਨਹੀਂ ਹੈ ਪਰ ਐਡਵੋਕੇਟ ਫੂਲਕਾ ਦੇ ਮੈਦਾਨ ਵਿੱਚ ਆ ਜਾਣ ਤੋਂ ਬਾਅਦ ਅਕਾਲੀ ਉਮੀਦਵਾਰ ਦੀ ਭਾਲ ਹੁਣ ਹੋਰ ਔਖੀ ਹੋ ਗਈ ਹੈ। ਸ੍ਰ. ਫੂਲਕਾ ਦੇ ਮੈਦਾਨ ਵਿੱਚ ਆ ਜਾਣ ਤੋਂ ਬਾਅਦ ਹੁਣ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਲਈ ਹੀ ਇਹ ਮੁਸ਼ਕਿਲ ਖੜੀ ਹੋ ਗਈ ਹੈ ਕਿ ਨਵੰਬਰ-84 ਦੇ ਨਾਇਕ ਵੱਜੋ ਉਭਰੇ ਸ੍ਰ. ਫੂਲਕਾ ਦੇ ਮੁਕਾਬਲੇ ਕਿਸ ਨੂੰ ਖੜਾ ਕੀਤਾ ਜਾਵੇ। 

No comments: