Friday, February 14, 2014

ਹੁਣ ਸ਼ਹੀਦ ਭਗਤ ਸਿੰਘ ਤੇ ਇੱਕ ਹੋਰ ਸੂਖਮ ਹਮਲਾ

ਸ਼ਹਾਦਤ ਦੀ ਤਾਰੀਖ ਬਾਰੇ ਭੁਲੇਖੇ ਖੜ੍ਹੇ ਕਰਨ ਦੀ ਗੰਭੀਰ ਸਾਜ਼ਿਸ਼ 
ਲੁਧਿਆਣਾ:ਸੋਸ਼ਲ ਮੀਡੀਆ ਦੇ  ਆਉਣ ਨਾਲ ਜਿੱਥੇ ਸੰਚਾਰ ਅਤੇ ਅਤੇ ਮੀਡੀਆ ਸੇ ਖੇਤਰ ਵਿੱਚ ਕਈ ਨਵੀਆਂ ਉਮੀਦਾਂ ਜਾਗੀਆਂ ਹਨ ਉੱਥੇ ਗੈਰ ਜ਼ਿੰਮੇਵਾਰੀ ਅਤੇ  ਸ਼ਰਾਰਤਾਂ ਵਾਲਾ ਮਾਹੌਲ ਵੀ ਇੱਕ ਨਵੇਂ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਵਿਰੋਧੀ ਲੋਕਾਂ ਦੀਆਂ ਸ਼ਖਸਅਤਾਂ ਦੇ ਨਾਲ ਨਾਲ ਵਿਰੋਧੀ ਵਿਚਾਰਾਂ ਉੱਪਰ ਵੀ ਸੂਖਮ ਕਿਸਮ ਦੇ ਹਮਲੇ ਕੀਤੇ ਜਾ ਰਹੇ ਹਨ। ਹੁਣ ਤੱਕ ਦੇ ਵਿਸ਼ਵਾਸਾਂ ਅਤੇ ਭਰੋਸਿਆਂ ਨੂੰ ਤੋੜਨ ਲੈ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਅਤੇ ਭਰਮ ਫੈਲੇ ਜਾ ਰਹੇ ਹਨ। ਇਸ ਕਿਸਮ ਦਾ ਇੱਕ ਸਾਜਿਸ਼ੀ ਰੁਝਾਨ ਸਾਹਮਣੇ ਆਇਆ ਹੈ ਵੈਲੇੰਟਾਈਨ ਦੇ ਦੇ ਮੌਕੇ ਤੇ। ਇਸ ਵਾਰ ਮੋਹੱਬਤ ਦੇ ਇਜ਼ਹਾਰ ਵਾਲੇ ਇਸ ਦਿਨ ਉੱਪਰ ਇੱਕ ਨਵਾਂ ਸ਼ੋਸ਼ਾ ਛੱਡਿਆ ਗਿਆ ਹੈ ਕਿ ਇਸ ਦਿਨ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ। ਇਸ ਸਾਜ਼ਿਸ਼ੀ ਪ੍ਰਚਾਰ ਨਾਲ ਇੱਕ ਤਾਂ ਇਸ ਦਿਨ ਦੇ ਪ੍ਰੇਮ ਸੁਨੇਹੇ ਨੂੰ ਲੋਕਾਂ ਦੇ ਦਿਲੋਂ ਹਟਾ ਕੇ ਕਿਸੇ ਹੋਰ ਪਾਸੇ ਲਾਇਆ ਜਾ ਰਿਹਾ ਹੈ ਉਸਦੇ ਨਾਲ ਹੀ ਲੋਕਾਂ ਦੇ ਦਿਲਾਂ ਵਿੱਚੋਂ ਲੋਕ ਨਾਇਕ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸ਼ਹਾਦਤ ਵਾਲੀ ਤਾਰੀਖ 23 ਮਾਰਚ ਨੂੰ ਲੋਕਾਂ ਦੇ ਦਿਲਾਂ ਚੋਣ ਲਾਹੁਣ ਦੀ ਨਾਪਾਕ ਕੋਸ਼ਿਸ਼ ਕੀਤੀ ਜਾ ਰਾਹੀ ਹੈ। ਕਾਬਿਲੇ ਜ਼ਿਕਰ ਹੈ ਕਿ ਮੁਹੱਬਤ ਦਾ ਦਿਨ ਸਮਝੇ ਜਾਂਦੇ ਵੈਲੇਨਟਾਈਨ ਡੇਅ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਸੋਸ਼ਲ ਮੀਡੀਆ 'ਤੇ ਨਾ ਸਿਰਫ ਸ਼ਹੀਦਾਂ ਦਾ ਮਜ਼ਾਕ ਬਣਾਉਣ ਦਾ ਜ਼ਰੀਆ ਬਣਾ ਲਿਆ ਹੈ ਬਲਕਿ ਸ਼ਹੀਦੀ ਦੀ ਅਸਲ ਤਾਰੀਖ ਬਾਰੇ ਭੁਲੇਖੇ ਵੀ ਖੜੇ ਕੀਤੇ ਜਾ ਰਹੇ ਹਨ। ਇਸ ਸਾਜਿਸ਼ ਅਧੀਨ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਸਲ ਵਿੱਚ ਅੱਜ ਦੇ ਦਿਨ ਹੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਦੀ ਜੇਲ 'ਚ ਫਾਂਸੀ ਦਿੱਤੀ ਗਈ ਸੀ। ਇਥੇ ਇਹ ਸਪਸ਼ਟ ਕਰਨਾ ਜਰੂਰੀ ਹੈ ਕਿ ਇਹ ਗੱਲ ਇਤਿਹਾਸਕ ਤੱਥਾਂ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਗਲਤ ਹੈ। ਇਹ ਗੁੰਮਰਾਹ ਕੁੰਨ ਪ੍ਰਚਾਰ ਕਿਸ ਥਾਂ ਤੋਂ ਸ਼ੁਰੂ ਹੋਇਆ ਇਸਦਾ ਪਤਾ ਲਾਇਆ ਜਾਣਾ ਚਾਹੀਦਾ ਹੈ।  
ਇੰਟਰਨੈਟ ਮੀਡੀਆ ਵਿੱਚ ਇਸਨੂੰ ਲੈ ਕੇ ਅੱਜ ਸਾਰਾ ਦਿਨ ਕਾਫੀ ਹਲਚਲ ਰਹੀ। ਤੁਹਾਡੀ ਸਕਰੀਨ 'ਤੇ ਇਸ ਕਿਸਮ ਦਾ ਜਿਹੜਾ ਸੁਨੇਹਾ ਨਜ਼ਰ ਆ ਰਿਹਾ ਹੈ, ਇਹ ਵੈਲੇਨਟਾਈਨ ਡੇਅ ਦੇ ਮੌਕੇ ਵਟਸ ਐਪ, ਫੇਸਬੁੱਕ ਅਤੇ ਹੋਰ ਕਈ  ਤਰ੍ਹਾਂ ਦੇ ਸੋਸ਼ਲ ਮੀਡੀਆ 'ਤੇ ਵਾਇਰਿਲ ਦੀ ਤਰ੍ਹਾਂ ਫੈਲਿਆ ਹੋਇਆ ਹੈ। ਜਦਕਿ 14 ਫਰਵਰੀ ਦੇ ਦਿਨ ਦਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ਤਿੰਨਾਂ ਸ਼ਹੀਦਾਂ ਨੂੰ 23 ਮਾਰਚ 1931 ਨੂੰ ਹੀ ਫਾਂਸੀ ਦਿੱਤੀ ਗਈ ਸੀ ਅਤੇ ਇਨ੍ਹਾਂ ਦੀ ਸ਼ਹਾਦਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੈਲੇਨਟਾਈਨ ਡੇਅ ਨਾਲ ਜੋੜ ਕੇ ਅਸਲ ਵਿੱਚ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾ ਰਹੇ ਹਨ।   ਇੱਕ ਤਾਂ ਇਸ ਦਿਨ ਦਾ  ਮਹਤਵ ਘਟਾਇਆ ਜਾ ਰਿਹਾ ਹੈ ਦੂਜੇ ਪਾਸੇ ਸ਼ਹੀਦਾਂ ਦੀ ਤਾਰੀਖ ਬਾਰੇ ਭੁਲੇਖਾ ਖੜਾ ਕੀਤਾ ਜਾ ਰਿਹਾ ਹੈ।  ਹਕੀਕਤ ਵਿੱਚ ਇਹ ਪ੍ਰਚਾਰ ਤੱਥਾਂ ਤੋਂ ਪੂਰੀ ਤਰ੍ਹਾਂ ਪਰ੍ਹੇ ਹੈ। ਹਾਂ ਏਨੀ ਗੱਲ ਜਰੂਰ ਹੈ ਕਿ 14 ਫਰਵਰੀ 1931 ਨੂੰ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਮਦਨ ਮੋਹਨ ਮਾਲਵੀਆ ਨੇ ਅਦਾਲਤ 'ਚ ਪਾਈ ਅਰਜ਼ੀ 'ਚ ਇਨ੍ਹਾਂ ਤਿੰਨਾਂ ਆਜ਼ਾਦੀ ਘੁਲਾਟੀਆਂ ਲਈ ਰਹਿਮ ਦੀ ਅਪੀਲ ਜ਼ਰੂਰ ਕੀਤੀ ਸੀ, ਪਰ ਉਹ ਅਪੀਲ ਮਨਜ਼ੂਰ ਨਹੀਂ ਸੀ ਹੋਈ। ਸੋਸ਼ਲ ਮੀਡੀਆ 'ਤੇ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਇਨ੍ਹਾਂ ਤਿੰਨਾਂ ਸ਼ਹੀਦਾਂ ਨੂੰ ਲਾਹੌਰ 'ਚ 14 ਫਰਵਰੀ ਨੂੰ ਹੀ ਫਾਂਸੀ 'ਤੇ ਦਿੱਤੀ ਗਈ ਸੀ, ਜੋ ਕਿ ਇਤਿਹਾਸਕ ਤੱਥਾਂ ਦੇ ਮੁਤਾਬਕ ਗਲਤ ਹੈ। ਜਿਹੜੇ ਵੀ ਲੋਕ ਸ਼ਹੀਦ ਭਗਤ ਸਿੰਘ ਅਤੇ ਉਸਦੇ ਵਿਚਾਰਾਂ ਨਾਲ ਪਿਆਰ ਰੱਖਦੇ ਹਨ ਓਹ ਇਸ ਪ੍ਰਚਾਰ ਦਾ ਹਿੱਸਾ ਬਿਲਕੁਲ ਨ ਬਣਨ। 

No comments: