Wednesday, February 12, 2014

ਮਾਮਲਾ ਬਲਿਊ ਸਟਾਰ ਓਪਰੇਸ਼ਨ ਦੀ ਸਿਆਸਤ ਦਾ

Updated  on  12 Feb 2014 at 11:18 PM 
ਇਹਨਾਂ ਅਕਾਲੀ ਲੀਡਰਾਂ ਨੇ ਹੀ ਕੇਂਦਰ ਨੂੰ ਚਿੱਠੀਆਂ ਲਿਖੀਆਂ
...ਤੇ ਕੈਪਟਨ ਸਾਹਿਬ ਨੇ ਇਹਨਾਂ ਅਕਾਲੀਆਂ ਨਾਲ ਹੀ ਆ ਗਲਵੱਕੜੀ ਪਾਈ 
ਚੰਡੀਗੜ੍ਹ:(ਪੰਜਾਬ ਸਕਰੀਨ ਬਿਊਰੋ): ਚੋਣਾਂ ਦਾ ਮੌਸਮ ਨੇੜੇ ਆਉਂਦਿਆਂ ਹੀ ਇੱਕ ਵਾਰ ਫੇਰ ਸਿਆਸੀ ਸਰਗਰਮੀ ਤਿੱਖੀ ਹੋ ਗਈ ਹੈ। ਕੁਝ ਸਮੇਂ ਤੋਂ ਲਗਾਤਾਰ ਆ ਰਹੀਆਂ ਬਿਆਨਬਾਜੀਆਂ ਤੋਂ ਲੱਗਦਾ ਹੈ ਕਿ ਮਾਮਲਾ ਅਜੇ ਹੋਰ ਭ੍ਖੇਗਾ। ਆਪਰੇਸ਼ਨ ਬਲਿਊ ਸਟਾਰ ਨੂੰ ਲੈ ਕੇ ਪੰਜਾਬ 'ਚ ਕਾਂਗਰਸ ਅਤੇ ਅਕਾਲੀ ਦਲ ਦੇ ਦਰਮਿਆਨ ਸ਼ੁਰੂ ਹੋਈ ਸਿਆਸੀ ਜੰਗ ਹੁਣ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੇ ਲਪੇਟੇ ਵਿੱਚ ਲੈਂਦਿਆਂ ਕਿਹਾ ਹੈ ਕਿ ਬਲਿਊ ਸਟਾਰ ਓਪਰੇਸ਼ਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਹਿਮਤੀ ਨਾਲ ਹੋਇਆ ਸੀ। ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ। ਅਕਾਲੀ ਲੀਡਰਸ਼ਿਪ ਵੱਲੋਂ ਇਸ ਮਕਸਦ ਲਈ ਲਿਖੀਆਂ ਚਿੱਠੀਆਂ ਕਾਫੀ ਸਮਾਂ ਪਹਿਲਾਂ ਹੀ ਮੀਡੀਆ ਰਾਹੀਂ ਜਨਤਕ ਹੋ ਚੁੱਕੀਆਂ ਹਨ। ਬਲਿਊ ਸਟਾਰ ਓਪਰੇਸ਼ਨ ਲਈ ਇੰਦਰਾ ਗਾਂਧੀ 'ਤੇ ਦਬਾਅ ਦੀ ਗੱਲ ਸਵੀਕਾਰ ਕਰਨ ਵਾਲੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਵੀ ਅਸਲ ਵਿੱਚ ਬਹੁਤ ਪਹਿਲਾਂ ਹੀ ਮੁੱਖ ਮੰਤਰੀ ਬਾਦਲ ਦੇ ਸਿਆਸੀ ਸਟੈਂਡ ਨੂੰ ਬੇਨਕਾਬ ਕਰ ਚੁੱਕਿਆ ਹੈ। ਜੇ ਬਾਦਲ ਸਾਹਿਬ ਨੂੰ ਬਲਿਊ ਸਟਾਰ ਓਪਰੇਸ਼ਨ ਦਾ ਦੁੱਖ ਹੋਇਆ ਹੁੰਦਾ ਤਾਂ ਉਹ ਇਸ ਫੌਜੀ ਕਾਰਵਾਈ ਲਈ ਇੰਦ੍ਰ ਗਾਂਧੀ ਤੇ ਦਬਾਅ ਪਾਉਣ ਵਾਲੀ ਪਾਰਟੀ ਨਾਲ ਸਾਂਝਾਂ ਪਾਉਣ ਦੀ ਗੱਲ ਤਾਂ ਕਦੇ ਸੁਪਨੇ ਵਿੱਚ ਵੀ ਨਾ ਸੋਚਦੇ। ਸੰਨ 1984 ਵਿੱਚ ਫੌਜੀ ਕਾਰਵਾਈ ਹੋਈ ਤੇ ਅਗਲੇ ਹੀ ਸਾਲ ਸੰਨ 1985 ਅਕਾਲੀ ਕੇਂਦਰ ਨਾਲ ਸਾਂਝਾਂ ਪਾ ਕੇ ਸਰਕਾਰ ਬਣਾ ਕੇ ਬੈਠ ਗਏ। ਜੇ ਗੱਲ ਦੁਬਾਰਾ ਚੱਲੀ ਹੀ ਹੈ ਤਾਂ ਇਸਦਾ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਸਮਝੌਤਾ ਕਰਾਉਣ ਵਾਲਿਆਂ ਕਿਹੜੇ ਕਿਹੜੇ ਅਕਾਲੀ ਅਤੇ ਕਿਹੜੇ ਕਿਹੜੇ ਕਾਂਗਰਸੀ ਸਨ? ਉਸਦਾ ਸਚ ਵੀ ਛੇਤੀ ਹੀ ਸਭ ਦੇ ਸਾਹਮਣੇ ਆ ਹੀ ਜਾਣਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਆਪਣੀ ਇਸ ਤਾਜ਼ਾ ਬਿਆਨਬਾਜੀ ਰਾਹੀਂ ਜੋ ਵੀ ਆਖਣਾ ਚਾਹੁੰਦੇ ਹੋਣ ਪਰ ਇੱਕ ਸੁਆਲ ਹੁਣ ਇਹ ਵੀ ਉੱਠਦਾ ਹੈ ਕਿ ਜੇਕਰ ਇਹ ਸਭ ਕੁਝ ਅਕਾਲੀਆਂ ਅਤੇ ਕਾਂਗਰਸੀਆਂ ਦੀ ਆਪਸੀ ਸਹਿਮਤੀ ਨਾਲ ਹੋਇਆ ਸੀ ਤਾਂ ਫਿਰ ਉਸ ਵੇਲੇ ਕੈਪਟਨ ਸਾਹਿਬ ਦੇ ਵਿਰੋਧ ਅਤੇ ਕਾਂਗਰਸ ਚੋਂ ਅਸਤੀਫੇ ਦਾ ਵੀ ਕੀ ਮਤਲਬ ਸੀ? ਬਲਿਊ ਸਟਾਰ ਓਪਰੇਸ਼ਨ ਵੇਲੇ ਕਾਂਗਰਸ ਪਾਰਟੀ ਚੋਂ ਅਸਤੀਫਾ ਦੇ ਕੇ ਇਹਨਾਂ ਹੀ ਅਕਾਲੀ ਆਗੂਆਂ ਨਾਲ ਗਲਵੱਕੜੀ ਪਾਉਣ ਵਾਲੇ ਕੈਪਟਨ ਸਾਹਿਬ ਨੂੰ ਉਦੋਂ ਵੀ ਜੇ ਇਸਦਾ ਪਤਾ ਸੀ ਤਾਂ ਉਹਨਾਂ ਅਜਿਹੇ ਆਗੂਆਂ ਨਾਲ ਸਾਂਝ ਹੀ ਕਿਓਂ ਪਾਈ?  ਚੰਡੀਗੜ੍ਹ 'ਚ ਪੱਤਰਕਾਰ ਸੰਮੇਲਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਿਹਾ ਹੈ ਕਿ ਆਪਰੇਸ਼ਨ ਬਲਿਊ ਸਟਾਰ ਦੀ ਸਾਰੀ ਜਾਣਕਾਰੀ ਮੁੱਖ ਮੰਤਰੀ ਬਾਦਲ ਨੂੰ ਵੀ ਸੀ ਅਤੇ ਇਸ ਮਾਮਲੇ 'ਚ ਸ੍ਰ. ਬਾਦਲ ਨੇ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਆਪਣੀ ਸਹਿਮਤੀ ਵੀ ਦਿੱਤੀ ਸੀ। ਕੈਪਟਨ ਸਾਹਿਬ ਨੇ ਬਾਦਲ ਦੇ ਉਨ੍ਹਾਂ ਦਾਅਵਿਆਂ ਨੂੰ ਵੀ ਗਲਤ ਦੱਸਿਆ ਕਿ ਜਿਨ੍ਹਾਂ 'ਚ ਮੁੱਖ ਮੰਤਰੀ ਨੇ ਆਪਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਖੁਦ ਦੀ ਗ੍ਰਿਫਤਾਰੀ ਦੀ ਗੱਲ ਕਹੀ ਸੀ। ਕੈਪਟਨ ਨੇ ਕਿਹਾ ਕਿ ਦਿੱਲੀ 'ਚ ਹੋਏ ਸਿਖ ਵਿਰੋਧੀ ਦੰਗਿਆਂ 'ਚ ਹੁਣ ਤੱਕ 432 ਲੋਕਾਂ ਨੂੰ ਅਦਾਲਤ ਨੇ ਸਜਾ ਵੀ ਸੁਣਾਈ ਹੈ, ਪਰ ਅਕਾਲੀ ਦਲ ਚੋਣਾਂ  ਨੇੜੇ ਇਕ ਵਾਰ ਫਿਰ ਇਸ ਮੁੱਦੇ ਨੂੰ ਹਵਾ ਦੇ ਕੇ ਸਿਆਸੀ ਰੋਟੀਆਂ ਸੇਕਣਾ ਚਾਹੁੰਦਾ ਹੈ। ਮਤਲਬ ਇਹੀ ਹੋਇਆ ਨਾ ਕਿ ਬਾਦਲ ਸਾਹਿਬ ਦੀ ਇਸ ਚੋਣਾਂ ਵਾਲੀ ਮੌਕਾ ਪ੍ਰਸਤੀ ਕਾਰਣ ਕਾਂਗਰਸ ਪਾਰਟੀ ਕੋਲੋਂ ਸਿੱਖ ਵੋਟਾਂ ਖੁੱਸ ਸਕਦੀਆਂ ਇਸ ਲਈ ਇਸ ਵੋਟ ਬੈਂਕ ਦੀ ਸੰਭਾਲ ਲਈ ਬਾਦਲ ਸਾਹਿਬ ਦੇ ਰੋਲ ਦੀ ਯਾਦ ਤਾਜ਼ਾ ਕਰਾਉਣ ਕੈਪਟਨ ਸਾਹਬ ਨੂੰ ਜਰੂਰੀ ਮਹਿਸੂਸ ਹੋਇਆ।  
ਅੱਜ ਜਦੋਂ ਕਿ ਸਿੱਖ ਸੰਗਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾ ਰਹੀਆਂ ਹਨ ਉਦੋਂ ਇਹ ਗੱਲ ਅਚੇਤ ਹੀ ਇੱਕ ਵਾਰ ਫੇਰ ਸਾਫ਼ ਹੋ ਗਈ ਹੈ ਕਿ--ਕੀ ਬਰਤਾਨੀਆ, ਕੀ ਕਾਂਗਰਸ, ਕੀ ਭਾਜਪਾ ਅਤੇ ਕੀ ਇੱਕੋ ਥੈਲੀ ਦੇ ਏਹੋ ਜਹੇ ਚੱਟੇ ਵੱਟੇ ਲੀਡਰ--ਸਭ ਇੱਕ ਪਾਸੇ ਸਨ--ਸ਼ਿਕਾਰੀਆਂ ਦੇ ਨਾਲ ਸਨ---ਉਹ ਪੰਛੀ ਇੱਕਲਾ ਸੀ ਉਸਦੇ ਮਗਰ ਸ਼ਿਕਾਰੀ ਬਹੁਤੇ...।
ਸਮਾਂ ਮੰਗ ਕਰਦਾ ਹੈ ਕਿ ਹੁਣ ਉਹਨਾਂ ਸ਼ਿਕਾਰੀਆਂ ਦੇ ਨਾਵਾਂ ਦਾ ਖੁਲਾਸਾ ਵੀ ਹੋਣਾ ਚਾਹੀਦਾ ਹੈ ਪਰ ਅਜਿਹਾ ਹੋਵੇਗਾ ਨਹੀਂ ਕਿਓਂਕਿ ਇਹ ਇੱਕ ਅਜਿਹੀ ਕਾਰਵਾਈ ਸੀ ਜਿਸਦਾ ਮੁਢ ਜੂਨ-84 ਤੋਂ ਕਿਤੇ ਪਹਿਲਾਂ ਬਝ ਚੁੱਕਿਆ ਸੀ। ਪੰਜਾਬ ਦੀ ਵੰਡ, ਸ੍ਰ. ਪ੍ਰਤਾਪ ਸਿੰਘ ਕੈਰੋਂ ਦਾ ਕਤਲ, ਜੱਥੇਦਾਰ ਸੰਤੋਖ ਸਿੰਘ ਦਾ ਕਤਲ, ਫਿਰ ਗਿਆਨੀ ਜ਼ੈਲ ਸਿੰਘ ਦਾ ਜਾਨ ਲੇਵਾ ਐਕਸੀਡੈਂਟ---ਕਈ ਮਾਮਲੇ ਹਨ ਜਿਹੜੇ ਧਿਆਨ ਮੰਗਦੇ ਹਨ?

No comments: