Friday, January 24, 2014

ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਸਾਹਿਤਿਕ ਸਰਗਰਮੀਆਂ ਜਾਰੀ

Fri, Jan 24, 2014 at 3:57 PM
ਸ.ਈਸ਼ਰ ਸਿੰਘ ਸੋਬਤੀ ਨਾਲ ਰੂ-ਬ-ਰੂ ਸਮਾਗਮ 'ਚ ਪੁੱਜੇ ਕਈ ਸਾਹਿਤ ਰਸੀਏ 
ਲੁਧਿਆਣਾ: 24 ਜਨਵਰੀ 2014: (ਰੈਕਟਰ ਕਥੂਰੀਆ//ਵੀ ਕੇ ਗਰਗ//ਪੰਜਾਬ ਸਕਰੀਨ):
ਪੋਸਟ ਗਰੈਜੂਏਟ ਪੰਜਾਬੀ ਵਿਭਾਗ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਲੋਂ ਪੰਜਾਬੀ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ,ਸਮਾਜ ਸੇਵੀ ਅਤੇ ਸਾਹਿਤਕਾਰ ਸ.ਈਸ਼ਰ ਸਿੰਘ ਸੋਬਤੀ ਦੇ ਸਾਹਿਤਕ ਸਫਰ ਨਾਲ ਸਾਂਝ ਪਾਉਣ ਅਤੇ ਵਿਦਿਆਰਥਣਾਂ ਦੀ ਸਾਹਿਤ-ਪ੍ਰਤੀ ਚੇਤਨਾ ਨੂੰ ਪ੍ਰਚੰਡ ਕਰਨ ਦੇ ਆਸ਼ੇ ਨਾਲ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਮਿੰਦਰ ਕੌਰ ਜੀ ਬਤੌਰ ਪ੍ਰਧਾਨ ਸ਼ਾਮਿਲ ਹੋਏ।ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ.ਕ੍ਰਿਸ਼ਨ ਸਿੰਘ ਜੀ ਨੇ ਇਸ ਸਮਾਗਮ ਨੂੰ ਆਯੋਜਿਤ ਕਰਨ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥਣਾਂ ਨੂੰ ਅਜਿਹੇ ਸਮਾਗਮਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਮੁੱਖ ਮਹਿਮਾਨ ਤੇ ਆਏ ਮਹਿਮਾਨਾ ਨੂੰ ਜੀ ਆਇਆਂ ਆਖਿਆ।ਇਸ ਮੌਕੇ ਤੇ ਉੱਘੇ ਸਾਹਿਤਕਾਰ ਸ.ਕਰਮਜੀਤ ਸਿੰਘ ਔਜਲਾ,ਸੰਪਾਦਕ ਮਾਸਕ ‘ਸੇਵਾ ਲਹਿਰ’ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਸ.ਔਜਲਾ ਨੇ ਕਿਹਾ ਕਿ ਮੁੱਖ ਮਹਿਮਾਨ ਅਤੇ ਪਰਵਕਤਾ ਸ. ਈਸ਼ਰ ਸਿੰਘ ਸੋਬਤੀ ਜੀ ਦੀ ਕਹਾਣੀਆ ਦੀ ਪੁਸਤਕ ‘ਨੇਕੀ’ ਇੱਕ ਅਜਿਹੀ ਪੁਸਤਕ ਹੈ,ਜਿਸ ਤੇ ਡਾ.ਸੁਰਿੰਦਰ ਸਿੰਘ ਨਰੂਲਾ ਨੇ ਡੀ.ਲਿਟ ਦੀ ਡਿਗਰੀ ਪ੍ਰਾਪਤ ਕੀਤੀ ਹੈ।ਸ.ਸੋਬਤੀ ਜੀ ਦਾ ਜੀਵਨ ਇੱਕ ਜੀਵੰਤ ਇਤਿਹਾਸ ਹੈ।ਉਹ ਪੰਡਿਤ ਜਵਾਹਰ ਲਾਲ ਨਹਿਰੂ,ਸ.ਪ੍ਰਤਾਪ ਸਿੰਘ ਕੈਰੋਂ,ਵੱਲਭ ਭਾਈ ਪਟੇਲ ਜੀ ਨਾਲ ਉਨਾਂ ਦੇ ਨਿਕਟ ਸੰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ।
              ਇਸ ਸਮਾਗਮ ਵਿੱਚ ਸ.ਸੋਬਤੀ ਜੀ ਨੇ ਆਪਣੇ ਭਾਸ਼ਨ ਦੌਰਾਨ ਆਪਣੇ ਜੀਵਨ ਦੇ ਲੰਬੇ ਸਫਰ ਦੇ ਤਜਰਬੇ ਸਾਂਝੇ ਕੀਤੇ ਅਤੇ ਸਾਹਿਤ-ਰਚਨਾ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।ਉਨਾਂ ਨੇ ਆਪਣੇ ਰਚੇ ਸਾਹਿਤ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿੱਚੋ ਐਮ.ਏ ਦੇ ਸਮੂਹ ਵਿੱਦਿਆਰਥੀਆਂ ਨੂੰ ਇੱਕ-ਇੱਕ ਪੁਸਤਕ ਭੇਂਟ ਕੀਤੀ।ਸ.ਕਰਮਜੀਤ ਸਿੰਘ ਔਜਲਾ ਜੀ ਨੇ ਵੀ ਵਿਦਿਆਰਥਣਾਂ ਨੂੰ ਸਾਹਿਤ-ਪੜ੍ਹਨ ਅਤੇ ਸਾਹਿਤ-ਰਚਨਾ ਦੀ ਪ੍ਰੇਰਨਾ ਦਿੱਤੀ।
              ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਮਿੰਦਰ ਕੌਰ ਜੀ ਨੇ ਸਮਾਗਮ ਪ੍ਰਤੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ।ਮਹਾਨ ਤਜਰਬੇ ਦੇ ਮਾਲਕ ਬੁੱਧੀਜੀਵੀ ਲੇਖਕਾਂ ਦੇ ਸਨਮੁੱਖ ਹੋ ਕੇ ਵਿਦਿਆਰਥੀ ਆਪਣੀ ਜੀਵਨ-ਸੇਧ ਪ੍ਰਾਪਤ ਕਰਦੇ ਹਨ ਅਤੇ ਇਹ ਸੇਧ ਉਨਾਂ ਦੇ ਲਕਸ਼ ਨਿਰਧਾਰਨ ਕਰਕੇ ਕਾਮਯਾਬ ਹੋਣ ਲਈ ਯਤਨਸ਼ੀਲ ਕਰਦੀ ਹੈ।ਸਮੂਹ ਵਿਦਿਆਰਥਣਾਂ ਨੇ ਸਮੁੱਚੇ ਸਮਾਗਮ ਵਿੱਚ ਭਰਪੂਰ ਦਿਲਚਸਪੀ ਵਿਖਾਈ ਅਤੇ ਪ੍ਰਸ਼ਨ ਪੁੱਛੇ।
              ਅਖੀਰ ਵਿੱਚ ਸ.ਈਸ਼ਰ ਸਿੰਘ ਸੋਬਤੀ, ਉਨਾਂ ਦੀ ਧਰਮ ਪਤਨੀ ਸ੍ਰਮਤੀ ਹਰਸਰਨ ਕੌਰ,ਸ.ਕਰਮਜੀਤ ਸਿੰਘ ਔਜਲਾ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਅਖੀਰ ਵਿੱਚ ਪ੍ਰੋ.ਪਰਮਜੀਤ ਕੌਰ ਨੇ ਸਮਾਗਮ ਨੂੰ ਨੇਪਰੇ ਚਾੜਨ ਲਈ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਪ੍ਰੋ.ਗੁਰਵਿੰਦਰ ਕੌਰ, ਪ੍ਰੋ.ਨਿਰਮਲਜੀਤ ਕੌਰ, ਪ੍ਰੋ.ਉੱਤਮਦੀਪ ਕੌਰ, ਪ੍ਰੋ.ਹਰਪ੍ਰੀਤ ਕੌਰ, ਪ੍ਰੋ.ਅਨੀਤਾ, ਪ੍ਰੋ.ਰੁਪਿੰਦਰਜੀਤ ਕੌਰ, ਪ੍ਰੋ.ਕਮਲਜੀਤ ਕੌਰ ਵੀ ਹਾਜ਼ਰ ਰਹੇ।ਸਾਰਾ ਸਮਾਗਮ ਐਮ.ਏ ਪੰਜਾਬੀ ਦੀਆਂ ਵਿਦਿਆਰਥਣਾਂ ਲਈ ਭਰਪੂਰ ਲਾਹੇਵੰਦ ਸਾਬਿਤ ਹੋਇਆ।

No comments: