Wednesday, January 15, 2014

1984 ਦੇ ਹੋਏ ਹਮਲੇ ਵਿੱਚ ਬਰਤਾਨੀਆਂ ਦਾ ਰੋਲ ਸ਼ਰਮਨਾਕ

ਜਥੇਦਾਰ ਅਵਤਾਰ ਸਿੰਘ ਬਰਤਾਨਵੀ ਰੋਲ ਦੀ ਕੀਤੀ ਸਖਤ ਨਿਖੇਧੀ 
ਅੰਮ੍ਰਿਤਸਰ 14 ਜਨਵਰੀ 2014: (ਕਿੰਗ//ਇੰਦਰ ਮੋਹਣ ਸਿੰਘ 'ਅਨਜਾਣ'//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮੀਡੀਆ ਵਿਚ ਆਈਆਂ ਖ਼ਬਰਾਂ ਕਿ ਬਰਤਾਨੀਆਂ ਦੀ ਸਰਕਾਰ ਨੇ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਕਰਵਾਏ ਹਮਲੇ ਲਈ ਹਿੰਦੁਸਤਾਨ ਦੀ ਸਰਕਾਰ ਨੂੰ ਸਲਾਹ ਮਸ਼ਵਰਾ ਦੇ ਕੇ ਵਿਊਂਤਬੰਦੀ ਕਰਨ 'ਚ ਮਦਦ ਕੀਤੀ ਸੀ,ਇਸ ਨੂੰ ਇਕ ਅਤੀ ਨਿੰਦਣਯੋਗ ਅਤੇ ਘਿਨਾਉਣੀ ਕਾਰਵਾਈ ਦੱਸਿਆ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿਚ ਉਨ੍ਹਾਂ ਕਿਹਾ ਕਿ ਸਿੱਖ ਜਿਸ ਕਿਸੇ ਦੇਸ਼ ਵਿਚ ਵੀ ਗਏ ਉਨ੍ਹਾਂ ਆਪਣੀ ਲਗਨ ਤੇ ਹੱਡ ਤੋੜ ਮਿਹਨਤ ਸਦਕਾ ਉੇਸ ਦੇਸ਼ ਦੀ ਆਰਥਿਕਤਾ ਅਤੇ ਖੁਸ਼ਹਾਲੀ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦਾ ਆਜ਼ਾਦ ਭਾਰਤ ਜੋ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ ਉਸ ਦੀ ਆਜ਼ਾਦੀ ਵਿਚ ਵੀ 90 ਪ੍ਰਤੀਸ਼ਤ ਕੁਰਬਾਨੀਆਂ ਸਿੱਖਾਂ ਨੇ ਹੀ ਦਿੱਤੀਆਂ ਅਤੇ ਹੱਸ-ਹੱਸ ਕੇ ਫ਼ਾਂਸੀ ਦੇ ਰੱਸੇ ਚੁੰਮੇ। ਉਨ੍ਹਾਂ ਕਿਹਾ ਕਿ ਸਿੱਖ ਇਕ ਅਮਨ ਪਸੰਦ ਕੌਮ ਹੈ ਅਤੇ ਇਹ ਸਰਬੱਤ ਦੇ ਭਲੇ ਵਿਚ ਵਿਸ਼ਵਾਸ ਰੱਖਦੀ ਹੈ। ਪਰ ਅਫ਼ਸੋਸ ਕਿ ਇਹ ਹਮਲਾ ਜੋ 1984 'ਚ ਹੋਇਆ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਘੱਟ ਗਿਣਤੀ ਲੋਕਾਂ, ਖਾਸ ਕਰ ਸਿੱਖਾਂ ਖਿਲਾਫ਼ ਇਕ ਘਿਨਾਉਣੀ ਅਤੇ ਦਿਲ ਕੰਬਾ ਦੇਣ ਵਾਲੀ ਸ਼ਰਮਨਾਕ ਕਾਰਵਾਈ ਸੀ। ਉਨ੍ਹਾਂ ਕਿਹਾ ਕਿ ਬਰਤਾਨੀਆਂ ਵਰਗਾ ਦੇਸ਼ ਜੋ ਮਨੁੱਖੀ ਅਧਿਕਾਰਾਂ ਦਾ ਅਲੰਬੜਦਾਰ ਅਖਵਾਉਂਦਾ ਹੋਵੇ, ਉਹ ਕੇਂਦਰ ਦੀ ਕਾਂਗਰਸ ਸਰਕਾਰ ਨਾਲ ਰਲ ਕੇ ਮੁੱਠੀ ਭਰ ਸਿੱਖਾਂ ਨੂੰ ਕੁਚਲਣ ਦੀ ਵਿਉਂਤਬੰਦੀ ਕਰ ਰਿਹਾ ਹੋਵੇ ਅਤੇ ਸਿੱਖਾਂ ਦੇ ਮਹਾਨ ਕੇਂਦਰੀ ਪਾਵਨ-ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਨਸ਼ਟ ਕਰਨ ਦੀਆਂ ਵਿਉਂਤਾਂ 'ਚ ਭਾਈਵਾਲ ਬਣੇ ਬਹੁਤ ਹੀ ਅਫ਼ਸੋਸ ਜਨਕ ਅਤੇ ਘਿਨਾਉਣੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਉਸ ਸਮੇਂ ਦੀ ਕੇਂਦਰ ਸਰਕਾਰ ਤੇ ਬਰਤਾਨੀਆਂ ਦੀ ਸਰਕਾਰ ਦੀ ਸਾਂਝੀ ਸੋਚ ਤਹਿਤ ਸਿੱਖਾਂ ਦੀ ਹੋਂਦ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਬਦਨਾਮ ਕਰਨ ਦੀ ਕੋਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਅਤੇ ਉਨ੍ਹਾਂ ਨੂੰ ਅੱਤਵਾਦੀ ਗਰਦਾਨਿਆਂ ਗਿਆ। ਉਨ੍ਹਾਂ ਕਿਹਾ ਕਿ ਇਹ ਇਕ ਬੜਾ ਦੁੱਖਦਾਈ ਪਹਿਲੂ ਹੈ ਜਿਸ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ। ਜਿਸ ਦਾ ਖਮਿਆਜਾ ਪੂਰੇ ਸੰਸਾਰ ਭਰ ਵਿਚ ਸਿੱਖਾਂ ਨੂੰ ਭੁਗਤਨਾ ਪਿਆ। ਉਨ੍ਹਾਂ ਕਿਹਾ ਕਿ ਖੁਫ਼ੀਆ ਪੱਤਰ ਬਰਤਾਨੀਆਂ ਦੇ ਉਨ੍ਹਾਂ ਲੋਕਾਂ ਦੇ ਚਿਹਰੇ ਨੰਗੇ ਕਰ ਰਿਹਾ ਹੈ ਜਿਨ੍ਹਾਂ ਇਸ ਵਿਉਂਤਬੰਦੀ ਵਿਚ ਹਿੱਸਾ ਪਾਇਆ। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜੋ ਸਿੱਖਾਂ ਨੂੰ ਮਾਰ ਕੁੱਟ ਕੇ ਅਤੇ ਦੱਬ ਕੁਚਲ ਕੇ ਰਾਜ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਇਤਹਾਸ ਵਿਚ ਇਨ੍ਹਾਂ ਲੋਕਾਂ ਦਾ ਨਾਮ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। 

No comments: