Tuesday, January 21, 2014

ਚੰਗੇ ਸਾਹਿਤ ਦੀ ਸਿਰਜਣਾ ਸਮੇਂ ਦੀ ਅਹਿਮ ਲੋੜ: ਜੀ.ਕੇ. ਸਿੰਘ

 Tue, Jan 21, 2014 at 2:26 PM
ਚੰਗੇ ਸਾਹਿਤ ਨਾਲ ਹੀ ਪੈਦਾ ਹੋਵੇਗਾ ਮਾਂ ਬੋਲੀ ਪ੍ਰਤੀ ਪਿਆਰ ਅਤੇ ਸਤਿਕਾਰ
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ DC ਵੱਲੋਂ 4 ਪੁਸਤਕਾਂ ਲੋਕ ਅਰਪਣ
ਡਿਪਟੀ ਕਮਿਸ਼ਨਰ ਪਟਿਆਲਾ ਸ. ਜੀ.ਕੇ. ਸਿੰਘ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਾ. ਵਿਸ਼ਵ ਕੀਰਤੀ ਅਤੇ ਸ੍ਰੀ ਹਰਵਿੰਦਰ ਕਮਲ ਦੀਆਂ ਪੁਸਤਕਾਂ ਲੋਕ ਅਰਪਣ ਕਰਦੇ ਹੋਏ।
ਪਟਿਆਲਾ, 20 ਜਨਵਰੀ 2014: (ਧਰਮਵੀਰ ਨਾਗਪਾਲ//ਪੰਜਾਬ ਸਕਰੀਨ):
``ਬੱਚਿਆਂ ਤੇ ਨੌਜਵਾਨਾਂ ਦੇ ਮਨਾਂ ਅੰਦਰ ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਚੰਗੇ ਸਾਹਿਤ ਦੀ ਸਿਰਜਣਾ ਸਮੇਂ ਦੀ ਅਹਿਮ ਲੋੜ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਘਰਾਂ ਵਿੱਚ ਬੱਚਿਆਂ ਨੂੰ ਪੜਨ ਅਤੇ ਸਾਹਿਤ ਸਿਰਜਣ ਲਈ ਪ੍ਰੇਰਿਤ ਕਰਨ ਲਈ ਉਸਾਰੂ ਮਾਹੌਲ ਪ੍ਰਦਾਨ ਕਰਵਾਇਆ ਜਾਵੇ। `` ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ ਸਿੰਘ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਭਾਸ਼ਾ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾ. ਵਿਸ਼ਵ ਕੀਰਤੀ ਅਤੇ ਲੇਖਕ ਸ਼੍ਰੀ ਹਰਵਿੰਦਰ ਕਮਲ ਦੀਆਂ ਦੋ-ਦੋ ਪੁਸਤਕਾਂ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ। ਸ਼੍ਰੀ ਜੀ.ਕੇ ਸਿੰਘ ਨੇ ਕਿਹਾ ਕਿ ਸਮਾਜਕ ਵਿਕਾਸ ਲਈ ਲੋਕ ਮਨਾਂ ਵਿੱਚ ਪੜਨ ਸਭਿਆਚਾਰ ਪੈਦਾ ਕਰਨ ਦੀ ਲੋੜ ਹੈ ਅਤੇ ਮਾਂ ਬੋਲੀ ਪੰਜਾਬੀ ਵਿੱਚ ਰਚਿਆ ਜਾਣ ਵਾਲਾ ਸਮੁੱਚਾ ਸਾਹਿਤ ਜਿਥੇ ਪੰਜਾਬ ਦੇ ਮਾਣਾਂ ਮੱਤੇ ਸਭਿਆਚਾਰ ਦੀ ਤਸਵੀਰ ਪੇਸ਼ ਕਰਦਾ ਹੈ ਉਥੇ ਹੀ ਬਾਲਾਂ ਅਤੇ ਨੌਜਵਾਨਾਂ ਨੂੰ ਚੰਗੇ ਰਾਹ `ਤੇ ਤੋਰ ਕੇ ਦੇਸ਼ ਦਾ ਚੰਗਾ ਨਾਗਰਿਕ ਬਣਨ ਲਈ ਵੀ ਪ੍ਰੇਰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਇਬ੍ਰੇਰੀ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ ਪਰ ਦੁਖ ਦੀ ਗੱਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਧੁਨਿਕਤਾ ਦਾ ਹਾਣੀ ਬਣਾਉਣ ਲਈ ਤਾਂ ਵੱਡੇ ਉਪਰਾਲੇ ਕੀਤੇ ਹਨ ਪਰ ਬੱਚਿਆਂ ਵਿੱਚ ਕਿਤਾਬਾਂ ਪ੍ਰਤੀ ਅੰਦਰੂਨੀ ਮੋਹ ਨਹੀਂ ਪੈਦਾ ਕਰ ਸਕੇ। ਉਨਾਂ ਕਿਹਾ ਕਿ ਖਾਣ-ਪੀਣ, ਪਹਿਰਾਵੇ, ਰਹਿਣ-ਸਹਿਣ ਵਿੱਚ ਆਧੁਨਿਕ ਬਣਨ ਦੀ ਦਿਲਚਸਪੀ ਗੰਭੀਰ ਚੁਣੌਤੀਆਂ ਪੈਦਾ ਕਰ ਰਹੀ ਹੈ ਅਤੇ ਅਜਿਹੇ ਵੇਲੇ ਬੱਚਿਆਂ ਨੂੰ ਚੰਗੇ-ਮਾੜੇ ਬਾਰੇ ਸੁਚੇਤ ਕਰਨ ਵਿੱਚ ਕਿਤਾਬਾਂ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਸ. ਜੀ.ਕੇ. ਸਿੰਘ ਵੱਲੋਂ ਡਾ. ਵਿਸ਼ਵ ਕੀਰਤੀ ਦੀਆਂ ਦੋ ਪੁਸਤਕਾਂ `ਪੰਜਾਬ ਦੀਆਂ ਵਿਸਰ ਰਹੀਆਂ ਖੇਡਾਂ` ਅਤੇ `ਵਿਚਾਰੋਂ ਕੀ ਸ਼ਿ੍ਰੰਖਲਾ` ਤੋਂ ਇਲਾਵਾ ਲੇਖਕ ਸ਼੍ਰੀ ਹਰਵਿੰਦਰ ਕਮਲ ਦੀ ਪੁਸਤਕ `ਪਹਿਲਾ ਕਦਮ` ਅਤੇ ਮਾਸਿਕ ਰਸਾਲਾ `ਸੰਗਮ` ਨੂੰ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਸਾਹਿਤਕਾਰ ਪ੍ਰੋ. ਮੋਹਨ ਮੈਤਰੇ, ਸ਼ੋ੍ਰਮਣੀ ਸਾਹਿਤਕਾਰ ਡਾ. ਮਹੇਸ਼ ਗੌਤਮ, ਮਹੰਤ ਆਤਮਾ ਰਾਮ, ਗੀਤਕਾਰ ਸ਼੍ਰੀ ਧਰਮ ਕੰਮੇਆਣਾ, ਡਾ. ਮਧੂ ਬਾਲਾ ਨੇ ਵੀ ਨਵੀਂਆਂ ਪੁਸਤਕਾਂ ਅਤੇ ਲੇਖਕਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪੁਸਤਕ ਲੋਕ ਅਰਪਣ ਸਮਾਰੋਹ ਮੌਕੇ ਭਾਸ਼ਾ ਵਿਭਾਗ ਦੇ ਵਧੀਕ ਡਾਇਰੈਕਟਰ ਸ਼੍ਰੀ ਚੇਤਨ ਸਿੰਘ, ਸ਼੍ਰੀਮਤੀ ਗੁਰਸ਼ਰਨ ਕੌਰ ਵਾਲੀਆ, ਪ੍ਰੋ. ਸੁਭਾਸ਼ ਸ਼ਰਮਾ, ਡਾ. ਸੁਰਜੀਤ ਖੁਰਮਾ, ਸ. ਭਗਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ। 

No comments: