Tuesday, December 10, 2013

GADVASU: ਵਿਕਾਸ ਦੀ ਰਾਹ 'ਤੇ ਇੱਕ ਕਦਮ ਹੋਰ

ਦਵਾਈਆਂ ਬਨਾਉਣ ਦੇ ਖੇਤਰ ਵਿੱਚ  ਨਵਾਂ ਮੀਲ ਪੱਥਰ 
ਵੈਟਨਰੀ ਯੂਨੀਵਰਸਿਟੀ ਨੇ ਫਾਰਮੇਸੀ ਕਾਲਜ ਨਾਲ ਕੀਤੇ ਯਾਦ ਪੱਤਰ ਤੇ ਹਸਤਾਖ਼ਰ
ਲੁਧਿਆਣਾ-09-ਦਸੰਬਰ-2013: (ਪੰਜਾਬ ਸਕਰੀਨ ਬਿਊਰੋ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਮੋਗਾ ਦੇ ਇੰਡੋ ਸੋਵੀਅਤ ਫਰੈਂਡਸ਼ਿਪ ਕਾਲਜ ਆਫ ਫਾਰਮੇਸੀ ਨਾਲ ਇਕ ਸੰਧੀ ਪੱਤਰ ਦਸਤਖ਼ਤ ਕੀਤਾ ਹੈ। ਜਿੱਥੇ ਵੈਟਨਰੀ ਯੂਨੀਵਰਸਿਟੀ ਇਕ ਜਾਣਿਆ ਪਹਿਚਾਣਿਆ ਨਾਂ ਹੈ ਉੱਥੇ ਇਹ ਕਾਲਜ ਵੀ ਫਾਰਮੇਸੀ ਅਤੇ ਦਵਾਈਆਂ ਬਨਾਉਣ ਦੇ ਖੇਤਰ ਵਿੱਚ ਉੱਚਾ ਨਾਮਣਾ ਰੱਖਦਾ ਹੈ। ਇਸ ਕਾਲਜ ਕੋਲ ਉਨੱਤ ਕਿਸਮ ਦੀਆਂ ਪ੍ਰਯੋਗਸ਼ਾਲਾਵਾਂ ਅਤੇ ਬਿਹਤਰ ਕਿਸਮ ਦਾ ਬੁਨਿਆਦੀ ਢਾਂਚਾ ਹੈ ਜਿਸ ਨਾਲ ਖੋਜ ਦਾ ਵਧੀਆ ਕਾਰਜ ਹੋ ਰਿਹਾ ਹੈ।ਦੋਵਾਂ ਸੰਸਥਾਵਾਂ ਦੇ ਸੰਯੋਗ ਨਾਲ ਜੜੀਆਂ ਬੂਟੀਆਂ ਤੋਂ ਦਵਾਈਆਂ ਤਿਆਰ ਕਰਨ, ਉਨ੍ਹਾਂ ਤੇ ਖੋਜ ਕਰਨ ਅਤੇ ਵਿਦਿਅਕ ਆਦਾਨ ਪ੍ਰਦਾਨ ਨੂੰ ਉਸਾਰੂ ਲੀਹਾਂ ਤੇ ਪਾਇਆ ਜਾਏਗਾ। ਇਸ ਦਾ ਮੰਤਵ ਸਮਾਜ ਵਿਸ਼ੇਸ਼ ਤੌਰ ਤੇ ਕਿਸਾਨੀ ਅਤੇ ਪਸ਼ੂ ਪਾਲਕ ਭਾਈਚਾਰੇ ਲਈ ਕੰਮ ਕਰਨਾ ਹੋਵੇਗਾ।
ਇਸ ਯਾਦ ਪੱਤਰ ਤੇ ਦਸਤਖ਼ਤ ਡਾ. ਵਿਜੇ ਕੁਮਾਰ ਤਨੇਜਾ, ਉਪ-ਕੁਲਪਤੀ ਅਤੇ ਕਾਲਜ ਦੇ ਸਕੱਤਰ ਸ਼੍ਰੀ ਜਾਨੇਸ਼ ਗਰਗ ਨੇ ਕੀਤੇ। ਇਸ ਕਾਰਜ ਦੇ ਆਰੰਭ ਹੋਣ ਨਾਲ ਸੂਬੇ ਵਿੱਚ ਜੜੀਆਂ ਬੂਟੀਆਂ ਤੋਂ ਤਿਆਰ ਹੋਣ ਵਾਲੀਆਂ ਕੁਦਰਤੀ ਦਵਾਈਆਂ ਦੀ ਵਪਾਰਕ ਪ੍ਰਸੰਗਕਤਾ ਨਾਲ ਦਵਾਈਆਂ ਲਈ ਲੋੜੀਂਦੇ ਪੌਦਿਆਂ ਦੀ ਸੰਭਾਵਨਾ ਨੂੰ ਵੀ ਵਿਚਾਰਿਆ ਜਾਵੇਗਾ।
ਡਾ. ਤਨੇਜਾ ਨੇ ਦੱਸਿਆ ਕਿ ਯੂਨੀਵਰਸਿਟੀ ਪਹਿਲਾਂ ਹੀ ਅਜਿਹੀਆਂ ਦਵਾਈਆਂ ਤੇ ਕੰਮ ਕਰ ਰਹੀ ਹੈ ਜਿੱਥੇ ਇਹ ਦਵਾਈਆਂ ਸਸਤੀਆਂ ਪੈਂਦੀਆਂ ਹਨ ਉੱਥੇ ਇਹ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਵੀ ਨੁਕਸਾਨ ਰਹਿਤ ਹੁੰਦੀਆਂ ਹਨ। ਇਨ੍ਹਾਂ ਦਵਾਈਆਂ ਨੂੰ ਉਤਸਾਹਿਤ ਕਰਨ ਨਾਲ ਵਪਾਰਕ ਪੱਧਰ ਤੇ ਵੀ ਕਈ ਨਵੇਂ ਉਪਰਾਲੇ ਹੋਣਗੇ। ਡਾ. ਤਨੇਜਾ ਨੇ ਕਿਹਾ ਕਿ ਦਵਾਈਆਂ ਦੀ ਖੋਜ, ਉਨ੍ਹਾਂ ਨੂੰ ਬਨਾਉਣ, ਸੋਧਣ ਅਤੇ ਵਿਕਾਸ ਦੇ ਖੇਤਰ ਵਿੱਚ ਦੋਵੇਂ ਸੰਸਥਾਵਾਂ ਚੰਗੀ ਕਾਰਗੁਜ਼ਾਰੀ ਵਿਖਾ ਸਕਦੀਆਂ ਹਨ। ਦੋਵਾਂ ਸੰਸਥਾਵਾਂ ਦੇ ਵਿਗਿਆਨਕ ਚੰਗੇ ਸਿੱਖਿਅਤ ਹਨ ਅਤੇ ਇਸ ਖੇਤਰ ਦੇ ਮਾਹਿਰ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਇਸ ਖੇਤਰ ਵਿੱਚ ਜੋ ਵਿਕਾਸ ਦੀਆਂ ਸੰਭਾਵਨਾਵਾਂ ਹਨ ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਵਿਚਾਰਿਆ ਜਾਏਗਾ ਅਤੇ ਉਨੱਤ ਤੇ ਪ੍ਰਭਾਵੀ ਦਵਾਈਆਂ ਤਿਆਰ ਕੀਤੀਆਂ ਜਾਣਗੀਆਂ।
ਇਸ ਮੌਕੇ ਤੇ ਯੂਨੀਵਰਸਿਟੀ ਦੇ ਰਜਿਸਟਰਾਰ, ਡੀਨ, ਡਾਇਰੈਕਟਰ ਅਤੇ ਇੰਡੋ ਸੋਵੀਅਤ ਫਰੈਂਡਸ਼ਿਪ ਕਾਲਜ ਆਫ ਫਾਰਮੇਸੀ ਦੇ ਪ੍ਰਿੰਸੀਪਲ ਅਤੇ ਵਿਗਿਆਨੀ ਵੀ ਮੌਜੂਦ ਸਨ। 

No comments: