Tuesday, January 14, 2014

ਕੈਨੇਡਾ ਦੇ ਅਲਬਰਟਾ ਪ੍ਰਾਂਤ ਦੀ ਪ੍ਰੀਮੀਅਰ ਏਲਿਸਨ ਰੇਡਫੋਡ ਦੀ ਅੰਮ੍ਰਿਤਸਰ ਫੇਰੀ

Tue, Jan 14, 2014 at 3:03 PM
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ 
ਅੰਮ੍ਰਿਤਸਰ: 14 ਜਨਵਰੀ 2014:  (ਕਿੰਗ//ਇੰਦਰ ਮੋਹਣ ਸਿੰਘ 'ਅਨਜਾਣ'//ਪੰਜਾਬ ਸਕਰੀਨ):
ਕੈਨੇਡਾ ਦੇ ਅਲਬਰਟਾ ਪ੍ਰਾਂਤ ਦੀ ਪ੍ਰੀਮੀਅਰ ਮਿਸ ਏਲਿਸਨ ਰੇਡਫੋਡ ਆਪਣੇ ਪੰਜਾਬ ਦੌਰੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਉਨ੍ਹਾਂ ਨਾਲ ਇਸ ਸਮੇਂ ਅਲਬਰਟਾ (ਕੈਨੇਡਾ) ਦੇ ਤਿੰਨ ਐਮ.ਐਲ.ਏ. ਸ੍ਰ. ਮਨਮੀਤ ਸਿੰਘ ਭੁੱਲਰ,ਸ੍ਰੀ ਪੀਟਰ ਸੰਧੂ ਅਤੇ ਸ੍ਰੀ ਨਰੇਸ਼ ਭਾਰਤਵਾਜ ਵੀ ਦਰਸ਼ਨਾਂ ਲਈ ਆਏ। ਮਿਸ ਏਲਿਸਨ ਰੇਡਫੋਡ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ  ਲੰਗਰ ਵਿਖੇ ਥਾਲ, ਪ੍ਰਸ਼ਾਦੇ ਅਤੇ ਦਾਲ ਵਰਤਾਉਣ ਦੀ ਸੇਵਾ ਕੀਤੀ ਅਤੇ ਲੰਗਰ ਵੀ ਛਕਿਆ।ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਉਪਰੰਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਿਕ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਮਿਸ ਏਲਿਸਨ ਰੇਡਫੋਡ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ: ਦਲਮੇਘ ਸਿੰਘ, ਵਧੀਕ ਸਕੱਤਰ ਸ੍ਰ:ਦਿਲਜੀਤ ਸਿੰਘ ਬੇਦੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ੍ਰ: ਪ੍ਰਤਾਪ ਸਿੰਘ ਅਤੇ ਸ੍ਰ: ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ, ਪੰਜਾਬ ਨੇ ਵਿਸ਼ੇਸ਼ ਸਨਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਤਸਵੀਰ, ਯਾਦਗਾਰੀ ਪੁਸਤਕਾਂ ਦਾ ਸੈਟ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨਾਲ ਆਏ ਅਲਬਰਟਾ ਦੇ ਐਮ . ਐਲ . ਏਜ਼ ਸ੍ਰ: ਮਨਮੀਤ ਸਿੰਘ ਭੁੱਲਰ, ਸ੍ਰੀ ਪੀਟਰ ਸੰਧੂ ਅਤੇ ਸ੍ਰੀ ਨਰੇਸ਼ ਭਾਰਤਵਾਜ਼ ਨੂੰ ਵੀ ਧਾਰਮਿਕ ਪੁਸਤਕਾਂ ਦਾ ਸੈਟ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪ੍ਰੈਸ ਨਾਲ ਗੱਲਬਾਤ ਦੌਰਾਨ ਮਿਸ ਏਲਿਸਨ ਰੇਡਫੋਡ ਪ੍ਰੀਮੀਅਰ ਅਲਬਰਟਾ (ਕੈਨੇਡਾ) ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦਾ ਸੰਚਾਲਨ ਕਰਨਾ ਤੇ ਏਨੇ ਵੱਡੇ ਲੰਗਰ ਦੀ ਸੇਵਾ ਨਿਭਾਉਣਾ ਜਿੱਥੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਨਤਮਸਤਿਕ ਹੋ ਕੇ ਲੰਗਰ ਛਕਦੇ ਹਨ ਬਹੁਤ ਹੀ ਵਿਲੱਖਣਤਾ ਤੇ ਮਹਾਨਤਾ ਵਾਲਾ ਕਾਰਜ ਹੈ। ਉਨ੍ਹਾਂ ਕਿਹਾ ਕਿ ਅਲਬਰਟਾ ਵਿਚ ਕਰੀਬ ਇਕ ਲੱਖ ਸਿੱਖ ਰਹਿੰਦੇ ਹਨ ਅਤੇ ਅਲਬਰਟਾ ਦੀ ਕੈਲੀਬਰ ਸਿਟੀ ਵਿਚ ਤਕਰੀਬਨ ਸੌ ਸਾਲਾਂ ਤੋਂ ਸਿੱਖ ਵਸੇ ਹੋਏ ਹਨ। ਇਹ ਪੂਰੇ ਪ੍ਰਾਂਤ ਦੀਆਂ ਰਾਜਨੀਤਕ, ਸਮਾਜਿਕ ਅਤੇ ਵਿਵਸਾਇਕ ਗਤੀਵਿਧੀਆਂ ਵਿਚ ਸਰਗਰਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਅਲਬਰਟਾ ਦੀ ਤਰੱਕੀ ਵਿਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ।ਮਿਸ ਏਲਿਸਨ ਰੇਡਫੋਡ ਪ੍ਰੀਮੀਅਰ ਅਲਬਰਟਾ ਅਤੇ ਉਨ੍ਹਾਂ ਨਾਲ ਆਏ ਓਥੋਂ ਦੇ ਐਮ . ਐਲ . ਏ ਸ੍ਰ: ਮਨਮੀਤ ਸਿੰਘ ਭੁੱਲਰ ਨੇ ਸਾਂਝੀ ਗੱਲਬਾਤ ਦੌਰਾਨ ਪ੍ਰੈਸ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਸਿੱਖਾਂ ਦੇ ਕਕਾਰਾਂ ਸਬੰਧੀ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਜਵਾਬ ਦੇਂਦਿਆਂ ਕਿਹਾ ਕਿ ਕੈਨੇਡਾ ਨੇ ਹਰ ਧਰਮ ਦੇ ਲੋਕਾਂ ਨੂੰ ਜੋ ਫਰੀਡਮ ਰਿਲੀਜ਼ਨ (ਧਰਮ ਦੀ ਆਜ਼ਾਦੀ) ਦਿੱਤੀ ਹੈ ਓਥੇ ਕਦੇ ਵੀ ਇਹੋ ਜਿਹੀ ਮੁਸ਼ਕਲ ਪੇਸ਼ ਨਹੀਂ ਆਉਂਦੀ, ਪਰ ਜੇ ਭਵਿੱਖ ਵਿਚ ਕਦੇ ਐਸਾ ਹੋਇਆ ਤਾਂ ਇਸ ਮਸਲੇ ਨੂੰ ਤੁਰੰਤ ਸੁਲਝਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਊਬਿਕ ਸਰਕਾਰ ਸਿੱਖਾਂ ਦੇ ਧਾਰਮਿਕ ਚਿਨ੍ਹਾਂ ਤੇ ਪਾਬੰਦੀ ਲਗਾ ਵੀ ਦੇਂਦੀ ਹੈ ਤਾਂ ਅਲਬਰਟਾ ਸਰਕਾਰ ਕੈਨੇਡੀਅਨ ਚਾਰਟਰ ਦੁਆਰਾ ਇਸ ਪਾਬੰਧੀ ਨੂੰ ਹਟਵਾ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਦੀ ਸ਼ਰਧਾ-ਭਾਵਨਾ ਦੇਖਦੇ ਹੇਏ ਅਲਬਰਟਾ ਸਰਕਾਰ ਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਕਈ ਹਸਪਤਾਲਾਂ ਦੇ ਪ੍ਰਬੰਧਕੀ ਬਲਾਕਾਂ ਦੇ ਨਾਮ ਰੱਖੇ ਹੋਏ ਹਨ। ਇਸ ਮੌਕੇ ਸ੍ਰ: ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ, ਪੰਜਾਬ ਦੇ ਇਲਾਵਾ ਸ੍ਰ: ਇੰਦਰ ਮੋਹਣ ਸਿੰਘ ਅਨਜਾਣ,ਸ੍ਰ:ਜਸਵਿੰਦਰ ਸਿੰਘ,ਸ੍ਰ: ਹਰਪੀਤ ਸਿੰਘ ਅਤੇ ਸ੍ਰ: ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ ਮੌਜੂਦ ਸਨ।

No comments: