Sunday, January 12, 2014

ਸਾਬਕਾ ਡੀਜੀਪੀ(ਜੇਲ੍ਹ) ਸ਼ਸ਼ੀ ਕਾਂਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵਿਰੁਧ ਲੋਕ ਰੋਹ ਭਖਿਆ

CPI ਨੇ ਕੀਤਾ ਲੁਧਿਆਣਾ ਵਿੱਚ ਜ਼ੋਰਦਾਰ ਰੋਸ ਮੁਜ਼ਾਹਰਾ 
ਲੁਧਿਆਣਾ: 12 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ//ਰਵੀ ਨੰਦਾ):
ਗਰਮੀਆਂ ਦੇ ਕਹਿਰ ਤੋਂ ਬਾਅਦ ਹੁਣ ਸਰਦੀਆਂ ਦਾ ਕਹਿਰ ਵੀ ਸਿਖਰਾਂ ਤੇ ਹੈ ਪਰ ਮੌਸਮ ਦੀ ਸਖਤੀ ਦੇ ਬਾਵਜੂਦ ਭਾਰਤੀ ਕਮਿਊਨਿਸਟ ਪਾਰਟੀਆਂ ਦੀਆਂ ਸਰਗਰਮੀਆਂ ਲਗਾਤਾਰ ਤੇਜ਼ੀ ਨਾਲ ਵਧ ਰਹੀਆਂ ਹਨ। ਅੱਜ ਸੀਪੀਆਈ ਨੇ ਲੁਧਿਆਣਾ ਵਿੱਚ ਇੱਕ ਰੋਹ ਭਰਿਆ ਮੁਜ਼ਾਹਰਾ ਕਰਕੇ ਸਰਕਾਰ ਦੀਆਂ ਲੋਕ ਵਿਰੋਧੀ ਹਰਕਤਾਂ ਵਿਰੁਧ ਰੋਹ ਪ੍ਰਗਟਾਇਆ। ਇਹ ਜ਼ੋਰਦਾਰ ਵਖਾਵਾ ਸਾਬਕਾ ਡੀਜੀਪੀ(ਜੇਲ੍ਹ) ਸ਼ਸ਼ੀ ਕਾਂਤ ਨੂੰ ਅਗਵਾ ਕੀਤੇ ਜਾਣ ਦੀ ਨਾਕਾਮ ਕੋਸ਼ਿਸ਼ ਦੇ ਖਿਲਾਫ਼ ਲੋਕ ਰੋਹ ਦਾ ਪ੍ਰਗਟਾਵਾ ਕਰਨ ਲਈ ਕੀਤਾ ਗਿਆ ਸੀ।  ਇਹ ਪ੍ਰੋਟੈਸਟ ਮਾਰਚ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਘੰਟਾਘਰ  ਤੱਕ ਗਿਆ ਅਤੇ ਐਤਵਾਰ ਦਾ ਦਿਨ ਹੋਣ ਕਾਰਨ ਇਸ ਇਲਾਕੇ ਦੀ ਭਾਰੀ ਭੀੜ ਤੱਕ ਆਪਣਾ ਸੁਨੇਹਾ ਬਹੁਤ ਹੀ ਕਾਮਯਾਬੀ ਨਾਲ ਪਹੁੰਚਾਇਆ। ਇਸ ਰੋਸ ਮਾਰਚ ਦੀ ਅਗਵਾਈ ਪਾਰਟੀ ਦੀ ਜ਼ਿਲਾ ਲੁਧਿਆਣਾ ਇਕਾਈ ਦੇ ਸਹਾਇਕ ਸਕੱਤਰ ਡਾਕਟਰ ਅਰੁਣ ਮਿੱਤਰਾ ਅਤੇ ਹੋਰ ਕਮਿਊਨਿਸਟ ਆਗੂਆਂ ਨੇ ਕੀਤੀ।  ਵਖਾਵਾਕਾਰੀਆਂ  ਇਸ ਗੈਰ ਲੋਕਰਾਜੀ ਹਰਕਤ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਨੂੰ ਦੱਸਿਆ ਕਿ ਲੋਕ ਰਾਜ ਦੇ ਹਮਾਇਤੀ ਅਜਿਹੀਆਂ ਹਰਕਤਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ।
ਭਾਰਤੀ ਕਮਿਉਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਨੇ ਸਾਬਕਾ ਡੀ ਜੀ ਪੀ ਜੇਲ੍ਹ ਸ਼੍ਰੀ ਸ਼ਸ਼ੀ ਕਾਂਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਫ਼ੌਰਨ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਹ ਉਦੋਂ ਵਾਪਰਿਆ ਹੈ ਜਦੋਂ ਡਰਗਜ਼ ਦੇ ਕੇਸ ਵਿੱਚ ਗ੍ਰਿਫ਼ਤਾਰ ਅੰਤਰਰਾਸ਼ਟ੍ਰੀ ਡਰਗ ਸਮਗਲਰ ਜਗਦੀਸ਼ ਭੋਲਾ ਵਲੋਂ ਸ: ਬਿਕਰਮਜੀਤ ਸਿੰਘ ਮਜੀਠੀਆ 'ਤੇ ਇਸ ਰੈਕਟ ਦਾ ਸਰਪ੍ਰਸਤ ਹੋਣ ਦਾ ਦੋਸ਼ ਲਾਇਆ ਗਿਆ ਹੈ। ਪਾਰਟੀ ਨੇ ਇਹਨਾਂ ਦੋਸ਼ਾਂ ਦੀ ਕੇਂਦਰੀ ਏਜੰਸੀ ਸੀ ਬੀ ਆਈ ਵਲੋਂ ਬਿਨਾ ਕਿਸੇ ਦਬਾਅ ਦੇ ਨਿਰਪੱਖ ਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਅੱਜ ਰੇਲਵੇ ਸਟੇਸ਼ਨ ਤੋਂ ਘੰਟਾਘਰ ਚੌਕ ਤੱਕ ਇੱਕ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ, ਸਹਾਇਕ ਸਕੱਤਰ ਡਾ ਅਰੁਣ ਮਿੱਤਰਾ, ਕਾਮਰੇਡ ਡੀ ਪੀ ਮੌੜ, ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਓ ਪੀ ਮਹਿਤਾ ਨੇ ਕਿਹਾ ਕਿ ਨਸ਼ਾ ਵਪਾਰ ਬਿਨਾ ਰਾਜਨੀਤਿਕ ਸ਼ੈਅ ਦੇ ਵੱਧ ਫ਼ੁੱਲ ਹੀ ਨਹੀਂ ਸਕਦਾ। ਪੰਜਾਬ ਅੰਦਰ ਲੱਖਾਂ ਨੌਜਵਾਨ ਨਸ਼ਿਆਂ ਦੇ ਕਹਿਰ ਤੋਂ ਪ੍ਰਭਾਵਿਤ ਹਨ। ਸਾਡੀ ਜਵਾਨੀ ਬਰਬਾਦ ਹੋ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਛੋਟੀਆਂ ਮੱਛੀਆਂ ਦੇ ਨਾਲ ਨਾਲ ਵੱਡੇ ਮਗਰਮੱਛ ਜਦੋਂ ਤੱਕ ਨਹੀਂ ਫ਼ੜੇ ਜਾਂਦੇ ਉਦੋਂ ਤੱਕ ਇਸ ਮਾਫ਼ੀਆ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਸ: ਮਜੀਠੀਆ ਨੂੰ ਚਾਹੀਦਾ ਹੈ ਕਿ ਉਹ ਨੈਤਿਕਤਾ ਦੇ ਅਧਾਰ ਤੇ ਅਸਤੀਫ਼ਾ ਦੇ ਕੇ ਇਸ ਜਾਂਚ ਵਿੱਚ ਪੂਰਨ ਸਹਿਯੋਗ ਦੇਣ। ਨਸ਼ਿਆਂ ਦਾ ਵਪਾਰ ਅਪਰਾਧ ਨੂੰ ਵਧਾਉਂਦਾ ਹੈ ਤੇ ਲੋਕਤੰਤਰ ਲਈ ਗੰਭੀਰ ਖਤਰਾ ਹੈ।
ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਕਾਮਰੇਡ ਗੁਲਜ਼ਾਰ ਗੋਰੀਆ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਰਣਧੀਰ ਸਿੰਘ ਧੀਰਾ, ਕਾਮਰੇਡ ਕੁਲਦੀਪ ਬਿੰਦਰ, ਕਾਮਰੇਡ ਰਾਮਾਧਾਰ, ਕਾਮਰੇਡ ਵਿਜੈ ਕੁਮਾਰ, ਕਾਮਰੇਡ ਨਗੀਨਾ, ਕਾਮਰੇਡ ਆਨੋਦ ਕੁਮਾਰ, ਕਾਮਰੇਡ ਮਨਜੀਤ ਸਿੰਘ ਬੂਟਾ ਅਤੇ ਕਈ ਹੋਰ। 

No comments: