Wednesday, February 12, 2014

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਵਿਸ਼ੇਸ਼ ਸਮਾਗਮ 22 ਫਰਵਰੀ ਨੂੰ

ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਸ. ਗੁਰਬਚਨ ਸਿੰਘ ਭੁੱਲਰ ਨੂੰ
ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਰਸਕਾਰ 'ਮੇਰਾ ਸੁਪਨਾ' ਅਤੇ 'ਅੱਖਰ ਮਾਲਾ' ਨੂੰ 
ਲੁਧਿਆਣਾ : 11 ਫਰਵਰੀ (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਅਤੇ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ-2012 ਅੰਤਰ ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ 22 ਫ਼ਰਵਰੀ, 2014, ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1.00 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰਦਾਨ ਕੀਤੇ ਜਾਣਗੇ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦਸਿਆ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਸ. ਰੂਪ ਸਿੰਘ ਰੂਪਾ ਜੀ ਨੇ ਆਪਣੇ ਪਿਤਾ ਸ. ਕੇਹਰ ਸਿੰਘ ਜੀ ਦੀ ਯਾਦ ਵਿਚ ਸਥਾਪਿਤ ਕੀਤਾ ਹੈ, ਜੋ ਕਿ ਹਰ ਸਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਦਿੱਤਾ ਜਾਇਆ ਕਰੇਗਾ। ਇਹ ਪਹਿਲਾ ਪੁਰਸਕਾਰ ਸ. ਗੁਰਬਚਨ ਸਿੰਘ ਭੁੱਲਰ ਨੂੰ ਦੇਣ ਦਾ ਵਿਧੀਵਤ ਰੂਪ ਵਿਚ ਫ਼ੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ-2012 ਜੋ ਪ੍ਰਸਿੱਧ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਜੀ ਦੇ ਪਰਿਵਾਰ ਵੱਲੋਂ ਮਾਤਾ ਜਸਵੰਤ ਕੌਰ ਜੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ। 
ਇਸ ਵਾਰ ਇਹ ਪੁਰਸਕਾਰ ਸਾਂਝੇ ਤੌਰ 'ਤੇ ਸ੍ਰੀ ਬਲਜਿੰਦਰ ਮਾਨ ਦੀ ਬਾਲ ਪੁਸਤਕ 'ਮੇਰਾ ਸੁਪਨਾ' ਅਤੇ ਡਾ. ਬਲਵਿੰਦਰ ਸਿੰਘ ਕਾਲੀਆ ਦੀ ਬਾਲ ਪੁਸਤਕ 'ਅੱਖਰ ਮਾਲਾ' ਨੂੰ ਦਿੱਤਾ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਕਰਨਗੇ ਜਦਕਿ ਮੁੱਖ ਮਹਿਮਾਨ ਵਜੋਂ ਡਾ. ਜੈ ਰੂਪ ਸਿੰਘ, ਉਪ-ਕੁਲਪਤੀ, ਕੇਂਦਰੀ ਯੂਨੀਵਰਸਿਟੀ, ਬਠਿੰਡਾ ਸ਼ਿਰਕਤ ਕਰਨਗੇ। ਸ. ਗੁਰਬਚਨ ਸਿੰਘ ਭੁੱਲਰ ਹੋਰਾਂ ਬਾਰੇ ਸੰਵਾਦ ਡਾ. ਰਜਨੀਸ਼ ਬਹਾਦਰ ਸਿੰਘ ਕਰਨਗੇ ਅਤੇ ਬਾਲ ਪੁਸਤਕਾਂ ਬਾਰੇ ਜਾਣਕਾਰੀ ਡਾ. ਗੁਲਜ਼ਾਰ ਸਿੰਘ ਪੰਧੇਰ ਸਾਂਝੀ ਕਰਨਗੇ। ਸਨਮਾਨਤ ਸਾਹਿਤਕਾਰਾਂ ਨੂੰ ਨਕਦ ਰਾਸ਼ੀ, ਦੋਸ਼ਾਲੇ ਅਤੇ ਸਨਮਾਨ ਚਿਨ੍ਹ ਭੇਟਾ ਕੀਤੇ ਜਾਣਗੇ।
ਇਸੇ ਦਿਨ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਮਾਤ ਭਾਸ਼ਾ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਸੰਯੋਜਕ ਡਾ. ਸਵਰਨਜੀਤ ਕੌਰ ਗਰੇਵਾਲ ਨੇ ਦਸਿਆ ਕਿ ਇਸ ਪੰਜਾਬੀ ਮਾਤ ਭਾਸ਼ਾ ਮੇਲੇ ਮੌਕੇ ਅੰਤਰ-ਕਾਲਜ ਸਾਹਿਤਕ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿਚ ਪੰਜਾਬੀ ਕਹਾਣੀ, ਕਾਵਿ ਸਿਰਜਣ ਮੁਕਾਬਲਾ, ਲੋਕ ਗੀਤ ਮੁਕਾਬਲਾ, ਸਭਿਆਚਾਰਕ ਪ੍ਰਸ਼ਨੋਤਰੀ, ਪੰਜਾਬੀ ਕਵਿਤਾ ਪੋਸਟਰ ਮੁਕਾਬਲਾ, ਪੰਜਾਬੀ ਕਾਵਿ ਉਚਾਰਣ ਮੁਕਾਬਲਾ, ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲੇ ਹੋਣਗੇ। ਉਨ੍ਹਾਂ ਦਸਿਆ ਭਾਗ ਲੈਣ ਵਾਲੇ ਵਿਦਿਆਰਥੀ ਆਪਣੀ ਸੰਸਥਾ ਦੇ ਮੁਖੀ ਤੋਂ ਅਧਿਕਾਰ ਪੱਤਰ ਨਾਲ ਲੈ ਕੇ ਆਉਣਗੇ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ 22 ਫ਼ਰਵਰੀ, 2014 ਨੂੰ ਸਵੇਰੇ 9 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗੀ।
ਸਮੂਹ ਪੰਜਾਬੀ ਹਿਤੈਸ਼ੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦਾ ਹਰਦਿਕ ਸੱਦਾ ਹੈ।

No comments: