Friday, January 31, 2014

ਸੁਪਰੀਮ ਕੋਰਟ ਵੱਲੋਂ ਭੁੱਲਰ ਦੀ ਫਾਂਸੀ 'ਤੇ ਅਗਲੇ ਹੁਕਮਾਂ ਤੱਕ ਰੋਕ

ਸਿੱਖ ਜਗਤ ਵਿੱਚ ਜਾਗੀ ਇੱਕ ਵਾਰ ਫੇਰ ਨਵੀਂ ਉਮੀਦ 
ਨਵੀਂ ਦਿੱਲੀ: 31 ਜਨਵਰੀ 2014: (ਪੰਜਾਬ ਸਕਰੀਨ ਬਿਊਰੋ):
ਸੁਪਰੀਮ ਕੋਰਟ ਨੇ 1993 ‘ਚ ਹੋਏ ਦਿੱਲੀ ਬੰਬ ਧਮਾਕਿਆਂ ਦੇ ਦੋਸ਼ੀ ਖਾੜਕੂ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ‘ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ ਅਤੇ ਉਸ ਦੀ ਸਿਹਤ ਬਾਰੇ ਮੈਡੀਕਲ ਰਿਪੋਰਟ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਫਰਵਰੀ ਨੂੰ ਹੋਵੇਗੀ। ਕਾਬਿਲੇ ਜ਼ਿਕਰ ਹੈ ਕਿ ਭੁੱਲਰ ਦੀ ਪਤਨੀ ਨੇ ਸੁਪਰੀਮ ਕੋਰਟ ‘ਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਲਈ ਪਟੀਸ਼ਨ ਦਾਇਰ ਕੀਤੀ ਹੋਈ ਸੀ, ਜਿਸ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਹੈ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਹੀ ਇਕ ਫੈਸਲੇ ‘ਚ ਕਿਹਾ ਸੀ ਕਿ ਰਹਿਮ ਦੀਆਂ ਪਟੀਸ਼ਨਾਂ ‘ਤੇ ਲੰਬੇ ਸਮੇਂ ਤੱਕ ਫੈਸਲਾ ਨਾ ਲੈਣ ਅਤੇ ਦੋਸ਼ੀਆਂ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਦੀ ਹਾਲਤ ਵਿੱਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਦਵਿੰਦਰ ਪਾਲ ਭੁੱਲਰ ਨੂੰ ਸੁਪਰੀਮ ਕੋਰਟ ਨੇ 1993 ‘ਚ ਦਿੱਲੀ ‘ਚ ਹੋਏ ਬੰਬ ਧਮਾਕੇ ਵਾਲੇ ਮਾਮਲੇ ਸੰਬੰਧੀ ਸੰਨ 2002 ‘ਚ ਮੌਤ ਦੀ ਸਜ਼ਾ ਸੁਣਾਈ ਸੀ। ਇਸ ਹਮਲੇ ‘ਚ ਉਸ ਸਮੇਂ ਦੇ ਯੂਥ ਕਾਂਗਰਸ ਦੇ ਨੇਤਾ ਮਨਿੰਦਰਜੀਤ ਸਿੰਘ ਬਿੱਟਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬਿੱਟਾ ਤਾਂ ਇਸ ਹਮਲੇ ‘ਚ ਬਚ ਗਏ ਸਨ ਪਰ ਉਨ੍ਹਾਂ ਦੇ 9 ਸੁਰੱਖਿਆ ਕਰਮਚਾਰੀ ਧਮਾਕੇ ਵਿੱਚ ਮਾਰੇ ਗਏ ਸਨ ਅਤੇ 25 ਲੋਕ ਜ਼ਖਮੀ ਹੋ ਗਏ ਸਨ। ਇਸ ਮਹੀਨੇ ਆਏ ਸੁਪਰੀਮ ਕੋਰਟ ਦੇ ਇਕ ਫੈਸਲੇ ਨੇ ਭੁੱਲਰ ਦੀ ਫਾਂਸੀ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ। ਇਸ ਤੋਂ ਇਲਾਵਾ ਕੁਝ ਸਿੱਖ ਸੰਗਠਨ ਵੀ ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ ਕਰਨ ਦੀ ਮੁਹਿੰਮ ਚਲਾ ਰਹੇ ਹਨ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਭੁੱਲਰ ਦੀ ਮਾਫੀ ਦੀ ਅਪੀਲ ਕੀਤੀ ਹੈ।
 

ਗੁਰੂ ਕਾ ਸਿੱਖ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ


No comments: