Thursday, December 05, 2013

PAU ਡਾਇਰੀ

ਨੀਦਰਲੈਂਡ ਦੀ ਨਾਮੀ ਯੂਨੀਵਰਸਿਟੀ ਦੇ ਵਫਦ ਵੱਲੋਂ  ਪੀਏਯੂ ਦਾ ਦੌਰਾ
ਲੁਧਿਆਣਾ 5 ਦਸੰਬਰ 2013: (ਪੰਜਾਬ ਸਕਰੀਨ ਬਿਊਰੋ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦੀ ਮੁਹਾਰਤ ਦਿਨੋਦਿਨ ਵਧ ਰਹੀ ਹੈ। ਪੀਏਯੂ ਦੇ ਚਮਤਕਾਰਾਂ ਨੂੰ ਦੇਖਣ ਲਈ ਲੋਕ ਦੁਨੀਆ ਦੇ ਕੋਨੇ ਕੋਨੇ ਤੋਂ ਆਉਂਦੇ ਹਨ। ਇਸੇ ਸਿਲਸਿਲੇ ਵਿੱਚ ਨੀਦਰਲੈਂਡ ਦਾ ਇੱਕ ਵਫਦ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਕਮਾਲ ਦੇਖਣ ਲਈ ਉਚੇਚੇ ਤੌਰ ਤੇ ਪਹੁੰਚਿਆ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਨੀਦਰਲੈਂਡ ਦੀ ਇਕ ਨਾਮੀ ਯੂਨੀਵਰਸਿਟੀ ਦੇ ਚਾਰ ਮੈਂਬਰੀ ਵਫ਼ਦ ਅਤੇ ਪੰਜਾਬ ਪ੍ਰਦੇਸ਼ ਆਲੂਆਂ ਦਾ ਬੀਜ ਤਿਆਰ ਕਰਨ ਵਾਲੀ ਕਿਸਾਨਾਂ ਦੀ ਜਥੇਬੰਦੀ ਦੇ ਵਫ਼ਦ ਨੇ ਦੌਰਾ ਕੀਤਾ । ਇਸ ਵਫ਼ਦ ਨੇ ਆਲੂ ਦਾ ਬੀਜ ਤਿਆਰ ਕਰਨ ਸੰਬੰਧੀ ਫ਼ਸਲ ਵਿਗਿਆਨ ਵਿਭਾਗ ਵਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦਾ ਵੀ ਮੁਆਇਨਾ ਕੀਤਾ । ਬੀਜ ਉਤਪਾਦਕਾਂ ਦੀ ਜਥੇਬੰਦੀ ਦੀ ਨੁਮਾਇੰਦਗੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਜੰਗ ਬਹਾਦਰ ਸਿੰਘ ਸੰਘਾ ਕਰ ਰਹੇ ਸਨ । ਇਸ ਵਫ਼ਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ, ਅਪਰ ਨਿਰਦੇਸ਼ਕ ਖੋਜ (ਬਾਗਬਾਨੀ) ਡਾ. ਪੁਸ਼ਪਿੰਦਰ ਸਿੰਘ ਔਲਖ, ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਜੀ.ਐਸ. ਬੁੱਟਰ ਅਤੇ ਹੋਰ ਅਧਿਕਾਰੀ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਡਾ. ਗੋਸਲ ਵੱਲੋਂ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਚਾਨਣਾ ਪਾਇਆ। 
ਵਫ਼ਦ ਵੱਲੋਂ ਭਵਿੱਖ ਵਿੱਚ ਆਲੂ ਦੇ ਬੀਜ ਨੂੰ ਤਿਆਰ ਕਰਨ ਸੰਬੰਧੀ ਅਨੇਕਾਂ ਸੰਭਾਵਾਨਾਵਾਂ ਤੇ ਵਿਚਾਰ ਚਰਚਾ ਕੀਤੀ ਗਈ । ਡਾ. ਔਲਖ ਨੇ ਵਫ਼ਦ ਨੂੰ ਜੀ ਆਇਆ ਆਖਿਆ ਅਤੇ ਡਾ. ਬੁੱਟਰ ਨੇ ਭਵਿੱਖ ਵਿਚ ਵਿਦਿਆਰਥੀਆਂ ਦੇ ਆਦਾਨ ਪ੍ਰਦਾਨ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ। ਵਫਦ ਲਈ ਇਹ ਫੇਰੀ ਕਾਫੀ ਲਾਹੇਵੰਦੀ ਰਹੀ। 
ਡਾ. ਗਿੱਲ ਨੇ ਸੰਭਾਲਿਆ ਪੀਏਯੂ ਹਾਰਟੀਕਲਚਰ ਵਿਭਾਗ ਦੇ ਮੁਖੀ ਵਜੋਂ ਅਹੁਦਾ
ਡਾ. ਐਮ.ਆਈ.ਐਸ ਗਿੱਲ
ਲੁਧਿਆਣਾ: (ਪੰਜਾਬ ਸਕਰੀਨ ਬਿਊਰੋ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਹਾਰਟੀਕਲਚਰ ਵਿਭਾਗ ਦੇ ਮੁਖੀ ਵਜੋਂ ਉਘੇ ਸਾਇੰਸਦਾਨ ਡਾ. ਐਮ.ਆਈ.ਐਸ ਗਿੱਲ ਨੇ ਆਪਣਾ ਅਹੁਦਾ ਸੰਭਾਲਿਆ । ਕਾਬਿਲੇ ਜ਼ਿਕਰ ਹੈ ਕਿ ਆਪਣੇ 21 ਸਾਲਾਂ ਦੇ ਸੇਵਾ ਕਾਲ ਦੌਰਾਨ ਡਾ. ਗਿੱਲ ਨੇ ਬਾਗਬਾਨੀ ਦੇ ਖੇਤਰ ਵਿੱਚ ਅਨੇਕਾਂ ਉਪਲਬਧੀਆਂ ਹਾਸਲ ਕੀਤੀਆਂ ਹਨ। ਉਹਨਾਂ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸੂਚੀ ਬੜੀ ਲੰਮੀ ਹੈ।  ਫਖਰ ਹੈ ਕਿ ਉਨ੍ਹਾਂ ਇਸੇ ਯੂਨੀਵਰਸਿਟੀ ਤੋਂ ਹੀ ਆਪਣੀ ਸਿਖਿਆ ਹਾਸਲ ਕੀਤੀ ਅਤੇ ਇੰਗਲੈਂਡ ਦੀ ਇੱਕ ਨਾਮੀ ਯੂਨੀਵਰਸਿਟੀ ਤੋਂ ਡਾਕਟਰੀ ਉਪਰੰਤ ਇੱਕ ਸਾਲ ਲਈ ਸਿਖਲਾਈ ਵੀ ਹਾਸਲ ਕੀਤੀ। ਇਸਤੋਂ ਇਲਾਵਾ ਸਾਲ 2002 ਦੌਰਾਨ ਡਾ. ਗਿੱਲ ਆਸਟ੍ਰੇਲੀਆ ਦੀ ਇੱਕ ਉਘੀ ਯੂਨੀਵਰਸਿਟੀ ਵਿੱਚ ਵੀ ਤੈਨਾਤ ਰਹੇ।  ਉਹਨਾਂ ਨੂੰ ਕਾਮਨ ਵੈਲਥ ਫੈਲੋਸ਼ਿਪ ਦੇ ਨਾਲ ਨਾਲ ਦੇਸ਼ ਦੀ ਨਾਮੀ ਬਾਗਬਾਨੀ ਦੀ ਜੱਥੇਬੰਦੀ ਹਾਰਟੀਕਲਚਰ ਸੁਸਾਇਟੀ ਆਫ਼ ਇੰਡੀਆ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਡਾ. ਗਿੱਲ ਨੇ ਹੁਣ ਤੱਕ ਆਪਣੇ ਕੀਤੇ ਜਾ ਰਹੇ ਖੋਜ ਕਾਰਜਾਂ ਤੋਂ 16 ਖੋਜ ਸਿਫ਼ਾਰਸ਼ਾਂ, 3 ਕਿਸਮਾਂ ਅਤੇ 13 ਬਾਗਬਾਨੀ ਦੀਆਂ ਫ਼ਸਲਾਂ ਦੇ ਸੁਧਾਰ ਅਤੇ ਚੰਗੇਰੇ ਪ੍ਰਬੰਧ ਸੰਬੰਧੀ ਤਕਨਾਲੌਜੀਆਂ ਵਿਕਸਤ ਕੀਤੀਆਂ ਗਈਆਂ ਹਨ । ਡਾ. ਗਿੱਲ ਵੱਲੋਂ  ਵਿਦਿਅਕ ਖੇਤਰ ਵਿੱਚ ਅਨੇਕਾਂ ਖੋਜ ਪੱਤਰ ਦੇਣ ਤੋਂ ਇਲਾਵਾ 10 ਐਮ ਐਸ ਸੀ ਅਤੇ 4 ਪੀ ਐਚ ਡੀ ਦੇ ਵਿਦਿਆਰਥੀਆਂ ਨੂੰ ਬਤੌਰ ਅਡਵਾਈਜ਼ਰ ਵੀ ਅਗਵਾਈ ਕਰ ਚੁੱਕੇ ਹਨ। ਇਸ ਨਿਯੁਕਤੀ ਨਾਲ ਬਾਗਬਾਨੀ ਦੇ ਪ੍ਰੇਮੀਆਂ ਵਿੱਚ ਬਹੁਤ ਹੀ ਖੁਸ਼ੀ ਪਾਈ ਜਾ ਰਹੀ ਹੈ। 
ਡਾ. ਸਿੱਧੂ ਨੇ ਫਿਰ ਸੰਭਾਲਿਆ ਬੇਸਿਕ ਸਾਇੰਸ ਕਾਲਜ ਦੇ ਡੀਨ ਦਾ ਅਹੁਦਾ 
ਲੁਧਿਆਣਾ: (ਪੰਜਾਬ ਸਕਰੀਨ ਬਿਊਰੋ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਬੇਸਿਕ ਸਾਇੰਸ ਦੇ ਡੀਨ ਵਜੋਂ ਡਾ. ਰਜਿੰਦਰ ਸਿੰਘ ਸਿੱਧੂ ਨੇ ਦੂਜੀ ਵਾਰ ਅੱਜ ਅਹੁਦਾ ਸੰਭਾਲਿਆ । ਆਪਣੀ ਮੁਢਲੀ ਅਤੇ ਉਚੇਰੀ ਸਿਖਿਆ ਡਾ. ਸਿੱਧੂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਹੀ ਪ੍ਰਾਪਤ ਕੀਤੀ । ਪੰਜਾਬ ਦੇ ਬਠਿੰਡਾ ਜ਼ਿਲੇ ਦੇ ਜੰਮਪਲ ਡਾ. ਸਿੱਧੂ ਨੇ ਸਾਲ 1985 ਦੌਰਾਨ ਬਤੌਰ ਸਹਾਇਕ ਪ੍ਰੋਫੈਸਰ ਸੇਵਾ ਕਾਲ ਅਰੰਭ ਕੀਤਾ ਅਤੇ ਸਾਲ 2008 ਦੌਰਾਨ ਇਕਨਾਮਿਕਸ ਅਤੇ ਸੋਸ਼ਾਲੌਜੀ ਵਿਭਾਗ ਦੇ ਮੁਖੀ ਵਜੋਂ ਅਹੁਦਾ ਤੈਨਾਤ ਕੀਤਾ ਗਿਆ ।
ਸਾਲ 2009 ਵਿੱਚ ਡੀਨ ਬੇਸਿਕ ਸਾਇੰਸ ਥਾਪੇ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਕਾਲਜ ਵਿੱਚ ਅਨੇਕਾਂ ਨਵੇਂ ਵਿਦਿਅਕ ਪ੍ਰੋਗਰਾਮ ਸ਼ੁਰੂ ਕੀਤੇ ਗਏ । ਉਹਨਾਂ ਦੇ ਬਤੌਰ ਡੀਨ ਪਹਿਲੇ ਕਾਰਜ ਕਾਲ ਦੌਰਾਨ 77 ਖੋਜ ਪ੍ਰਾਜੈਕਟ ਵੱਖ ਵੱਖ ਅਦਾਰਿਆਂ ਨੂੰ ਭੇਜੇ ਗਏ ਜਿਨ੍ਹਾਂ ਵਿਚੋਂ 46 ਖੋਜ ਪ੍ਰਾਜੈਕਟਾਂ ਨੂੰ ਮਾਨਤਾ ਪ੍ਰਾਪਤ ਹੋਈ । ਉਹਨਾਂ ਵੱਲੋਂ ਹੁਣ ਤੱਕ 64 ਖੋਜ ਪੱਤਰ, 13 ਕਿਤਾਬਾਂ ਦੇ ਅਧਿਆਇ, 17 ਖੋਜ ਪ੍ਰਾਜੈਕਟ ਅਤੇ 10 ਬੁਲਿਟਨ ਲਿਖੇ ਗਏ ਹਨ । ਉਹਨਾਂ ਦੇ ਖੇਤੀਬਾੜੀ ਵਣਜ ਵਿੱਚ ਚੰਗੇਰੀਆਂ ਪ੍ਰਾਪਤੀਆਂ ਲਈ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਅਦਾਰਿਆਂ ਤੇ ਸਲਾਹਕਾਰ ਵੀ ਨਿਯੁਕਤ ਕੀਤਾ ਗਿਆ । 
ਸਰਦੀਆਂ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਅਤਿ ਲਾਭਕਾਰੀ ਹਨ : ਮਾਹਿਰ

ਲੁਧਿਆਣਾ:(ਪੰਜਾਬ ਸਕਰੀਨ ਬਿਊਰੋ): ਸਰਦੀ ਦੇ ਮੌਸਮ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨੀਆਂ ਵੱਲੋਂ ਭੋਜਨ, ਕੱਪੜਿਆਂ, ਬੱਚਿਆਂ ਅਤੇ ਸਿਹਤ ਦੀ ਚੰਗੀ ਸਾਂਭ ਸੰਭਾਲ ਲਈ ਅਤਿ ਆਧੁਨਿਕ ਗੁਣਕਾਰੀ ਸਲਾਹਾਂ ਦਿੱਤੀਆਂ ਗਈਆਂ । ਇਹਨਾਂ ਬਾਰੇ ਜਾਣਕਾਰੀ ਦਿੰਦਿਆਂ ਗ੍ਰਹਿ ਵਿਗਿਆਨੀ ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਬਹੁਤ ਲਾਭਕਾਰੀ ਹੁੰਦੀਆਂ ਹਨ। ਉਹਨਾਂ ਕਿਹਾ ਕਿ ਖਣਿਜ ਤੱਤਾਂ ਨਾਲ ਭਰਪੂਰ ਸਬਜ਼ੀਆਂ ਦੇ ਨਾਲ ਕਈ ਘਾਤਕ ਬੀਮਾਰੀਆਂ ਜਿਵੇਂ ਅੰਧਰਾਤਾ, ਅਨੀਮੀਆ ਅਤੇ ਹੱਡੀਆਂ ਦਾ ਖੁਰਨਾ ਆਦਿ ਤੋਂ ਨਿਜਾਤ ਪਾਈ ਜਾ ਸਕਦੀ ਹੈ । ਉਹਨਾਂ ਦੱਸਿਆ ਕਿ ਇਹਨਾਂ ਸਬਜ਼ੀਆਂ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਹਮੇਸ਼ਾਂ ਤਾਜ਼ੀਆਂ ਸਬਜ਼ੀਆਂ ਅਤੇ ਗੂੜ੍ਹੇ ਰੰਗ ਵਾਲੇ ਪੱਤਿਆਂ ਵਾਲੀਆਂ ਸਬਜ਼ੀਆਂ ਦੀ ਚੋਣ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਪਾਲਕ, ਪਿਆਜ, ਗੋਭੀ, ਧਨੀਆ, ਕੜ੍ਹੀ ਪੱਤਾ ਆਦਿ ਨੂੰ ਸਲਾਦ, ਸੂਪ, ਪਲਾਵ, ਕਬਾਬ, ਚਟਨੀ ਆਦਿ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ।
ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਪੁਰਾਣੇ ਹੋ ਚੁੱਕੇ ਘਸਮੈਲੇ ਕਾਰਪੈਟ ਜਾਂ ਗਲੀਚਿਆਂ ਨੂੰ ਗਰਮ ਪਾਣੀ ਅਤੇ ਤਾਰਪੀਨ ਦੇ ਤੇਲ ਨਾਲ ਰਗੜਨਾ ਚਾਹੀਦਾ ਹੈ । ਇਸ ਨਾਲ ਚਮਕ ਅਤੇ ਕੁਦਰਤੀ ਰੰਗ ਬਰਕਰਾਰ ਰਹਿੰਦੇ ਹਨ । ਉਹਨਾਂ ਕਿਹਾ ਕਿ ਬਿਜਲੀ ਵਾਲੇ ਯੰਤਰਾਂ ਤੋਂ ਗਰੀਸ ਆਦਿ ਉਤਾਰਨ ਲਈ ਮਿੱਟੀ ਦੇ ਤੇਲ ਦੀ ਵਰਤੋਂ ਕਰਨ ਉਪਰੰਤ ਰੂੰ ਨੂੰ ਕੱਪੜੇ ਧੋਣ ਵਾਲੇ ਪਾਊਡਰ ਵਿੱਚ ਡੁਬੋ ਕੇ ਸਾਫ਼ ਕਰਨਾ ਚਾਹੀਦਾ ਹੈ । ਉਹਨਾਂ ਇਸ ਮੌਕੇ ਸਲਾਹ ਦਿੱਤੀ ਕਿ ਹਮੇਸ਼ਾਂ ਦਰਮਿਆਨੇ ਤੋਂ ਗੂੜ੍ਹੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਚਮੜੀ ਦੀ ਚੰਗੀ ਸਿਹਤ ਲਈ ਤੰਗ ਕੱਪੜੇ ਨਹੀਂ ਪਹਿਨਣੇ ਚਾਹੀਦੇ । ਉਹਨਾਂ ਕਿਹਾ ਕਿ ਠੰਡ ਵਾਲੇ ਮੌਸਮ ਵਿੱਚ ਬੱਚਿਆਂ ਲਈ ਸ਼ਹਿਦ, ਅਦਰਕ, ਮੁਲੱਠੀ, ਸੌਂਫ ਆਦਿ ਦੀ ਵਰਤੋਂ ਕਰਨੀ ਲਾਭਕਾਰੀ ਹੁੰਦੀ ਹੈ ।

No comments: