Tuesday, January 14, 2014

ਸੀਪੀਆਈ ਨੇ ਲਿਖਿਆ ਨਗਰ ਨਿਗਮ ਨੂੰ ਈਮੇਲ ਰਾਹੀਂ ਪੱਤਰ

 Tue, Jan 14, 2014 at 4:16 PM
ਗਟਰਾਂ ਦੀ ਸਫਾਈ ਵਾਲੇ ਮੁਲਾਜਮਾਂ ਦੀ ਸੁਰੱਖਿਆ ਲਈ ਉਠਾਈ ਆਵਾਜ਼ 
ਲੁਧਿਆਣਾ: 14 ਜਨਵਰੀ 2014: (ਪੰਜਾਬ ਸਕਰੀਨ ਬਿਊਰੋ):
ਭਾਰਤੀ ਕਮਿਉਨਿਸਟ ਪਾਰਟੀ ਜ਼ਿਲਾ ਲੁਧਿਆਣਾ ਨੇ ਕਮਿਸ਼ਨਰ ਨਗਰ ਨਿਗਮ ਨੂੰ ਈ ਮੇਲ ਰਾਹੀਂ ਇੱਕ ਪੱਤਰ ਲਿੱਖ ਕੇ ਸਫ਼ਾਈ ਕਰਮਚਾਰੀਆਂ ਨੂੰ ਲੋੜੀਂਦੇ ਸੁੱਰਖਿਆ ਦੇ ਸਾਧਨ ਮੁੱਹਈਆ ਕਰਵਾਉਣ ਦੀ ਮੰਗ ਕੀਤੀ ਹੈ। ਇਹ ਮੰਗ ਕੀਤੀ ਹੈ ਕਿ ਗਟਰ ਦੀ ਸਫ਼ਾਈ ਕੇਲ ਮਸ਼ੀਨਾਂ ਦੇ ਰਾਹੀਂ ਕੀਤੀ ਜਾਏ। ਪਰ ਜੇ ਇਹ ਅਤੀ ਜ਼ਰੂਰੀ ਹੋਵੇ ਤਾਂ ਜਿਹੜਾ ਕਰਮਚਾਰੀ ਅੰਦਰ ਜਾਏ ਉਸਨੂੰ ਗੈਸ ਮਾਸਕ ਤੇ ਸਾਰਾ ਸ਼ਰੀਰ ਢਕਣ ਵਾਲੇ ਕਪੜੇ ਦਿੱਤੇ ਜਾਣ। ਸੜਕਾਂ ਸਾਫ਼ ਕਰਨ ਵਾਲਿਆਂ ਨੂੰ ਵੀ ਦਸਤਾਨੇ, ਮਾਸਕ ਤੇ ਗਮ ਬੂਟ ਦਿੱਤੇ ਜਾਣ। ਉਹਨਾਂ ਦਾ ਸਾਲਾਨਾ ਸਿਹਤ ਚੈਕਅਪ ਹੋਏ ਤੇ ਮੁਫ਼ਤ ਇਲਾਜ ਹੋਏ। ਨਾਲ ਹੀ ਉਹਨਾਂ ਵਿੱਚ ਸਿਹਤ ਬਾਬਤ ਜਾਗਰੂਕਤਾ ਵੀ ਪੈਦਾ ਕੀਤੀ ਜਾਏ।  
ਚੇਤੇ ਰਹੇ ਕਿ ਨਗਰ ਨਿਗਮ ਵਲੋਂ ਮੁਲਾਜ਼ਮਾਂ ਨੂੰ ਸੇਫਟੀ ਯੰਤਰ ਦਿਤੇ ਬਿਨਾਂ ਹੀ ਸੀਵਰੇਜ ਸਫਾਈ ਦੇ ਲਈ ਭੇਜਣ ਕਾਰਨ ਪਿਛਲੇ ਦਿਨੀ ਇੱਕ ਵਾਰ ਫਿਰ ਇਕ ਦਰਦਨਾਕ ਹਾਦਸਾ ਹੋ ਗਿਆ, ਜਿਸਦੇ ਤਹਿਤ ਅਬਦੁੱਲਾਪੁਰ ਬਸਤੀ ਵਿਚ ਗੈਸ ਚੜ੍ਹਨ ਕਾਰਨ ਮੈਨਹੋਲ ਵਿਚ ਡਿੱਗਣ ਕਾਰਨ ਇਕ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਬਹੁਤ ਹੀ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਦਾਖਲ ਕਰਾਉਣ ਪਿਆ।  ਖਬਰਾਂ ਮੁਤਾਬਿਕ ਉਸ ਦਿਨ 5 ਕੱਚੇ ਮੁਲਾਜ਼ਮ ਸਵੇਰ ਤੋਂ ਹੀ ਇਲਾਕੇ ਵਿਚ ਸੀਵਰੇਜ ਸਫਾਈ ਕਰ ਰਹੇ ਸਨ। ਬਾਅਦ ਦੁਪਹਿਰ ਇਕ ਮੈਨਹੋਲ ਦਾ ਢੱਕਣ ਉਠਾ ਕੇ ਉਸ ਵਿਚ ਉਤਰੇ ਸੁਰਿੰਦਰ ਕੁਮਾਰ ਅਤੇ ਵਿਨੇ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਕੇ ਹੇਠਾਂ ਜਾ ਡਿੱਗੇ, ਜਦਕਿ ਬਾਹਰ ਖੜਾ ਰਾਜ ਕੁਮਾਰ ਵੀ ਗੈਸ ਦੇ ਪ੍ਰਭਾਵ ਨਾਲ ਬੇਹੋਸ਼ ਹੋ ਕੇ ਉਥੇ ਡਿੱਗ ਪਿਆ।  ਇਸ ਹੌਲਨਾਕ ਹਾਦਸੇ ਨੂੰ ਦੇਖ ਕੇ ਮੌਕੇ ਤੇ ਮੌਜੂਦ ਲੋਕਾਂ ਨੇ ਰੌਲਾ ਪਾਇਆ ਅਤੇ ਉਹਨਾਂ ਨਾਲ ਕੰਮ ਕਰ ਰਹੇ ਦੋ ਹੋਰ ਮੁਲਾਜ਼ਮ ਉਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਵਿਚ ਲੱਗ ਗਏ। ਕਾਫੀ ਦੇਰ ਦੀ ਖਤਰਿਆਂ ਭਰੀ ਮੁਸ਼ੱਕਤ ਤੋਂ ਬਾਅਦ ਜਾ ਕੇ ਸੀਵਰੇਜ 'ਚੋਂ ਦੋਨੋਂ ਮੁਲਾਜ਼ਮਾਂ ਨੂੰ ਕੱਢਿਆ ਜਾ ਸਕਿਆ। ਇਨ੍ਹਾਂ ਤਿੰਨਾਂ ਨੂੰ ਤੁਰੰਤ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਸੁਰਿੰਦਰ ਨੂੰ ਮ੍ਰਿਤਕ ਐਲਾਨ ਦਿਤਾ ਅਤੇ ਬਾਕੀ ਦੋਵੇਂ ਵਿਨੇ ਅਤੇ ਰਾਜ ਕੁਮਾਰ ਨੂੰ ਅਪੋਲੋ ਹਸਪਤਾਲ ਰੈਫਰ ਕਰ ਦਿਤਾ ਗਿਆ। ਜਿੰਦਗੀ ਮੌਤ ਦੀ ਲੜਾਈ ਲੜ੍ਹ ਰਹੇ ਉਨ੍ਹਾਂ ਮੁਲਾਜਮਾਂ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ। ਅੱਜ ਦੇ ਇਸ ਆਧੁਨਿਕ ਯੁਗ ਵਿੱਚ ਤਰੱਕੀ ਅਤੇ ਵਿਗਿਆਨਕ ਪ੍ਰਾਪਤੀਆਂ ਦੇ ਦਾਵਿਆਂ ਦਾ ਮੂੰਹ ਚਿੜ੍ਹਾਉਂਦੀ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਯੂਨੀਅਨ ਨੇਤਾ ਲਛਮਣ ਦ੍ਰਾਵਿੜ, ਨਰੇਸ਼ ਧੀਂਗਾਨ ਅਤੇ ਸੁਰਿੰਦਰ ਕਲਿਆਣ ਆਪਣੇ ਸਾਥੀਆਂ ਦੇ ਨਾਲ ਹਸਪਤਾਲ ਪਹੁੰਚੇ। ਉਨ੍ਹਾਂ ਬੜੇ ਸਖਤ ਲਹਿਜੇ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਹਾਦਸੇ ਹੋਣ ਦੀ ਸਮੱਸਿਆ ਦਹਾਕਿਆਂ ਪੁਰਾਣੀ ਹੈ ਕਿਓਂਕਿ ਨਿਗਮ ਵਲੋਂ ਮੁਲਾਜ਼ਮਾਂ ਨੂੰ ਸੀਵਰੇਜ ਵਿਚ ਸਫਾਈ ਦੇ ਲਈ ਉਤਾਰਨ ਤੋਂ ਪਹਿਲਾਂ ਸੇਫਟੀ ਕਿੱਟ ਦੇਣ ਦੀ ਮੰਗ ਨਹੀਂ ਮੰਨੀ ਜਾ ਰਹੀ। ਇਸ ਤੋਂ ਇਲਾਵਾ ਸੀਵਰਮੈਨਾਂ ਦਾ ਬੀਮਾ ਕਰਵਾਉਣ ਦੀ ਯੋਜਨਾ ਵੀ ਕਈ ਸਾਲਾਂ ਤੋਂ ਲਟਕ ਰਹੀ ਹੈ। ਉਨ੍ਹਾਂ ਰੋਸ ਪ੍ਰਦਰਸ਼ਨ ਕਰਦੇ ਹੋਏ ਏ. ਐਂਡ ਐੱਮ. ਸ਼ਾਖਾ ਦੇ ਸੰਬੰਧਤ ਅਫਸਰ ਦੇ ਖਿਲਾਫ ਕੇਸ ਦਰਜ ਕਰਵਾਉਣ ਤੋਂ ਇਲਾਵਾ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਅਤੇ ਨੌਕਰੀ ਦੇਣ ਦੀ ਮੰਗ ਕੀਤੀ, ਉਸ ਸਮੇਂ ਤਕ ਉਨ੍ਹਾਂ ਨੇ ਲਾਸ਼ ਚੁੱਕਣ ਅਤੇ ਸਸਕਾਰ ਕਰਨ ਤੋਂ ਇਨਕਾਰ ਕਰ ਦਿਤਾ ਹੈ। 
ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਹੋਣ ਦੇ ਬਾਵਜੂਦ ਨਗਰ ਨਿਗਮ ਨੇ ਕੋਈ ਸਬਕ ਨਹੀਂ ਸਿੱਖਿਆ ਅਤੇ ਸੇਫਟੀ ਕਿੱਟ ਦੇਣ ਦੀ ਗੱਲ ਯਕੀਨੀ ਨਹੀਂ ਬਣਾਈ। ਇਸਤਰ੍ਹਾਂ ਸੁਰਿੰਦਰ ਕੁਮਾਰ ਦੀ ਮੌਤ ਲਈ ਨਿਗਮ ਅਫਸਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਪਹਿਲਾਂ ਤਾਂ ਛੁੱਟੀ ਵਾਲੇ ਦਿਨ ਬੁਲਾ ਕੇ ਮੁਲਾਜ਼ਮ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਅਤੇ ਬਾਅਦ ਵਿਚ ਪਰਿਵਾਰ ਦੀ ਸੁੱਧ ਲੈਣ ਨਹੀਂ ਆਏ। ਜਿਸ ਮੁਲਾਜ਼ਮ ਦੀ ਮੌਤ ਹੋਈ ਹੈ, ਉਸ ਦੇ ਦੋ ਬੇਟੇ ਅਤੇ ਇਕ ਬੇਟੀ ਹੈ ਅਤੇ ਮੁਖੀਆ  ਦੇ ਚਲੇ ਜਾਣ 'ਤੇ ਪੂਰੇ ਟੱਬਰ ਦਾ ਗੁਜ਼ਾਰਾ ਪਹਾੜ ਵਰਗੀ ਸਮੱਸਿਆ ਬਣਕੇ ਸਾਹਮਣੇ ਆਇਆ ਹੈ। 
ਹੁਣ ਭਾਰਤੀ ਕਮਿਊਨਿਸਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂਨਗਰ ਨਿਗਮ ਨੂੰ ਈਮੇਲ ਰਹਿਣ ਸਖਤ ਪੱਤਰ ਲਿਖਿਆ ਹੈ। 

No comments: