Tuesday, February 04, 2014

ਕਾਵਿ ਪੁਸਤਕ "ਰੂਹ ਰਾਗ" ਲੋਕ ਅਰਪਣ

ਮੁਖ ਮਹਿਮਾਨ ਹੋਣਗੇ ਪ੍ਰਸਿਧ ਅਰਥ ਸ਼ਾਸ਼ਤਰੀ ਤੇ ਲੇਖਕ ਸਰਦਾਰਾ ਸਿੰਘ ਜੌਹਲ 
ਲੁਧਿਆਣਾ: 4 ਫ਼ਰਵਰੀ 2014: (ਪੰਜਾਬ ਸਕਰੀਨ ਬਿਊਰੋ): 
ਸੰਤ ਰਾਮ ਉਦਾਸੀ ਲਿਖਾਰੀ ਸਭਾ ਵੱਲੋਂ ਮਿਤੀ  9 ਫਰਵਰੀ 2014 ਨੂੰ  10 ਵਜੇ ਸਵੇਰੇ ਪੰਜਾਬੀ ਭਵਨ ਲੁਧਿਆਣਾ ਵਿਖੇ ਸ਼ਾਇਰ ਪ੍ਰਭਜੋਤ "ਸੋਹੀ" ਦੀ ਦੂਸਰੀ ਕਾਵਿ ਪੁਸਤਕ "ਰੂ੍ਹ ਰਾਗ" ਲੋਕ ਅਰਪਣ ਕੀਤੀ ਜਾ ਰਹੀ ਹੈ। ਇਸ ਪ੍ਰੋਗ੍ਰਾਮ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ  ਸ.ਗੁਰਭਜਨ ਗਿੱਲ ਕਰਨਗੇ ਅਤੇ ਮੁਖ ਮਹਿਮਾਨ ਪ੍ਰਸਿਧ ਅਰਥ ਸ਼ਾਸ਼ਤਰੀ ਤੇ ਲੇਖਕ ਸ. ਸਰਦਾਰਾ ਸਿੰਘ ਜੌਹਲ ਜੀ ਹੋਣਗੇ। ਡਾ. ਗੁਲਜ਼ਾਰ ਪੰਧੇਰ ਅਤੇ ਪੋ੍.ਰਵਿੰਦਰ ਭੱਠਲ ਕਿਤਾਬ ਨਾਲ ਜਾਣ ਪਹਿਚਾਣ ਕਰਾਉਣਗੇ। ਕਿਤਾਬ ਤੇ ਚਰਚਾ ਉਪਰੰਤ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਹਾਜ਼ਰ ਕਵੀ ਆਪਣੀਆਂ ਰਚਨਾਵਾਂਪੜ੍ਹਨਗੇ। ਸਟੇਜ ਦੀ ਕਾਰਵਾਈ ਸ੍ਰੀਮਤੀ ਯਤਿੰਦਰ ਮਾਹਲ ਨਿਭਾਉਣਗੇ 
ਕੁਝ ਪੁਸਤਕ ਬਾਰੇ//ਰੂਹ ਰਾਗ//ਤੇਜਵੰਤ ਮਾਨ
...ਪਿਆਰੇ ਸੋਹੀ..ਤੇਰੀ ਕਾਵਿ ਸਿਰਜਣਾਂ ਪੜੀ...ਤੇਰੇ ਕਾਵਿ ਵਿਚਲੀ ਨਿਰਪੇਖਤਾ [absoluteness] ਅਤੇ ਸਾਪੇਖਕਤਾ [ mutually dependent relativity ] ਦੀ ਟਕਰਾਂਵੀਂ ਅਸੰਗਤੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਹੋਰ ਵੀ ਤਸੱਲੀ ਵਾਲੀ ਗੱਲ ਹੈ ਕਿ ਤੈਂ ਫੈਸਲਾ ਸਾਪੇਖਕਤਾ ਦੇ ਹੱਕ ਵਿਚ ਦਿਤਾ ਹੈ ।ਮੇਰਾ ਮੰਨਣਾ ਹੈ ਕਿ ਸੰਸਾਰ ਵਿਚ ਨਿਰਪੇਖਕ ਕੁਝ ਵੀ ਨਹੀਂ।ਇਥੋਂ ਤੱਕ ਕਿ ਰੂਹ ਜਾਂ ਰੱਬ ਵੀ ਨਹੀਂ। ਬਾਬਾ ਫਰੀਦ ਦੇ ਰੱਬ ਦੀ ਮਿਠਾਸ ਸ਼ੱਕਰ ਖੰਡ ਨਿਵਾਤ ਮਾਖਿਓ ਦੁੱਧ ਦੀ ਮਿਠਾਸ ਨਾਲ ਸਾਪੇਖਕ ਹੈ।ਇਸੇ ਤਰਾਂ ਗੁਰੂ ਨਾਨਕ ਦੇਵ ਜੀ ਦੀ ਆਰਤੀ ਵੀ ਅਹੋਂਦ ਨਾਲ ਨਹੀਂ ਸਗੋਂ ਚੰਦ ਸੂਰਜ ਤਾਰੇ ਹਵਾ ਪਾਣੀ ਅਤੇ ਧਰਤ ਥਾਲ ਦੀ ਸਾਪੇਖਕਤਾ ਨੂੰ ਮਾਨਤਾ ਦਿੰਦੀ ਹੈ।ਇਸੇ ਤਰਾਂ ਧੰਨਾਂ ਭਗਤ ਆਪਣੇ ਆਰਤਾ ਸ਼ਬਦਾਂ ਵਿਚ ਮੁਕਤੀ ਦੀ ਨਿਰਪੇਖਕਤਾ ਨਹੀਂ ਮੰਗਦਾ ਸਗੋਂ ਜੀਵਨ ਦੀ ਸਾਪੇਖਕਤਾ ਨਾਲ ਜੁੜੀਆਂ ਵਸਤਾਂ ਸੀਧਾ ਤੁਰੀ ਨਾਰ ਮੱਝ ਗਾਂ ਘਰ ਦੀ ਮੰਗ ਕਰਦਾ ਹੈ। ਮੈਨੂੰ ਖੁਸ਼ੀ ਹੈ ਕਿ ਤੂੰ "ਰੂ੍ਹ ਰਾਗ" ਦੀ ਸਾਪੇਖਕਤਾ ਆਦਮੀ ਦੀ ਉਦਾਸੀ-ਖੁਸ਼ੀ ਕਾਰਜੀ ਉਪ ਉਸਾਰ ਸਮਾਜਿਕ ਜੀਵਨ ਰਓਂ ਦੀਆਂ ਸੰਵਾਦੀ ਵਿਸੰਗਤੀਆਂ ਸ਼ਬਦ ਨਿਸ਼ਬਦ ਦੇ ਵਿਰੋਧ ਜੁਟ ਦੇ ਸੰਦਰਭ ਵਿਚ ਰੱਖ ਕੇ ਲਿਖਦਾਂ ਜਾਂ ਉਚਾਰਦਾਂ ਹੈਂ। ਕਿਸੇ ਸ਼ੋਸ਼ੇ, ਸਵੈ ਕੇਂਦਰਿਤ ਅੰਤਰਮੁਖਤਾ, ਦੀ ਚੁੱਪ ਤੇਰੇ ਕਾਵਿ ਦੇ ਕੇਂਦਰ ਵਿੱਚ ਨਹੀਂ। ਜੇਕਰ ਇਹ ਸਥਿਤੀ ਆ ਜਾਵੇ ਤਾਂ ਇਸ ਬਹੁਤ ਹੀ ਖਤਰਨਾਕ ਸਥਿਤੀ ਬਾਰੇ ਤੂੰ ਚੰਗੀ ਤਰਾਂ ਸਮਝਦਾ ਹੈਂ
ਸੰਘਰਸ਼ ਦਾ
ਬਾਹਰੀ ਰੂਪ ਹੀ
ਖਤਰਨਾਕ
ਨਹੀਂ ਹੁੰਦਾ ਸਿਰਫ
ਹੱਕਾਂ ਵਾਸਤੇ ਲੜਨਾ
ਜਾਂ
ਕਿਸੇ ਮਜ਼ਲੂਮ ਦੀ ਖਾਤਰ
ਮਰਨਾ
ਇਸ ਤੋਂ ਵੀ
ਜ਼ਿਆਦਾ ਖਤਰਨਾਕ
ਹੁੰਦੀ ਹੈ
ਅੰਤਰ ਆਤਮਾ ਨਾਲ
ਜੱਦੋ ਜਹਿਦ
ਜਿਊਂਦੇ ਜੀ
ਪਲ ਪਲ ਮਰਨਾ
ਹਰ ਰੋਜ਼
ਅੰਦਰਲਾ ਸੇਕ ਜਰਨਾ
ਲੇਖਾ ਦੇਣਾ ਞ
ਹਰ ਇੱਕ ਸਵਾਸ ਦਾ
ਤੇ ਆਪਦੇ ਹੱਥੀਂ
ਸਿਵਾ ਬਾਲਣਾ
ਅਹਿਸਾਸ ਦਾ 


ਤੈਨੂੰ ਅਹਿਸਾਸ ਹੈ ਕਿ ਘਰ ਤੋਂ ਪਰੇ ਕੋਈ ਘਰ ਵਰਗੀ ਥਾਂ ਨਹੀਂ ਹੁੰਦੀ ਅਤੇ ਬਦਲੋਟੀਆਂ ਕੋਲ ਸਦੀਵੀ ਛਾਂ ਨਹੀਂ ਹੁੰਦੀ। ਚੰਗੀਆਂ ਕਵਿਤਾਵਾਂ ਦੀ ਪੁਸਤਕ ਹੈ। ਸ਼ਾਬਾਸ਼ ।।
ਤੇਰਾ ਹਿੱਤੂ
ਤੇਜਵੰਤ ਮਾਨ [ਡਾ.]

No comments: