Saturday, January 25, 2014

ਮਹਿੰਗਾਈ ਅਤੇ ਅਮਨ ਕਾਨੂੰਨ ਦੀ ਨਿਘਰਦੀ ਹਾਲਤ ਵਿਰੁਧ ਲੋਕ ਰੋਹ ਹੋਰ ਤਿੱਖਾ

Sat, Jan 25, 2014 at 3:08 PM
ਲੁਧਿਆਣਾ ਦਾ ਕੇਂਦਰੀ ਹਿੱਸਾ ਹੋਇਆ ਲਾਲ ਝੰਡੇ ਨਾਲ ਲਾਲੋ ਲਾਲ 
ਲੁਧਿਆਣਾ: 25 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਭਾਰਤੀ ਕਮਿਉਨਿਸਟ ਪਾਰਟੀ ਅਤੇ ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਦੇ ਹਜ਼ਾਰਾਂ ਕਾਰਕੁਨਾਂ ਨੇ ਅੱਜ ਇੱਥੇ ਰੇਲਵੇ ਸਟੇਸ਼ਨ ਤੋਂ ਲੈ ਕੇ ਘੰਟਾਘਰ ਚੌਕ ਤੱਕ ਪੰਜਾਬ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕੇਂਦਰੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ ਭਾਰੀ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਦੀ ਹਾਲਤ ਕਿੱਨੀ ਖ਼ਰਾਬ ਹੋ ਚੁੱਕੀ ਹੈ, ਇਸ ਗੱਲ ਤੋਂ ਸਾਫ਼ ਹੁੰਦੀ ਹੈ ਕਿ ਪੁਲਸ ਮੁਲਾਜ਼ਮ ਵੀ ਇਸ ਦੌਰਾਨ ਸੁੱਰਖਿਅਤ ਨਹੀਂ ਹਨ। ਆਪਣੀ ਬੇਟੀ ਨੂੰ ਛੇੜਖਾਨੀ ਤੋਂ ਬਚਾਉਣ ਲੱਗੇ ਏ ਐਸ ਆਈ ਦਾ ਅਕਾਲੀ ਆਗੂ ਵਲੋਂ ਦਿਨ ਦਿਹਾੜੇ ਭਰੇ ਬਜ਼ਾਰ ਕਤਲ ਕਰ ਦਿੱਤਾ ਗਿਆ। ਇਸਤੋਂ ਪਹਿਲਾਂ ਬਾਲੜੀ ਸ਼ਰੁਤੀ ਨੂੰ ਅਗਵਾ ਕੀਤਾ ਗਿਆ ਕਿਉਂਕਿ ਅਗਵਾਕਾਰਾਂ ਨੂੰ  ਚਿੱਟੀ ਅਕਾਲੀਆਂ ਦੀ ਸ਼ਹਿ ਸੀ। ਕੁਝ ਸਮਾਂ ਪਹਿਲਾਂ ਡੀ ਐਸ ਪੀ ਦਾ ਕਤਲ ਹੋਇਆ, ਪੱਖੋਵਾਲ ਰੋਡ ਤੇ ਐਸ ਆਈ ਦਾ ਕਤਲ ਹੋਇਆ, ਗੁਰਦਾਸਪੁਰ ਵਿਖੇ ਪੁਲਿਸ ਵਾਲਿਆਂ ਨੂੰ ਅਕਾਲੀ ਆਗੂਆਂ ਨੇ ਕੁੱਟਿਆ। ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿੱਚ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਅਮਨ ਕਾਨੂੰਨ ਦੀ ਨਿਘਰ ਚੁੱਕੀ ਹਾਲਤ ਦੀਆਂ ਗਵਾਹ ਹਨ। ਲੋਕਾਂ ਦੀਆਂ ਹੱਕੀ ਮੰਗਾਂ ਨੂੰ ਮੰਨਣਾ ਤਾਂ ਦੂਰ ਜਿਸ ਢੰਗ ਦੇ ਨਾਲ ਕੱਲ ਅਧਿਆਪਕਾਵਾਂ ਨਾਲ ਦੁਰਵਿਹਾਰ ਕੀਤਾ ਗਿਆ ਉਹ ਭਰਪੂਰ ਨਿਖੇਧੀ ਯੋਗ ਹੈ। ਇਸਤੋਂ ਇਲਾਵਾ ਰੇਤ ਮਾਫ਼ੀਆ, ਜ਼ਮੀਨ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਇੱਨੇ ਸਰਗਰਮ ਕਦੇ ਨਹੀਂ ਹੋਏ। ਇਹਨਾਂ ਹਾਲਾਤਾਂ ਵਿੱਚ ਧੀਆਂ ਭੈਣਾਂ ਬਹੁਤ ਹੀ ਅਸੁੱਰਖਿਅਤ ਮਹਿਸੂਸ ਕਰ ਰਹੀਆਂ ਹਨ। ਦੂਜੇ ਪਾਸੇ ਸਰਕਾਰ ਵਲੋਂ ਬਸ ਕਿਰਾਇਆਂ ਨੂੰ ਵਧਾ ਦਿੱਤਾ ਗਿਆ ਹੈ, ਇੰਤਕਾਲ ਤੇ ਟੀ ਐਸ 1 ਦੇ ਰੇਟ ਵਧਾ ਦਿੱਤੇ ਗਏ ਹਨ। ਬਿਜਲੀ ਦੀਆਂ ਦਰਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਜਾਇਦਾਦ ਟੈਕਸ ਵਧਾ ਕੇ 9 ਹਜ਼ਾਰ ਕਰੋੜ ਦਾ ਟੈਕਸ ਲਾ ਦਿੱਤਾ ਗਿਆ ਹੈ। ਮੁਲਾਜ਼ਮਾਂ ਨੂੰ ਤਨਖ਼ਾਹਾਂ ਅਤੇ ਰਿਟਾਇਰ ਮੁਲਾਜ਼ਮਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ। ਮੌਜੂਦਾ ਅਕਾਲੀ ਭਾਜਪਾ ਸਰਕਾਰ ਹਰ ਫਰੰਟ ਤੇ ਬੁਰੀ ਤਰਾਂ ਫ਼ੇਲ ਹੋ ਗਈ ਹੈ ਅਤੇ ਗੈਰ ਸਮਾਜੀ ਤੱਤਾਂ ਦੇ ਨਾਲ ਇਸਦੀ ਪੂਰੀ ਤਰ੍ਹਾਂ ਗਾਂਢ-ਸਾਂਢ  ਹੈ। ਕੇਂਦਰੀ ਸਰਕਾਰ ਵਲੋਂ ਰਸੋਈ ਗੈਸ ਅਤੇ ਪੈਟ੍ਰੋਲ ਦੀਆਂ ਕੀਮਤਾਂ ਵਧਾ ਕੇ ਬਲਦੀ ਤੇ ਘਿਉ ਪਾਇਆ ਹੈ। ਆਧਾਰ ਕਾਰਡ ਦੇ ਗੇੜ ਵਿੱਚ ਪਾਕੇ ਲੋਕਾਂ ਨੂੰ ਪਰੇਸ਼ਾਨੀਆਂ ਵਿੱਚ ਪਾ ਦਿੱਤਾ ਗਿਆ ਹੈ। ਲੋਕ ਅਧਾਰ ਕਾਰਡ ਬਨਵਾਉਣ ਤੇ ਉਸਨੂੰ ਬੈਂਕਾਂ ਵਿੱਚ ਜਮਾਂ ਕਰਵਾਉਣ ਦੇ ਲਈ ਭੱਜੇ ਫ਼ਿਰਦੇ ਹਨ। 
ਇਸ ਸਾਰੇ ਆਯੋਜਨ ਦੇ ਬੁਲਾਰਿਆਂ ਵਿੱਚ ਅਤੇ ਪਰੋਗਰਾਮ ਨੂੰ ਨੇਪਰੇ ਚਾੜ੍ਹਨ ਵਾਲਿਆਂ ਪ੍ਰਮੁੱਖ ਤੌਰ ਤੇ ਸ਼ਾਮਲ ਸਨ ਸੀਪੀਐਮ ਦੀ ਸੂਬਾ ਕਮੇਟੀ ਦੇ ਮੈਂਬਰ-ਕਾਮਰੇਡ ਵਿਜੈ ਮਿਸ਼ਰਾ,  ਸੀ ਪੀ ਆਈ ਦੇ ਜ਼ਿਲਾ ਸਕੱਤਰ-ਕਾਮਰੇਡ ਕਰਤਾਰ ਸਿੰਘ ਬੁਆਣੀ,ਸੀਪੀਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸੁਖਮਿੰਦਰ ਸੇਖੋਂ, ਏਟਕ ਆਗੂ ਕਾਮਰੇਡ ਉ ਪੀ ਮਹਿਤਾ, ਕਾਮਰੇਡ ਜਗਦੀਸ਼, ਸੀਪੀਐਮ ਦੇ ਜ਼ਿਲਾ ਸਕੱਤਰ ਕਾਮਰੇਡ ਅਮਰਜੀਤ ਮੱਟੂ, ਸੀਟੂ ਵੱਲੋਂ ਕਾਮਰੇਡ ਜਤਿੰਦਰ, ਸੀਪੀਆਈ ਦੇ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ, ਖੇਤ ਮਜਦੂਰ ਸਭਾ-ਪੰਜਾਬ ਦੇ ਸਕੱਤਰ ਕਾਮਰੇਡ ਗੁਲਜ਼ਾਰ ਗੋਰੀਆ, ਨੇ ਵਿਸਥਾਰ ਨਾਲ ਇਸ ਮੁਜ਼ਾਹਰੇ ਬਾਰੇ ਦੱਸਿਆ। ਕਾਮਰੇਡ ਕਾ ਡੀ ਪੀ ਮੌੜ ਨੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਚਾਨਣਾ ਪਾਇਆ। ਕਾਮਰੇਡ ਸੁਰਿੰਦਰ ਜਲਾਲਦੀਵਾਲ, ਕਾਮਰੇਡ ਅਵਤਾਰ ਗਿੱਲ, ਕਾਮਰੇਡ ਬਲਦੇਵ ਲਤਾਲਾ, ਕਾਮਰੇਡ ਨਗੀਨਾ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਅਨੋਦ ਕੁਮਾਰ, ਕਾਮਰੇਡ, ਮਨਜੀਤ ਸਿੰਘ ਬੂਟਾ, ਕਾਮਰੇਡ ਰਾਮਾਧਾਰ ਸਿੰਘ, ਕਾਮਰੇਡ ਸੁਖਮਿੰਦਰ ਲੋਟੇ, ਕਾਮਰੇਡ ਦੇਵ ਰਾਜ। ਕਾਮਰੇਡ ਕੇਵਲ ਸਿੰਘ, ਕਾਮਰੇਡ ਗੁਰਨਾਮ ਗਿੱਲ, ਕਾਮਰੇਡ ਅਮਰਨਾਥ ਕੂਮਕਲਾਂ, ਕਾਮਰੇਡ ਜਗਦੀਸ਼ ਚੰਦਰ, ਕਾਮਰੇਡ ਰਾਮ ਲਾਲ ਅਤੇ ਕਈ ਹੋਰ ਸੀਨੀਅਰ ਕਾਮਰੇਡ ਆਪੋ ਆਪਣੇ ਇਲਾਕਿਆਂ ਦੇ ਜੱਥੇ ਲੈ ਕੇ ਇਸ ਜ਼ੋਰਦਾਰ ਮੁਜ਼ਾਹਰੇ ਵਿੱਚ ਸ਼ਾਮਲ ਹੋਏ।  

No comments: