Wednesday, January 08, 2014

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਵਾਪਰੀ ਹਿੰਸਾ

ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ- ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ//ਪਟਨਾ ਸਾਹਿਬ:: 7 ਜਨਵਰੀ (ਕਿੰਗ//ਕੁਲਵਿੰਦਰ ਸਿੰਘ 'ਰਮਦਾਸ'//ਪੰਜਾਬ ਸਕਰੀਨ):
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਚੱਲ ਰਹੇ ਧਾਰਮਿਕ ਸਮਾਗਮ ਸਮੇਂ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਅਤੇ ਸਟੇਜ ਤੇ ਮੌਜੂਦ ਕੁਝ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਆਪਸੀ ਝੜਪ ਦੌਰਾਨ ਇਕ ਦੂਜੇ ਵਿਰੁੱਧ ਕ੍ਰਿਪਾਨਾ ਚਲਾਉਣੀਆਂ ਤੇ ਦਸਤਾਰਾਂ ਉਤਾਰਨ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿੰਦਿਆ ਕਰਦਿਆ ਇਸ ਘਟਨਾ ਦੀ ਮੁਕੰਮਲ ਜਾਂਚ ਪੜਤਾਲ ਲਈ ਸ. ਸੁਖਦੇਵ ਸਿੰਘ ਭੋਰ, ਜਨਰਲ ਸਕੱਤਰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ.ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਮੈਲ ਸਿੰਘ ਜੌਲਾਂ ਕਲਾਂ ਅੰਤ੍ਰਿੰਗ ਮੈਬਰ ਸ਼੍ਰੋਮਣੀ ਕਮੇਟੀ ਤੇ ਸ. ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਅਧਾਰਿਤ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਤੇ ਇਹਨਾਂ ਕਮੇਟੀ ਮੈਂਬਰਾਂ ਨੂੰ ਤੁਰੰਤ ਪਟਨਾ ਸਾਹਿਬ ਪਹੁੰਚਣ ਲਈ ਕਿਹਾ ਗਿਆ ਹੈ। 
  ਦਫ਼ਤਰ ਸ਼੍ਰੌਮਣੀ ਕਮੇਟੀ ਤੋਂ ਜਾਰੀ ਇਕ ਪ੍ਰੈਸ ਰਲੀਜ਼ 'ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅੱਜ ਸਮੁੱਚਾ ਸਿੱਖ ਜਗਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਸ਼ ਪੁਰਬ ਮਨਾ ਰਿਹਾ ਹੈ ਤੇ ਦਸਮੇਸ਼ ਪਿਤਾ ਜੀ ਦੇ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਚੱਲ ਰਹੇ ਧਾਰਮਿਕ ਸਮਾਗਮ ਜਿਸ ਦਾ ਟੀ ਵੀ ਚੈਨਲਾਂ ਰਾਹੀਂ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ ਸੀ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਦੇਖ ਰਹੀਆਂ ਸਨ, ਉਸ ਸਮੇਂ ਕੁਝ ਸਿੱਖ ਜਥੇਬੰਦੀਆਂ ਵਲੋਂ ਸਮਾਗਮ ਦੌਰਾਨ ਖਲਨ ਪਾਉਂਦਿਆਂ ਇਕ ਦੂਸਰੇ ਤੇ ਹਮਲਾ ਕਰਨਾ ਬਹੁਤ ਹੀ ਦੁੱਖਦਾਈ ਤੇ ਨਿੰਦਣ ਯੋਗ ਹੈ। ਉਹਨਾਂ ਕਿਹਾ ਕਿ ਪਟਨਾ ਸਾਹਿਬ ਦੀ ਧਰਤੀ ਤੇ ਅਜਿਹੀ ਘਟਨਾ ਵਾਪਰਨ ਨਾਲ ਹਰੇਕ ਸ਼ਰਧਾਵਾਨ ਸਿੱਖ ਦੇ ਮਨ ਨੂੰ ਭਾਰੀ ਸੱਟ ਵੱਜੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗਠਿਤ ਪੰਜ ਮੈਂਬਰੀ ਕਮੇਟੀ ਸਾਰੀ ਘਟਨਾ ਦੀ ਮੌਕੇ ਪੁਰ ਪਹੁੰਚ ਕੇ ਮੁਕੰਮਲ ਜਾਂਚ ਪੜਤਾਲ ਕਰਕੇ ਤੁਰੰਤ ਰੀਪੋਰਟ ਦੇਵੇਗੀ। 

No comments: