Friday, January 17, 2014

ਸੀ.ਪੀ.ਐਮ.ਵੱਲੋਂ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਲੜਨ ਦਾ ਐਲਾਨ

ਲੁਧਿਆਣਾ ਤੋਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਹੋਣਗੇ ਪਾਰਟੀ ਉਮੀਦਵਾਰ
ਲੁਧਿਆਣਾ: 17 ਜਨਵਰੀ 2014: (ਰੈਕਟਰ ਕਥੂਰੀਆ//ਸਤਪਾਲ ਸੋਨੀ//ਪੰਜਾਬ ਸਕਰੀਨ):
ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਵਿਜੇ ਮਿਸ਼ਰਾ ਨੇ ਅੱਜ ਇੱਥੇ ਸੀ.ਪੀ.ਐਮ.ਦੇ ਜ਼ਿਲਾ ਹੈਡਕੁਆਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ 2014 ਦੀਆਂ ਲੋਕ ਸਭਾ ਚੋਣਾਂ ਸੀ.ਪੀ.ਐਮ. ਹਮਖਿਆਲੀ ਪਾਰਟੀਆਂ ਸੀ.ਪੀ.ਆਈ., ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਨਾਲ ਮਿਲਕੇ ਲੜੀਆਂ ਜਾਣਗੀਆਂ ।
ਕਾਮਰੇਡ ਵਿਰਦੀ ਅਤੇ ਕਾਮਰੇਡ ਮਿਸ਼ਰਾ ਨੇ ਸੀ.ਪੀ.ਐਮ. ਦੀ ਜ਼ਿਲਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ 'ਚ ਸੀ.ਪੀ.ਐਮ. ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਲੁਧਿਆਣਾ, ਅਨੰਦਪੁਰ ਸਾਹਿਬ, ਸੰਗਰੂਰ ਅਤੇ ਜਲੰਧਰ ਤੋਂ ਚੋਣ ਲੜੇਗੀ। ਪਾਰਟੀ ਉਮੀਦਵਾਰਾਂ ਦੇ ਨਾਵਾਂ ਬਾਰੇ ਪੁੱਛੇ ਜਾਣ ਤੇ ਕਾਮਰੇਡ ਵਿਰਦੀ ਨੇ ਦੱਸਿਆ ਕਿ ਲੁਧਿਆਣਾ ਤੋ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਅਨੰਦਪੁਰ ਸਾਹਿਬ ਤੋ ਬਲਬੀਰ ਸਿੰਘ ਜਾਂਡਲਾ, ਸੰਗਰੂਰ ਤੋਂ ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ ਹੋਣਗੇ । ਜਦਕਿ ਜਲੰਧਰ ਤੋਂ ਉਮੀਦਵਾਰ ਦੇ ਨਾਮ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ । 
ਕਾਮਰੇਡ ਚਰਨ ਸਿੰਘ ਵਿਰਦੀ ਅਤੇ ਕਾਮਰੇਡ ਵਿਜੇ ਮਿਸ਼ਰਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਅੱਜ ਕਿਸੇ ਵਿਸ਼ੇਸ਼ ਵਿਅਕਤੀ ਨੂੰ ਬਦਲਣ ਨਾਲ ਨਾ ਤਾਂ ਦੇਸ਼ ਅਤੇ ਦੇਸ਼ ਵਾਸੀਆਂ ਦਾ ਕੋਈ ਭਲਾ ਹੋ ਸਕਦਾ ਹੈ। ਲੋੜ ਹੈ ਸਾਮਰਾਜ ਪੱਖੀ ਨੀਤੀਆਂ ਨੂੰ ਬਦਲਣ ਦੀ। ਕਿਉਂਕਿ ਅੱਜ ਦੇਸ਼ ਭਰ ਅੰਦਰ ਮਹਿੰਗਾਈ, ਬੇਰੁਜਗਾਰੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ । ਜਿਸ ਨਾਲ ਦੇਸ਼ ਦਾ ਸਮੁੱਚਾ ਪ੍ਰਸ਼ਾਸ਼ਨਿਕ ਸਿਸਟਮ ਹੀ ਕੁਰਪਸ਼ਨ ਦੀ ਮਾਰ ਹੇਠਾਂ ਆ ਚੁੱਕਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਿਰਤ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਸਨਅਤੀ ਕਾਮੇ ਘਟੋ ਘੱਟ ਉਜਰਤ 10 ਹਜ਼ਾਰ ਰੁਪਏ ਮਹੀਨੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੀ.ਪੀ.ਐਮ.ਸਮੇਤ ਸਾਂਝਾ ਮੋਰਚਾ ਪੰਜਾਬ ਅੰਦਰ ਲੋਕ ਸਭਾ ਦੀਆਂ ਚੋਣਾਂ ਆਮ ਪਬਲਿਕ ਨਾਲ ਜੁੜੇ ਲੋਕ ਮੁੱਦਿਆਂ ਨੂੰ ਲੈ ਕੇ ਲੜੇਗਾ । 
ਸੀ.ਪੀ.ਐਮ. ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਦੇਸ਼ ਦੀ ਕੇਂਦਰੀ ਸੱਤਾ 'ਤੇ ਨਾ ਕਾਂਗਰਸ ਅਤੇ ਨਾ ਹੀ ਭਾਜਪਾ ਦੀ ਸਰਕਾਰ ਬਣੇਗੀ । ਬਲਕਿ ਇਕ ਅਜਿਹੀ ਸਰਕਾਰ ਹੋਂਦ 'ਚ ਆਵੇਗੀ, ਜੋ ਕਿ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਹੋਵੇਗੀ । ਕਿਉਂਕਿ ਦੇਸ਼ ਭਰ ਦੇ ਲੋਕ ਸਰਮਾਏਦਾਰੀ ਦੀ ਝੌਲੀ ਚੁੱਕਣ ਦਾ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰਦੀਆਂ ਆ ਰਹੀਆਂ ਕਾਂਗਰਸ ਤੇ ਭਾਜਪਾ ਦੀਆਂ ਨੀਤੀਆਂ ਤੋਂ ਇਸ ਹੱਦ ਤੱਕ ਦੁਖੀ ਆ ਚੁੱਕੇ ਹਨ ਕਿ ਬਦਲਾਅ ਚਾਹੁੰਦੇ ਹਨ । 
ਸੀ.ਪੀ.ਐਮ. ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਵਿਜੇ ਮਿਸ਼ਰਾ ਨੇ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਲੈਂਡ, ਰੇਤ ਤੇ ਡਰੱਗ ਮਾਫੀਏ ਦਾ ਸਾਮਰਾਜ ਹੈ ਜਿਸਨੇ ਭ੍ਰਿਸ਼ਟਾਚਾਰ ਨੂੰ ਸ਼ਿਖਰਾਂ 'ਤੇ ਪਹੁੰਚਾ ਦਿੱਤਾ ਹੈ । ਨਾ ਤਾਂ ਸਕੂਲਾਂ 'ਚ ਅਧਿਆਪਕ ਹਨ ਅਤੇ ਨਾ ਹੀ ਸਕੂਲਾਂ ਦੀਆਂ ਵਧੀਆ ਬਿਲਡਿੰਗਾਂ । ਬਿਜਲੀ ਤੇ ਗੈਸ ਦੀਆਂ ਬੇਹਿਸਾਬਾ ਵਧੀਆਂ ਦਰਾਂ ਨੇ ਹਰ ਇਕ  ਦਾ ਬਜਟ ਹੀ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀ.ਪੀ.ਐਮ. ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਸਮੇਤ ਬੁਨਿਆਦੀ ਮਸੱਲਿਆਂ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਏਗੀ। ਇਸ ਮੌਕੇ ਕਾਮਰੇਡ ਸੁਖਵਿੰਦਰ ਸੇਖੋਂ, ਜ਼ਿਲਾ ਸਕੱਤਰ ਅਮਰਜੀਤ ਮੱਟੂ ਅਤੇ ਜਗਦੀਸ਼ ਚੰਦ ਵੀ ਮੌਜੂਦ ਸਨ ।

No comments: