Sunday, January 12, 2014

ਕੌਮੀ ਯੁਵਕ ਮੇਲਾ-ਭਾਰਤ ਦੀ ਭਿੰਨਤਾ ਵਿਚ ਹੀ ਮਜ਼ਬੂਤੀ: ਤਿਵਾੜੀ

18ਵੇਂ ਕੌਮੀ ਯੂਥ ਮੇਲੇ ਦਾ ਇਤਿਹਾਸਿਕ ਆਯੋਜਨ
18ਵੇਂ ਕੌਮੀ ਯੁਵਕ ਮੇਲੇ ਦਾ ਉਦਘਾਟਨ ਕਰਦੇ ਅਤੇ ਕੌਮੀ ਯੁਵਾ ਐਵਾਰਡ ਦਿੰਦੇ ਖੇਡ ਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਜਤਿੰਦਰ ਸਿੰਘ, ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਮੰਚ ਤੇ ਮੌਜ਼ੂਦਗੀ। ਇਸ ਮੌਕੇ ਕੌਮੀ ਯੁਵਾ ਐਵਾਰਡ ਦੇ ਜੇਤੂਆਂ ਨਾਲ ਕੇਂਦਰੀ ਖੇਡ ਮੰਤਰੀ ਜਤਿੰਦਰ ਸਿੰਘ ਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ।
ਲੁਧਿਆਣਾ, 12 ਜਨਵਰੀ 2014:: (ਸਤਪਾਲ ਸੋਨੀ//ਪੰਜਾਬ ਸਕਰੀਨ):
ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਿੰਨਤਾ 'ਚ ਹੀ ਭਾਰਤ ਦੀ ਮਜ਼ਬੂਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਵੱਖ ਵੱਖ ਤਰ੍ਹਾਂ ਦੇ ਸੱਭਿਆਚਾਰ ਹਨ, ਜਿਨ੍ਹਾਂ ਦਾ ਵੱਖ ਵੱਖ ਰੂਪ ਹੈ ਤੇ ਜਦ ਇਕ ਇਕੱਠੇ ਹੁੰਦੇ ਹਨ, ਤਾਂ ਦੇਸ਼ ਨੂੰ ਖੂਬਸੂਰਤ ਬਣਾਉਂਦੇ ਹਨ। 
ਅੱਜ ਲੁਧਿਆਣਾ 'ਚ ਕੌਮੀ ਯੁਵਕ ਮੇਲੇ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਹਜ਼ਾਰਾਂ ਯੁਵਕਾਂ ਨੂੰ ਆਪਣੇ ਵਿਲੱਖਣ ਤਜ਼ਰਬੇ ਦਾ ਪ੍ਰਦਰਸ਼ਨ ਦਾ ਮੌਕਾ ਮਿਲੇਗਾ ਤੇ ਨਾਲ ਹੀ ਉਨ੍ਹਾਂ ਨੂੰ ਇਕ-ਦੂਜੇ ਦੇ ਸੱਭਿਆਚਾਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਕੌਮੀ ਯੁਵਕ ਮੇਲੇ ਦਾ ਪ੍ਰਬੰਧ ਭਾਰਤ ਸਰਕਾਰ ਦੇ ਯੁਵਕ ਮਾਮਲਿਆਂ ਤੇ ਖੇਡਾਂ ਬਾਰੇ ਮੰਤਰਾਲੇ ਅਤੇ ਪੰਜਾਬ ਸਰਕਾਰ ਵੱਲੋਂ ਸਵਾਮੀ ਵਿਵੇਕਾਨੰਦ ਦੀ 150ਵੀਂ ਵਰ੍ਹੇਗੰਢ ਦੇ ਸਬੰਧ 'ਚ ਕੀਤਾ ਗਿਆ ਹੈ। 
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਤੇ ਕੇਂਦਰੀ ਖੇਡ, ਯੁਵਕ ਮਾਮਲਿਆਂ ਤੇ ਰੱਖਿਆ ਰਾਜ ਮੰਤਰੀ ਸ੍ਰੀ ਜਤਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। 
ਸ੍ਰੀ ਮਨੀਸ਼ ਤਿਵਾੜੀ ਜੋ ਲੁਧਿਆਣਾ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੇ ਵੱਖ ਵੱਖ ਰਾਜਾਂ ਤੇ ਕੇਂਦਰੀ ਪ੍ਰਬੰਧਨ ਪ੍ਰਦੇਸ਼ਾਂ ਦੇ ਨੁਮਾਇੰਦਗੀ ਕਰ ਰਹੇ ਯੁਵਕਾਂ ਨੂੰ ਆਪਣੀ ਦਿੱਲੀਂ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਅਜਿਹੇ ਉਤਸਵ ਅਤੇ ਪ੍ਰੋਗਰਾਮ ਲੋਕਾਂ ਨੂੰ ਇਕੱਠੇ ਕਰਨ 'ਚ ਸਹਾਈ ਹੁੰਦੇ ਹਨ ਅਤੇ ਇਸ ਨਾਲ ਏਕਤਾ ਦੀ ਮਜ਼ਬੂਤੀ ਤੇ ਆਪਸੀ ਸੂਝਬੂਝ 'ਚ ਵੀ ਮਦਦ ਮਿਲਦੀ ਹੈ। 
ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਦੇਸ਼ ਭਰ ਤੋਂ ਆਏ ਮਹਿਮਾਨ ਪੰਜਾਬ ਦੀ ਮਹਿਮਾਨਨਵਾਜੀ ਦਾ ਭਰਪੂਰ ਅਨੰਦ ਉਠਾਉਣਗੇ, ਜਿਸ ਲਈ ਪੰਜਾਬ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਉਦਮੀਆਂ ਦੇ ਵੱਖ ਵੱਖ ਵਰਗਾਂ ਦੀ ਨੁਮਾਇੰਦਗੀ ਵੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਟੀਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਹੋ ਰਿਹਾ ਹੈ, ਜਿਸਨੇ ਹਰੀ ਕ੍ਰਾਂਤੀ ਦੀ ਰੂਪਰੇਖਾ ਤਿਆਰ ਕੀਤੀ। ਜਿਸ ਨਾਲ ਭੁੱਖਮਰੀ ਦੂਰ ਕਰਨ 'ਚ ਸਹਿਯੋਗ ਮਿਲਿਆ।
ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਜਤਿੰਦਰ ਸਿੰਘ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਯੁਵਕਾਂ ਨੂੰ ਇਕ ਥਾਂ 'ਤੇ ਇਕੱਠੇ ਕਰਨ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਐਲਾਨ ਕੀਤਾ ਕਿ ਯੁਵਕ ਵਿਕਾਸ ਬਾਰੇ ਰਾਜੀਵ ਗਾਂਧੀ ਕੌਮੀ ਸੰਸਥਾਨ ਚੰਡੀਗੜ੍ਹ 'ਚ ਸਥਾਪਿਤ ਕੀਤਾ ਜਾਵੇਗਾ, ਜੋ ਉਤਰੀ ਭਾਰਤ ਦੇ ਯੁਵਕਾਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। 
ਇਸ ਤੋਂ ਪਹਿਲਾਂ ਸ੍ਰੀ ਜਤਿੰਦਰ ਸਿੰਘ ਨੇ ਸ੍ਰੀ ਮਨੀਸ਼ ਤਿਵਾੜੀ ਤੇ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ਕੌਮੀ ਯੁਵਕ ਮੇਲੇ ਵਿਚ ਸਾਂਝੇ ਤੌਰ 'ਤੇ ਝੰਡਾ ਲਹਿਰਾ ਕੇ ਕੌਮੀ ਯੁਵਕ ਮੇਲੇ ਦੀ ਸ਼ੁਰੂਆਤ ਕੀਤੀ।

No comments: