Saturday, January 25, 2014

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵਿਸ਼ੇਸ਼ ਆਯੋਜਨ ਸ਼ੁਰੂ

Sat, Jan 25, 2014 at 12:57 PM
ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਕਲਿਆ ਵਿਸ਼ਾਲ ਨਗਰ ਕੀਰਤਨ 
ਅੰਮ੍ਰਿਤਸਰ: 25 ਜਨਵਰੀ 2014: (ਕਿੰਗ//ਕੁਲਵਿੰਦਰ ਸਿੰਘ 'ਰਮਦਾਸ'//ਪੰਜਾਬ ਸਕਰੀਨ):
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਉਪਰੰਤ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ।
ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ।
ਇਹ ਨਗਰ ਕੀਰਤਨ ਸਰਾਂ ਗੁਰੂ ਰਾਮਦਾਸ, ਜਲ੍ਹਿਆਂ ਵਾਲਾ ਬਾਗ, ਲੱਕੜ ਮੰਡੀ ਬਾਜ਼ਾਰ, ਸੁਲਤਾਨਵਿੰਡ ਗੇਟ, ਪਾਣੀ ਵਾਲੀ ਟੈਂਕੀ, ਸਵਰਨ ਹਾਊਸ, ਗੋਲਡਨ ਕਲਾਥ ਮਾਰਕੀਟ, ਸੁਲਤਾਨਵਿੰਡ ਰੋਡ, ਤੇਜ਼ ਨਗਰ ਚੌਂਕ, ਬਾਜ਼ਾਰ ਸ਼ਹੀਦ ਊਧਮ ਸਿੰਘ ਨਗਰ, ਬਾਜ਼ਾਰ ਕੋਟ ਮਾਹਣਾ ਸਿੰਘ ਤੇ ਤਰਨਤਾਰਨ ਰੋਡ ਤੋਂ ਹੁੰਦਾ ਹੋਇਆ ਚਾਟੀਵਿੰਡ ਗੇਟ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸੰਪੰਨ ਹੋਇਆ।
ਨਗਰ ਕੀਰਤਨ ਵਿਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ.ਰੂਪ ਸਿੰਘ, ਸ.ਸਤਬੀਰ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ ਐਡੀ:ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਸੁਖਦੇਵ ਸਿੰਘ ਤਲਵੰਡੀ ਤੇ ਸ.ਗੁਰਬਚਨ ਸਿੰਘ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਜਸਵਿੰਦਰ ਸਿੰਘ, ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ,  ਸ/ਸੁਪ੍ਰਿੰਟੈਂਡੈਟ ਸ.ਮਲਕੀਤ ਸਿੰਘ ਬਹਿੜਵਾਲ, ਸ.ਸਤਿੰਦਰ ਸਿੰਘ ਚੀਫ ਅਕਾਊਂਟੈਂਟ, ਸ.ਗੁਰਿੰਦਰ ਸਿੰਘ, ਸ.ਬਿਅੰਤ ਸਿੰਘ ਤੇ ਸ.ਜਤਿੰਦਰ ਸਿੰਘ ਐਡੀ:ਮੈਨੇਜਰ ਤੋਂ ਇਲਾਵਾ ਸਮੂਹ ਧਾਰਮਿਕ ਸਭਾ-ਸੁਸਾਇਟੀਆਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਤੇ ਅਧਿਆਪਕ, ਸਕੂਲੀ ਬੈਂਡ, ਵੱਖ-ਵੱਖ ਗੱਤਕਾ ਪਾਰਟੀਆਂ, ਧਾਰਮਿਕ, ਰਾਜਸੀ ਜਥੇਬੰਦੀਆਂ ਤੇ ਵੱਡੀ ਗਿਣਤੀ ਵਿੱਚ ਉਸਤਿਨਾਮ-ਵਾਹਿਗੁਰੂ” ਦਾ ਜਾਪ ਕਰਦੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਿਤੀ 26 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਮੁਖਵਾਕ ਦੀ ਕਥਾ ਸਿੰਘ ਸਾਹਿਬ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਰਨਗੇ। ਇਸੇ ਦਿਨ ਗੁਰਦੁਆਰਾ ਸ਼ਹੀਦ ਗੰਜ ਵਿਖੇ ਸਵੇਰੇ 9.00 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਿਲਾਖੀ ਅੰਮ੍ਰਿਤਪਾਨ ਕਰਨ ਲਈ ਤਿਆਰ ਬਰ ਤਿਆਰ ਹੋ ਕੇ ਆਉਣ। ਧਾਰਮਿਕ ਸਮਾਗਮ ਸਮੇਂ ਪ੍ਰਸਿੱਧ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ਤੇ ਪ੍ਰਸਿੱਧ ਰਾਗੀ ਜਥੇ ਭਾਈ ਗੁਰਚਰਨ ਸਿੰਘ ਰਸੀਆ (ਲੁਧਿਆਣਾ), ਭਾਈ ਹਰਜੋਤ ਸਿੰਘ ਜ਼ਖਮੀ ਜਲੰਧਰ, ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ, ਬੀਬਾ ਪ੍ਰਨੀਤ ਕੌਰ ਕਾਦੀਆਂ, ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਚਰਨ ਸਿੰਘ ਖਾਲਸਾ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਭਾਈ ਗੁਲਬਾਗ ਸਿੰਘ ਤੇ ਭਾਈ ਦਵਿੰਦਰ ਸਿੰਘ ਜਲੰਧਰ, ਭਾਈ ਇਕਬਾਲ ਸਿੰਘ ਲੁਧਿਆਣਾ, ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲੇ ਭਾਈ ਗੁਰਇਕਬਾਲ ਸਿੰਘ ਕਥਾ ਵਖਿਆਨ ਤੇ ਇਲਾਹੀ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰੰਤ ਪ੍ਰਸਿੱਧ ਕਵੀਜਨ, ਢਾਡੀ, ਕਵੀਸ਼ਰ ਬਾਬਾ ਜੀ ਦੇ ਜੀਵਨ ਤੇ ਅਧਾਰਤ ਕਵਿਤਾਵਾਂ ਤੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਨਗੇ। ਰਾਤ ਨੂੰ ਦੀਪਮਾਲਾ ਕੀਤੀ ਜਾਵੇਗੀ ਤੇ ਸਮਾਗਮ ਦੀ ਸਮਾਪਤੀ ਉਪਰੰਤ ਅਲੌਕਿਕ ਆਤਿਸ਼ਬਾਜੀ ਵੀ ਚਲਾਈ ਜਾਵੇਗੀ। ਸੰਗਤਾਂ ਨੂੰ ਅਪੀਲ ਹੈ ਕਿ ਮਹਾਨ ਸੂਰਬੀਰ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਰਹੇ ਧਾਰਮਿਕ ਸਮਾਗਮਾਂ ਮੌਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਨ।

No comments: