Wednesday, January 01, 2014

ਸਾਰੇ ਬੰਦੀ ਰਿਹਾ ਹੋਣ ਤੱਕ ਮੋਰਚੇ ਨੂੰ ਮੱਠਾ ਨਾ ਪੈਣ ਦਿੱਤਾ ਜਾਵੇ

ਜੂਨ 2014 ਨੂੰ ਸਾਰੀਆਂ ਪੰਥਕ ਧਿਰਾਂ ਇੱਕ ਨਿਸ਼ਾਨ ਥੱਲੇ ਇੱਕਮੁੱਠ ਹੋਣ 
ਐਫ ਐਸ ਓ ਵਲੋਂ ਬੰਦੀ ਛੋੜ ਮੋਰਚੇ ਦਾ ਸਾਥ ਦੇਣ ਦੀ ਅਪੀਲ
ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸਿਰੜ ਦੀ ਸ਼ਲਾਘਾ
ਬ੍ਰਮਿੰਘਮ: (ਯੂ ਕੇ): 31 ਦਸੰਬਰ 2013: (ਜੋਗਾ ਸਿੰਘ ਯੂ ਕੇ): 
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਕੈਦੀ ਸਿੰਘਾਂ ਦੀ ਰਿਹਾਈ ਲਈ ਅਜੀਤਗੜ੍ਹ ਦੇ ਅੰਬ ਸਾਹਿਬ ਗੁਰਦੁਆਰੇ ਵਿਚ ਕਰੀਬ ਡੇੜ ਮਹੀਨੇ ਤਕ ਕੀਤੀ ਭੁੱਖ ਹੜਤਾਲ ਕਰਕੇ ਲਾਏ ਮੋਰਚੇ ਦੀ ਸ਼ਲਾਘਾ ਕੀਤੀ ਹੈ। ਭਾਈ ਸਾਹਿਬ ਦੇ ਸਿਰੜਦੀ ਪ੍ਰਸੰਸਾ ਕਰਦਿਆਂ FSO ਨੇ ਪੰਥ ਨੂੰ ਅਪੀਲ ਕੀਤੀ ਹੈ ਕਿ ਇਸ ਮੋਰਚੇ ਨੂੰ ਉਦੋਂ ਤੱਕ ਠੰਢਾ ਨਾ ਪੈਣ ਦਿੱਤਾ ਜਾਵੇ ਜਦ ਤਕ ਕਿ ਭਾਰਤੀ ਜਿਹਲਾਂ ਵਿਚ ਨਜਾਇਜ਼ ਹਿਰਾਸਤ ਵਿਚ ਰੱਖੇ ਸਾਰੇ ਹੀ ਕੈਦੀ ਰਿਹਾ ਨਹੀਂ ਕਰ ਦਿੱਤੇ ਜਾਂਦੇ।
ਜਥੇਬੰਦੀ ਦੇ ਕੋ ਆਰਡੀਨੇਟਰਾਂ ਭਾਈ ਜੋਗਾ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਨੇ ਸਮੂਹ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ, ਸਿੱਖ ਸੰਗਤਾਂ ਅਤੇ ਖਾਸ ਤੌਰ ਤੇ ਸਿੱਖ ਆਰਗੇਨਾਈਜੇਸ਼ਨ ਆਫ ਪਰਿਸਨਰਜ਼ ਵੈਲਫੇਅਰ (ਐਫ ਐਸ ਓ) ਦੇ ਸਾਰੇ ਹੀ ਸੇਵਾਦਾਰਾਂ ਦਾ ਵੀ ਤਹਿ ਦਲੋਂ ਧੰਨਵਾਦ ਕੀਤਾ ਜਿਹਨਾਂ ਨੇ ਕਿ ਦਿਨ ਰਾਤ ਇੱਕ ਕਰਕੇ ਸਿੱਖ ਕੈਦੀਆਂ ਦੇ ਮੁੱਦੇ ਨੂੰ ਦੁਨੀਆਂ ਸਾਹਮਣੇ ਲਿਆਉਣ ਦਾ ਭਰਪੂਰ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਭਾਈ ਖਾਲਸਾ ਵਲੋਂ ਲਾਏ ਮੋਰਚੇ ਕਾਰਨ ਹੀ ਇਹ ਮੁੱਦਾ ਦੁਨੀਆਂ ਦੀਆਂ ਨਜ਼ਰਾਂ ਵਿਚ ਏਨੀ ਤੀਬਰਤਾ ਨਾਲ ਆਇਆ ਹੈ ਅਤੇ ਇਸ ਮੋਰਚੇ ਤੇ ਪਹਿਰਾ ਦੇਣ ਦੀ ਉਦੋਂ ਤਕ ਲੋੜ ਹੈ ਜਦ ਤਕ ਕਿ ਸਾਰੇ ਹੀ ਰਾਜਨੀਤਕ ਕੈਦੀ ਰਿਹਾ ਨਹੀਂ ਹੋ ਜਾਂਦੇ । ਇਹਨਾਂ ਵਲੋਂ ਸੰਘਰਸ਼ ਕਮੇਟੀ ਦੇ ਸੇਵਾਦਾਰਾਂ ਭਾਈ ਹਰਪਾਲ ਸਿੰਘ ਚੀਮਾਂ, ਭਾਈ ਆਰ ਪੀ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਭਾਈ ਗੁਰਨਾਮ ਸਿੰਘ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਬੀਬੀ ਕੁਲਬੀਰ ਕੌਰ ਧਾਮੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਨੇ ਬਹੁਤ ਮਿਹਨਤ ਕਰਕੇ ਇਸ ਮੋਰਚੇ ਨੂੰ ਟੀਸੀ ਤੇ ਪਹੁੰਚਾਇਆ ।
ਪਿਛਲੇ ਲੰਬੇ ਸਮੇਂ ਤੋਂ ਸਾਰੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਿਆਂ ਦਾ ਸਹਿਯੋਗ ਲੈ ਕੇ ਮੁਜ਼ਾਹਰੇ ਅਤੇ ਹੋਰ ਪੰਥਕ ਕਾਰਜ ਕਰ ਰਹੇ ਐਫ ਐਸ ਓ ਦੇ ਇਹਨਾਂ ਸੇਵਾਦਾਰਾਂ ਨੇ 8 ਜੂਨ 2014 ਨੂੰ ਦਰਬਾਰ ਸਾਹਿਬ ਤੇ ਹਮਲੇ ਦੀ 30ਵੀਂ ਵਰ੍ਹੇ ਗੰਢ ਦੇ ਮੁਜ਼ਾਹਰੇ ਸਬੰਧੀ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਨਿਸ਼ਾਨ ਥੱਲੇ ਇੱਕਮੁੱਠ ਹੋ ਕੇ ਸੰਪੂਰਨ ਏਕਤਾ ਦਾ ਸਬੂਤ ਦੇਣ ਲਈ ਵੀ ਕਿਹਾ ਹੈ ਅਤੇ ਸੰਗਤਾਂ ਵਿਚ ਦੁਬਿਧਾ ਪਾਉਣ ਵਾਲੇ ਏਕਤਾ ਵਿਰੋਧੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ। 

No comments: