Sunday, February 16, 2014

ਵਿਲੱਖਣ ਸਖਸ਼ੀਅਤ ਸਨ-ਸਰਦਾਰਨੀ ਬਲਬੀਰ ਕੌਰ ਢੱਟ

ਹਰ ਪੰਜਾਬਣ ਕੁੜੀ ਨੂੰ ਸੋਲਾਂ ਕਲਾ ਸੰਪੂਰਨ ਦੇਖਣਾ ਲੋਚਦੇ ਸਨ 
ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਅਤੇ ਮਿਸ ਵਰਲਡ ਪੰਜਾਬਣ ਮੁਕਾਬਲਿਆਂ ਦੇ ਬਾਨੀ ਡਾਇਰੈਕਟਰ ਸ. ਜਸਮੇਰ ਸਿੰਘ ਢੱਟ ਦੀ ਜੀਵਨ ਸਾਥਣ ਸਰਦਾਰਨੀ ਬਲਬੀਰ ਕੌਰ ਢੱਟ ਇੱਕ ਵਿਲੱਖਣ ਸਖਸ਼ੀਅਤ ਸਨ ਜੋ ਇੱਕ ਸੁੱਘੜ ਸਿਆਣੀ ਧੀ ,ਭੈਣ , ਪਤਨੀ , ਮਾਂ ਅਤੇ ਹੋਰ ਰਿਸ਼ਤੇ ਨਿਭਾਉਂਦੇ ਹੋਏ  ਸਫਲ ਜੀਵਨ ਬਤੀਤ ਕਰਕੇ ਗਏ ਹਨ । ਉਹਨਾ ਦਾ ਜਨਮ ਬਠਿੰਡਾ ਵਿਖੇ ਨਹਿਰੀ ਕਾਨੂਗੋ  ਸ. ਜਸਵੰਤ ਸਿੰਘ ਅਤੇ ਮਾਤਾ ਬਚਨ ਕੌਰ ਦੇ ਗ੍ਰਹਿ ਵਿਖੇ ਹੋਇਆ ਉਥੇ ਹੀ ਆਪ ਨੇ ਮੁਢਲੀ ਅਤੇ ਉੱਚ ਸਿਖਿਆ ਪ੍ਰਾਪਤ ਕੀਤੀ। ਇਹ ਸ. ਢੱਟ ਦੀ ਖੁਸ਼ਕਿਸਮਤੀ ਵਾਲੀ ਗੱਲ ਰਹੀ ਕਿ ਉਹਨਾਂ ਨੂੰ ਸਰਦਾਰਨੀ ਬਲਬੀਰ ਕੌਰ ਢੱਟ ਦਾ ਜੀਵਨ ਸਾਥ ਮਿਲਿਆ ਕਿਉਂਕਿ ਮਿਸ ਵਰਲਡ ਪੰਜਾਬਣ ਸਮੇਤ ਸ. ਢੱਟ ਦੀ ਅਗਵਾਈ ਵਿੱਚ ਹੁੰਦੇ ਵੱਡੇ ਸਭਿਆਚਾਰਕ ਪ੍ਰੋਗਰਾਮਾਂ ਨੂੰ ਬੁਲੰਦੀਆਂ ਤੇ ਪਹੁੰਚਾਉਣ ਅਤੇ ਅੰਤਰਰਾਸ਼ਟਰੀ ਦਿੱਖ ਦੇਣ ਵਿੱਚ ਸਰਦਾਰਨੀ ਢੱਟ ਦਾ ਅਹਿਮ ਯੋਗਦਾਨ ਰਿਹਾ ਹੈ। ਵਰਨਣਯੋਗ ਹੈ ਕਿ ਸਰਦਾਰਨੀ ਢੱਟ ਖੁਦ ਇੱਕ ਸਭਿਆਾਚਰ ਨੂੰ ਪਿਆਰ ਕਰਨ ਵਾਲੇ ਅਤੇ ਵਿਰਾਸਤੀ ਕਦਰਾਂ ਕੀਮਤਾਂ ਦੇ ਹਾਮੀ ਪਰਿਵਾਰ ਵਿੱਚ ਜੰਮੇ ਪਲੇ ਸਨ ਅਤੇ ਦੂਸਰਾ ਇਹਨਾਂ ਮੁਕਾਬਲਿਆਂ  ਦੌਰਾਨ ਘਰੇਲੂ ਅਤੇ  ਪੰਜਾਬੀਅਤ ਦਾ ਰੰਗ ਭਰਨ ਦੀ ਰੀਝ ਹਮੇਸ਼ਾ ਉਹਨਾ ਦੇ ਮਨ ਵਿੱਚ ਰਹੀ ਹੈ। ਮਿਸ ਵਰਲਡ ਪੰਜਾਬਣ ਮੁਕਾਬਲਿਆਂ ਦੇ ਸ਼ੁਰੂਆਤੀ ਦਿਨਾਂ ਦੇ ਸੰਘਰਸ਼ ਪਿਛੇ  ਸਰਦਾਰਨੀ  ਢੱਟ ਦੀ ਮਿਹਨਤ ਖੜੀ ਹੈ ਕਿਉਂਕਿ ਉਹ ਮਿੱਠਬੋਲੜੇ , ਮਿਲਾਪੜੇ ਅਤੇ ਹੁਨਰਵੰਦ ਸੁਭਾਅ  ਦੇ ਹੋਣ ਕਰਕੇ ਦੇਸ ਵਿਦੇਸ਼ ਤੋਂ ਆਈਆਂ ਪ੍ਰਤੀਯੋਗੀ ਮਟਿਆਰਾਂ ਨੂੰ ਖੁਸ਼ੀ ਖੁਸ਼ੀ  ਆਪਣੇ ਘਰ  ਵਿੱਚ ਰੱਖਦੇ  ਅਤੇ ਆਪਣੀਆਂ ਧੀਆਂ ਵਾਂਗ ਸਾਂਭ ਸੰਭਾਲ ਕਰਦੇ ਜਿਸ ਕਰਕੇ ਨੌਜਵਾਨ ਕੁੜੀਆਂ ਦੇ ਮਾਪਿਆਂ ਦਾ ਵੀ ਆਪਣੀਆਂ ਧੀਆਂ ਨੂੰ ਇਸ ਘਰ ਵਿੱਚ ਕਈ ਕਈ ਦਿਨ ਰਹਿਣ ਵਿੱਚ ਇੱਕ ਵਿਸ਼ਵਾਸ ਬਣਿਆ ਜੋ ਅੱਜ ਤੱਕ ਬਰਕਰਾਰ ਹੈ aਤੇ ਇਸ ਪ੍ਰੋਗਰਾਮ ਕਾਮਯਾਬੀ ਦਾ ਮੁੱਖ ਕਾਰਣ ਵੀ ਹੈ । ਸਰਦਾਰਨੀ ਢੱਟ ਦੁਨੀਆਂ ਦੀ ਹਰ ਪੰਜਾਬਣ ਕੁੜੀ ਨੂੰ ਸੋਲਾਂ ਕਲਾ ਸੰਪੂਰਨ ਦੇਖਣਾ ਲੋਚਦੇ ਸਨ ਉਹਨਾ ਦੀ ਸੋਚ ਨੇ ਹੀ ਸ. ਢੱਟ ਨੂੰ ਪੱਛਮੀੰ ਧੁਨਾ ਤੇ ਹੁੰਦੇ ਨੰਗੇਜ਼ ਫੈਸ਼ਨ ਸ਼ੋਆਂ ਦੇ ਬਰਾਬਰ ਇੱਕ ਸਾਫ ਸੁਥਰਾ ਪ੍ਰੋਗਰਾਮ ਕਰਨ ਦੀ ਪ੍ਰੇਰਨਾ ਦਿੱਤੀ । ਸਭਿਆਚਾਰਕ ਸੱਥ ਪੰਜਾਬ ਅਤੇ ਪੰਜਾਬਣ ਮੁਕਾਬਲਿਆਂ ਦੀ ਨਿਰਦੇਸ਼ਨਾ ਬੇਸ਼ੱਕ ਸ. ਢੱਟ ਦਿੰਦੇ ਆਏ ਹਨ ਪਰੰਤੂ ਉਹਨਾ ਵਿਚਲੀ ਸ਼ਕਤੀ ਹਮੇਸਾ ਸਰਦਾਨੀ ਢੱਟ ਤੋਂ ਹੀ ਮਿਲਦੀ ਰਹੀ ਹੈ।
               ਇਸਦੇ ਨਾਲ ਨਾਲ ਸਰਦਰਾਨੀ ਢੱਟ ਗੁਰਮਤਿ ਨਾਲ ਜੁੜੀ ਸਖਸ਼ੀਅਤ ਸਨ ਜੋ ਕੁਦਰਤ ਦੀ ਕਾਦਰ ਵਿੱਚ ਵਿਸ਼ਵਾਸ ਰੱਖਦੇ ਹੋਏ ਸਰਬੱਤ ਦੇ ਭਲੇ  ਲਈ ਯਤਨਸ਼ੀਲ ਰਹਿੰਦੇ ਸਨ । ਉਹਨਾ ਨੇ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੇਨੀਟੇਸ਼ਨ ਵਿਭਾਗ ਵਿੱਚ ਬਠਿੰਡਾ ਅਤੇ ਲੁਧਿਆਣਾ ਵਿਖੇ ਪੂਰੀ ਇਮਾਨਦਾਰੀ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਹਨ । ਸਰਦਾਰਨੀ ਬਲਬੀਰ ਕੌਰ ਢੱਟ ਪਿਛਲੇ ਲਮੇਂ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਸ. ਢੱਟ ਅਤੇ ਪੂਰੇ ਪਰਿਵਾਰ ਵੱਲੋਂ ਉਹਨਾ ਦੇ ਇਲਾਜ , ਸਾਂਭ ਸੰਭਾਲ ਦੇ ਹਰ ਵੱਡੇ ਤੋਂ ਵੱਡੇ ਯਤਨ ਦੇ ਵਾਵਯੂਦ ਵੀ ਉਹ ਪਿਛਲੇ ਦਿਨੀਂ ਸਭ ਨੂੰ ਵਿਛੋੜਾ ਦੇ ਗਏ ਹਨ ।  ਉਹ ਆਪਣੇ ਪਿਛੇ ਸ. ਢੱਟ ਤੋਂ ਇਲਾਵਾ ਆਪਣੀ ਇਕਲੌਤੀ ਬੇਟੀ ਜਸਗੀਤ ਸੋਫੀਆ ਢੱਟ ਅਤੇ ਦਾਮਾਦ ਡਾ. ਬਿਕਰਮਜੀਤ ਸਿੰਘ  ਨੂੰ ਛੱਡ ਗਏ ਹਨ। ਸਭਿਆਚਾਰਕ ਸੱਥ ਦੇ ਸਮੂਹ ਕਰਮੀਆਂ ਮੰਨਣਾ ਹੈ ਕਿ  ਭਾਵੇਂ ਸਰਦਾਰਨੀ ਢੱਟ ਸਰੀਰਕ ਤੌਰ ਸੰਸਾਰ ਤੋਂ ਚਲੇ ਗਏ ਹਨ ਪਰੰਤੂ ਉਹਨਾ ਵੱਲੋਂ ਮਿਲੀ ਸ਼ਕਤੀ ਅਤੇ ਪਰੇਰਨਾ ਸੰਸਥਾ ਲਈ ਹਮੇਸ਼ਾ ਹੌਸਲਾ ਬਣੇ ਰਹਿਣਗੇ । ਅੱਜ 16 ਫਰਵਰੀ 2014 ਦਿਨ ਐਤਵਾਰ ਨੂੰ ਦੁਪਿਹਰ ਦੇ 1 ਤੋਂ 2 ਵਜੇ ਤੱਕ ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਸਥਿੱਤ ਬਲਾਕ ਈ ਦੇ ਗੁਰਦੁਆਰਾ ਸਾਹਿਬ ਵਿਖੇ ਸਰਦਾਰਨੀ ਬਲਬੀਰ ਕੌਰ ਢੱਟ ਨਮਿਤ ਅੰਤਮ ਅਰਦਾਸ ਹੋਵੇਗੀ । 
ਡਾ. ਨਿਰਮਲ ਜੌੜਾ 
98153 14714

No comments: