Monday, January 06, 2014

ਪ੍ਰਕਾਸ਼ ਪੁਰਬ: ਦਿੱਲੀ 'ਚ ਪੁੱਜੇ ਪ੍ਰੋ ਦਰਸ਼ਨ ਸਿੰਘ ਖਾਲਸਾ

ਲਗਾਤਾਰ ਵਧ ਰਹੇ  ਬਿਪਰਵਾਦੀ ਦਬਾ ਤੇ ਕੀਤਾ ਗਿਆ ਚਿੰਤਾ ਦਾ ਪ੍ਰਗਟਾਵਾ 
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਅੱਜ ਮਿਤੀ 5 ਜਨਵਰੀ 2014 ਦਿਨ ਐਤਵਾਰ ਨਾਨਕਸ਼ਾਹੀ ਕਲੰਡਰ ਅਨੁਸਾਰ 23 ਪੋਹ ਨੂੰ ਦਿੱਲੀ ਵਿਖੇ ਸਿੱਖੀ ਅਵੇਅਰਨੈਸ ਐਂਡ  ਵੈਲਫੇਅਰ ਸੋਸਾਇਟੀ ਵੱਲੋਂ ਦਸਵੇਂ ਨਾਨਕ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਉਤਸ਼ਾਹ ਅਤੇ ਸਤਕਾਰ ਨਾਲ ਮਨਾਇਆ ਗਿਆ, ਜਿਸ ਵਿਚ ਦਿੱਲੀ ਦੀਆਂ ਵਖ ਵਖ ਜਥੇਬੰਦੀਆਂ ਨਾਲ ਸਬੰਧਤ ਅਹੁਦੇਦਾਰਾਂ ਅਤੇ ਹੋਰ ਆਮ ਸਿਖ ਸੰਗਤਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਚ ਪ੍ਰੋਫ਼ੇਸਰ ਦਰਸ਼ਨ ਸਿੰਘ ਖਾਲਸਾ ਜੀ ਨੇ ਕੀਰਤਨ ਅਤੇ ਗੁਰਮਤ ਵਿਚਾਰਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਪ੍ਰਭਾਵਸ਼ਾਲੀ ਪ੍ਰਮਾਣ ਵਰਤਦੇ ਹੋਏ ਸਿਖ ਸੰਗਤਾਂ ਨੂੰ ਸਿਖੀ ਤੇ ਹੋ ਰਹੇ ਬਿਪਰਵਾਦੀ ਹਮਲਿਆਂ ਤੋਂ ਸੁਚੇਤ ਰਹਿਣ ਦੀ ਪ੍ਰੇਰਣਾ ਦਿੱਤੀ। ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਨੇ ਸੰਗਤਾਂ ਨੂੰ ਆਪਣੇ ਨਾਲ ਹੋ ਰਹੇ ਧੱਕੇ ਦੇ ਖਿਲਾਫ਼ ਜਾਗ੍ਰਿਤ ਹੋ ਕੇ, ਹੋ ਰਹੇ ਗਲਤ ਦੇ ਅੱਗੇ ਡਟ ਕੇ ਆਵਾਜ਼ ਚੁੱਕਣ ਦਾ ਹਲੂਣਾ ਦਿੱਤਾ।
ਪ੍ਰੋਗਰਾਮ ਚ ਆਪਣੇ ਵਿਚਾਰ ਰਖਦੇ ਹੋਏ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਸੰਗਤਾਂ ਨੂੰ ਸਿਖਾਂ ਦੇ ਅਦਾਰਿਆਂ ਤੇ ਕਾਬਜ ਦਲ ਵੱਲੋਂ ਬਿਪਰਵਾਦੀ ਦਬਾ ਹੇਠ ਕੀਤੇ ਜਾ ਰਹੇ ਸਿਖੀ ਦੇ ਖਿਲਾਫ਼ ਕਾਰਜਾਂ ਵੱਲੋਂ ਜਾਗਰੂਕ ਕਰਾਇਆ। 
ਪ੍ਰੋਗਰਾਮ ਦੇ ਅੰਤ ਚ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸਿੱਖੀ ਸੇਵਾਦਾਰ ਸਰਬਜੋਤ ਸਿੰਘ ਦਿੱਲੀ ਨੇ ਪ੍ਰੋਫ਼ੇਸਰ ਦਰਸ਼ਨ ਸਿੰਘ ਜੀ ਵੱਲੋਂ ਕੀਤੇ ਜਾ ਰਹੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿਚਾਰ ਅਤੇ ਗੁਰੂ ਸਾਹਿਬ ਦੇ ਉਪਦੇਸ਼ ਦੀ ਸ਼ੇਰਨੀ ਦੇ ਦੁਧ ਨਾਲ ਤੁਲਨਾ ਕਰਦਿਆਂ ਕਿਹਾ ਕੇ ਜਿਸ ਤਰਾਂ ਸ਼ੇਰਨੀ ਦਾ ਦੁਧ ਸਿਰਫ ਸੋਨੇ ਦੇ ਭਾਂਡੇ ਚ ਹੀ ਸਹੇਜਿਆ ਜਾ ਸਕਦਾ ਹੈ ਉੱਸੇ ਤਰਾਂ ਗੁਰੂ ਦਾ ਉਪਦੇਸ਼ ਸਹੇਜਣ ਲਈ ਵੀ ਸੋਨੇ ਵਰਗੇ ਨਿਰਮਲ ਮਨ ਦੀ ਲੋੜ ਹੈ ਅਤੇ ਤਾਹੀਂ ਇਹ ਸ਼ੇਰਨੀ ਦੇ ਦੁਧ ਰੂਪੀ ਗੁਰੂ ਦੀ ਬਾਣੀ ਸ਼ੇਰਾਂ ਦੇ ਬਚਿਆਂ ਵਾਂਗ ਸਿਖਾਂ ਦੇ ਬਚਿਆਂ ਨੂੰ ਸ਼ੇਰ ਬਣਾਉਂਦੀ ਹੈ, ਇਸ ਨੂੰ ਕੋਈ ਕਪਟ ਜਾਂ ਕੂੜ ਆਪਣੇ ਮਨ 'ਚ ਧਾਰਣ ਰਖਣ ਵਾਲਾ ਸਹੇਜ ਹੀ ਨਹੀਂ ਸਕਦਾ। 

No comments: