Sunday, January 19, 2014

ਜਰਖੜ ਅਕੈਡਮੀ ਨੇ SGPC ਨੂੰ 4-1 ਨਾਲ ਹਰਾ ਕੇ ਜਗਤਾਰ ਹਾਕੀ ਕੱਪ ਜਿੱਤਿਆ

Sun, Jan 19, 2014 at 8:17 PM
ਮਿਲਖਾ ਸਿੰਘ ਨੇ ਕੀਤਾ ਆਪਣੇ ਆਦਮ ਕੱਦ ਬੁੱਤ ਦਾ ਉਦਘਾਟਨ
ਲੁਧਿਆਣਾ: 19 ਜਨਵਰੀ 2014: (ਸਤਪਾਲ ਸੋਨੀ//ਪੰਜਾਬ ਸਕਰੀਨ):
ਅੱਜ ਕੋਕਾ ਕੋਲਾ ਜਰਖੜ ਫੈਸਟੀਵਲ ਨੇ ਪੇਂਡੂ ਖੇਡਾਂ ਦੀ ਦੁਨੀਆਂ 'ਚ ਇਤਿਹਾਸ ਰੱਚ ਦਿੱਤਾ, ਜਦੋਂ ਪਾਕਿਸਤਾਨ ਪੰਜਾਬ ਅਤੇ ਅਫਗਾਨਿਸਤਾਨ ਦੀਆਂ ਹਾਕੀ ਟੀਮਾਂ ਨੇ ਪੇਂਡੂ ਖੇਡਾਂ 'ਚ ਆਪਣੇ ਖੇਡ ਹੁਨਰ ਦੀ ਕਲਾਕਾਰੀ ਨਾਲ ਹਜ਼ਾਰਾਂ ਦਰਸ਼ਕਾਂ ਦਾ ਮਨ ਮੋਹਿਆ। ਜਰਖੜ ਖੇਡ ਮੁਕਾਬਲੇ ਇੱਕ ਪੇਂਡੂ ਖੇਡ ਮੁਕਾਬਲੇ ਹੀ ਨਹੀਂ ਸਗੋਂ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਦੀਆਂ ਖੇਡਾਂ ਹੋ ਨਿਬੜੀਆਂ, ਜਦਕਿ ਪਦਮ ਸ਼੍ਰੀ ਉਡਣਾ ਸਿੱਖ ਮਿਲਖਾ ਸਿੰਘ ਦੀ ਆਮਦ ਨੇ ਖੇਡਾਂ ਦੀ ਸ਼ਾਨ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਜਿਉਂ ਹੀ ਮਿਲਖਾ ਸਿੰਘ ਸਟੇਡੀਅਮ ਵਿੱਚ ਐਂਟਰ ਹੋਏ ਹਜ਼ਾਰਾਂ ਦਰਸ਼ਕਾਂ ਦਾ ਹਜੂਮ ਤਾੜੀਆਂ ਨਾਲ ਮਿਲਖਾ ਸਿੰਘ ਦੇ ਸਵਾਗਤ 'ਚ ਗੂੰਜ ਉਠਿੱਆ। ਇਸ ਮੌਕੇ ਸ੍ਰ: ਮਿਲਖਾ ਸਿੰਘ ਨੇ ਆਖਿਆ ਕਿ ਮੈਨੂੰ ਇਹ ਦੁੱਖ ਹੈ ਕਿ 55 ਸਾਲ 'ਚ ਇਹ ਮੁਲਕ ਇੱਕ ਹੋਰ ਮਿਲਖਾ ਸਿੰਘ ਪੈਦਾ ਨਹੀਂ ਕਰ ਸਕਿਆ ਪਰ ਜੋ ਪਿਰਤ ਜਰਖੜ ਸਟੇਡੀਅਮ 'ਚ ਬੁੱਤ ਲਾਉਣ ਦੀ ਪਈ ਹੈ ਉਹ ਯਕੀਨਨ ਭਵਿੱਖ 'ਚ ਮਿਲਖਾ ਸਿੰਘ ਅਤੇ ਧਿਆਨ ਚੰਦ ਵਰਗੇ ਖਿਡਾਰੀ ਪੈਦਾ ਕਰੇਗੀ। ਇਸ ਤੋਂ ਇਲਾਵਾ ਓਲੰਪੀਅਨ ਮਨਦੀਪ ਕੌਰ, ਫਿਲਮ ਕਲਾਕਾਰ ਕਰਤਾਰ ਚੀਮਾ ਅਤੇ ਖੇਡ ਪ੍ਰਮੋਟਰ ਕੁੱਕੂ ਵਾਲੀਆ ਦਿੱਲੀ ਦਾ ਵੀ ਵੱਖ-ਵੱਖ ਐਵਾਰਡਾਂ ਨਾਲ ਖੁੱਲੀਆਂ ਜਿਪਸੀਆਂ 'ਚ ਹੋਇਆ ਸਨਮਾਨ ਦਰਸ਼ਕਾਂ ਦੇ ਦਿਲਾਂ 'ਤੇ ਅਮਿੱਟ ਯਾਦ ਛੱਡ ਗਿਆ। ਇਸ ਮੌਕੇ ਮਿਲਖਾ ਸਿੰਘ ਨੇ ਆਪਣੇ ਆਦਮ ਕੱਦ ਬੁੱਤ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਜਰਖੜ ਸਪੋਰਟਸ ਕਲੱਬ ਨੇ ਬੜਾ ਮਾਣ ਦਿੱਤਾ ਹੈ। ਉਨ੍ਹਾਂ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਮੇਰਾ ਇੱਥੇ ਆਉਣਾ ਤਾਂ ਹੀ ਸਫਲ ਹੋਵੇਗਾ ਜੇਕਰ ਜਰਖੜ ਸਟੇਡੀਅਮ ਵਿੱਚੋਂ ਕੋਈ ਮਿਲਖਾ ਸਿੰਘ ਪੈਦਾ ਹੋਵੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਰਖੜ ਸਟੇਡੀਅਮ 'ਚ ਐਥਲੈਟਿਕਸ ਦਾ ਟ੍ਰੈਕ ਬਣਾਇਆ ਜਾਵੇ ਤਾਂ ਕਿ ਵਧੀਆ ਐਥਲੀਟ ਪੈਦਾ ਹੋ ਸਕਣ।
ਅੱਜ ਐਥਲੈਟਿਕ ਕਬੱਡੀ ਅਤੇ ਪਾਕਿਸਤਾਨ ਦਾ ਪ੍ਰਦਰਸ਼ਨੀ ਮੈਚ ਦਰਸ਼ਕਾਂ ਦਾ ਮੁੱਖ ਖਿੱਚ ਦਾ ਕੇਂਦਰ ਰਿਹਾ। ਅੱਜ ਵੱਖ-ਵੱਖ ਫਾਈਨਲ ਮੁਕਾਬਲਿਆਂ 'ਚ ਹਾਕੀ ਲੜਕੀਆਂ ਦੇ ਵਰਗ 'ਚ ਚੜ੍ਹਦੇ ਪੰਜਾਬ ਭਾਰਤ ਨੇ ਲਹਿੰਦੇ ਪੰਜਾਬ ਪਾਕਿਸਤਾਨ ਨੂੰ 1-0 ਨਾਲ ਹਰਾਇਆ। ਜਦਕਿ ਪ੍ਰਬਲ ਟੀ.ਐਮ.ਟੀ. ਸਰੀਆ ਮਾਤਾ ਸਾਹਿਬ ਕੌਰ ਗੋਲਡ ਕੱਪ ਹਾਕੀ ਦੇ ਫਾਈਨਲ 'ਚ ਪੰਜਾਬ ਪਾਵਰ ਕਾਰਪੋਰੇਸ਼ਨ ਪਟਿਆਲਾ ਨੇ ਬੀ.ਐਸ.ਐਫ.ਜਲੰਧਰ ਨੂੰ 4-0 ਨਾਲ ਹਰਾਇਆ। ਹਾਕੀ ਲੜਕੀਆਂ 'ਚ ਸ਼ਾਹਬਾਦ ਮਾਰਕੰਡਾ ਨੇ ਕੁਰਕੂਸ਼ੇਤਰ ਨੂੰ 3-1 ਨਾਲ ਹਰਾ ਕੇ ਸੁਰਿੰਦਰ ਸਿੰਘ ਕਾਹਲੋਂ ਹਾਕੀ ਕੱਪ ਜਿਤਿੱਆਿ। ਹਾਕੀ ਅੰਡਰ 17 ਵਿੱਚ ਜਰਖੜ ਅਕੈਡਮੀ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ 4-1 ਨਾਲ ਹਰਾ ਕੇ ਜਗਤਾਰ ਹਾਕੀ ਕੱਪ ਜਿੱਤਿਆ। ਕਬੱਡੀ ਇੱਕ ਪਿੰਡ ਓਪਨ ਵਿੱਚ ਯੋਧਾਂ ਨੇ ਰਸੂਲਪੁਰ ਨੂੰ ਹਰਾ ਕੇ ਪਿਆਰਾ ਸਿੰਘ ਕਬੱਡੀ ਕੱਪ ਜਿੱਤਿਆ। ਹੈਂਡਬਾਲ 'ਚ ਰੋਪੜ ਨੇ ਲੁਧਿਆਣਾ ਹਰਾਇਆ। ਬਾਸਕਟਬਾਲ 'ਚ ਲੁਧਿਆਣਾ ਅਕੈਡਮੀ ਨੇ ਪਟਿਆਲਾ ਨੂੰ ਹਰਾਇਆ। ਜਦਕਿ ਬਾਸਕਟਬਾਲ ਲੜਕੀਆਂ 'ਚ ਲੁਧਿਆਣਾ ਨੇ ਜਲੰਧਰ ਨੂੰ ਹਰਾਇਆ। ਕੁਸ਼ਤੀਆਂ 'ਚ ਜਸਦੀਪ ਸਿੰਘ ਮੰਡੋਰ ਨੇ ਗੁਰਪ੍ਰੀਤ ਪਟਿਆਲਾ ਨੂੰ ਝੰਡੀ ਦੀ ਕੁਸ਼ਤੀ ਜਿੱਤੀ, ਜਦਕਿ ਬਾਲ ਕੇਸਰੀ ਨਰਿੰਦਰ ਸਿੰਘ ਨਾਭਾ ਪਹਿਲੇ ਨੰਬਰ ਤੇ ਅਮਨਦੀਪ ਸਿੰਘ ਪਟਿਆਲਾ ਦੂਜੇ ਨੰਬਰ ਤੇ ਰਿਹਾ। ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੀ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। ਉਨ੍ਹਾਂ ਨੇ ਜਰਖੜ ਖੇਡਾਂ ਦੇ ਪ੍ਰਬੰਧਾਂ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਬਰਕੰਦੀ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਚੀਫ ਇੰਜੀਨੀਅਰ ਰਛਪਾਲ ਸਿੰਘ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਐਡਵੋਕੇਟ ਹਰਕਮਲ ਸਿੰਘ, ਪਾਕਿਸਤਾਨ ਹਾਕੀ ਦੇ ਓਲੰਪੀਅਨ ਗੁਲਰੇਜ ਅਖਤਰ, ਸ਼੍ਰੀਮਤੀ ਰਾਹਤ ਖਾਨ ਸਕੱਤਰ ਪੰਜਾਬ ਹਾਕੀ ਪਾਕਿਸਤਾਨ, ਅਬਦੁੱਲਾਨੂਰਸਤਾਨੀ ਵਾਈਸ ਪ੍ਰਧਾਨ ਅਫਗਾਨਿਸਤਾਨ ਹਾਕੀ, ਅਸ਼ਫਾਖ ਖਾਨ ਚੀਫ ਕੋਚ ਅਫਗਾਨਿਸਤਾਨ ਹਾਕੀ, ਭਾਰਤੀ ਕੁਸ਼ਤੀ ਟੀਮ ਦੇ ਚੀਫ ਕੋਚ ਪੀ. ਆਰ ਸੋਂਧੀ, ਬਰਜਿੰਦਰ ਸਿੰਘ ਲਤਾਲਾ, ਮਨਜੀਤ ਸਿੰਘ ਚਾਹਲ, ਜੋਗਿੰਦਰ ਸਿੰਘ ਗਰੇਵਾਲ ਕਨਗੋ, ਰਣਜੀਤ ਸਿੰਘ ਦੁਲੇਅ, ਪਰਮਜੀਤ ਸਿੰਘ ਨੀਟੂ, ਦੁਪਿੰਦਰ ਸਿੰਘ ਡਿੰਪੀ, ਹਰਪਿੰਦਰ ਸਿੰਘ ਗੱਗੀ, ਜਗਦੀਪ ਸਿੰਘ ਕਾਹਲੋਂ, ਇੰਸਪੈਕਟਰ ਬਲਵੀਰ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਬਾਈ ਸੁਰਜੀਤ ਸਿੰਘ ਸਾਹਨੇਵਾਲ ਆਦਿ ਹੋਰ ਖੇਡ ਪ੍ਰਬੰਧਕ ਵੱਡੀ ਗਿਣਤੀ 'ਚ ਸ਼ਾਮਲ ਸਨ। ਅੰਤ 'ਚ ਸੂਫੀ ਗਾਇਕ ਕਨਵਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਲੋਕਾਂ ਨੂੰ ਲੰਬਾ ਸਮਾਂ ਕੀਲ ਕੇ ਰੱਖਿਆ। ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਅਗਲੇ ਵਰ੍ਹੇ ਜਰਖੜ ਖੇਡਾਂ ਨੂੰ ਹੋਰ ਅੰਤਰ ਰਾਸ਼ਟਰੀ ਮੁਕਾਮ ਦਿੱਤਾ ਜਾਵੇਗਾ।

No comments: