Wednesday, December 25, 2013

ਪੁਲਿਸ ਕਮਿਸ਼ਨਰ ਵੱਲੋਂ ਰਾਤ ਵੇਲੇ ਘੱਟ ਵਰਤੋਂ ਵਾਲੇ ਏ. ਟੀ. ਐੱਮ. ਬੰਦ ਰੱਖਣ ਦੀ ਹਦਾਇਤ

ਆਮ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ-ਕਮਿਸ਼ਨਰ
ਰਾਤ 8 ਵਜੇ ਤੋਂ ਸਵੇਰ 6 ਵਜੇ ਤੱਕ ਬਿਨਾ ਸੁਰੱਖਿਆ ਕਰਮਚਾਰੀ ਤੋਂ ਨਹੀਂ ਖੁੱਲ ਸਕਣਗੇ ਏ. ਟੀ. ਐੱਮ.
*ਬੈਂਕ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ
ਲੁਧਿਆਣਾ,  24 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰ. ਨਿਰਮਲ ਸਿੰਘ ਸਿੱਧੂ ਨੇ ਆਪਣੇ ਅਧਿਕਾਰ ਖੇਤਰ ਆਉਂਦੀਆਂ ਬੈਂਕਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਰਾਤ ਵੇਲੇ ਸਿਰਫ਼ ਓਹੀ ਏ. ਟੀ. ਐੱਮ. ਖੋਲੇ ਜਾਣ, ਜਿਨਾਂ ’ਤੇ ਸੁਰੱਖਿਆ ਕਰਮਚਾਰੀ (ਗਾਰਡ) ਮੁਹੱਈਆ ਹੁੰਦਾ ਹੈ। ਇਸ ਤੋਂ ਇਲਾਵਾ ਜਿਹੜੇ ਏ. ਟੀ. ਐੱਮਜ਼ ਦੀ ਵਰਤੋਂ ਰਾਤ ਵੇਲੇ ਬਹੁਤ ਘੱਟ ਹੁੰਦੀ ਹੈ, ਉਹ ਰਾਤ ਵੇਲੇ ਬੰਦ ਹੀ ਰੱਖੇ ਜਾਣ ਤਾਂ ਸਹੀ ਰਹੇਗਾ।
ਅੱਜ ਸਥਾਨਕ ਸਰਕਟ ਹਾਊਸ ਵਿਖੇ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਦੱਸਿਆ ਕਿ ਪੁਲਿਸ ਬੈਂਕਾਂ ਅਤੇ ਏ. ਟੀ. ਐੱਮਜ਼ ਦੀ ਸੁਰੱਖਿਆ ਪ੍ਰਤੀ ਬਹੁਤ ਜਿਆਦਾ ਗੰਭੀਰ ਹੈ। ਆਏ ਦਿਨ ਏ. ਟੀ. ਐੱਮਜ਼ ਤੋੜ ਕੇ ਹੋ ਰਹੀਆਂ ਲੁੱਟਾਂ ਕਾਰਨ ਆਮ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ। ਉਨਾਂ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਰਾਤ ਵੇਲੇ ਓਹੀ ਏ. ਟੀ. ਐੱਮ. ਖੋਲਣ ਜੋ ਰਾਤ ਵੇਲੇ ਜਿਆਦਾ ਵਰਤੋਂ ਵਿੱਚ ਆਉਂਦੇ ਹਨ। ਘੱਟ ਵਰਤੋਂ ਵਾਲੇ ਨਾ ਹੀ ਖੋਲੇ ਜਾਣ ਤਾਂ ਸਹੀ ਰਹੇਗਾ। ਇਸ ਤੋਂ ਇਲਾਵਾ ਇਹ ਯਕੀਨੀ ਬਣਾਇਆ ਜਾਵੇ ਕਿ ਜੋ ਵੀ ਏ. ਟੀ. ਐੱਮ. ਰਾਤ ਵੇਲੇ ਖੁੱਲਣਗੇ, ਉਹ ਬਿਨਾ ਸੁਰੱਖਿਆ ਕਰਮਚਾਰੀ (ਗਾਰਡ) ਤੋਂ ਨਾ ਖੋਲੇ ਜਾਣ। ਇਹ ਸਮਾਂ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਹੋਵੇਗਾ। ਉਨਾਂ ਕਿਹਾ ਕਿ ਬੈਂਕਾਂ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ-ਆਪਣੇ ਏ. ਟੀ. ਐੱਮਜ਼ ਨੂੰ ਵਾਰੀ-ਵਾਰੀ (ਰੋਟੇਸ਼ਨ ਵਾਈਜ਼) ਖੋਲਣ। ਇਸ ਨਾਲ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਨਹੀਂ ਆਵੇਗੀ।
ਉਨਾਂ ਹੋਰ ਹਦਾਇਤਾਂ ਦਿੰਦਿਆਂ ਕਿਹਾ ਕਿ ਸਾਰੀਆਂ ਬੈਂਕਾਂ ਅਤੇ ਏ. ਟੀ. ਐੱਮਜ਼ ਦੇ ਅੰਦਰ ਅਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ। ਕੈਮਰੇ ਬਹੁਤ ਕਲੀਅਰ ਹੋਣੇ ਚਾਹੀਦੇ ਹਨ। ਏ. ਟੀ. ਐੱਮਜ਼ ਵਿੱਚ ਪੈਸੇ ਪਾਉਣ ਵਾਲੀਆਂ ਏਜੰਸੀਆਂ ਦੇ ਕਰਮਚਾਰੀਆਂ, ਗਾਰਡਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਬੈਂਕ ਨਵੇਂ ਏ. ਟੀ. ਐੱਮ. ਜਾਂ ਬਰਾਂਚ ਖੋਲਣ ਵੇਲੇ ਧਿਆਨ ਵਿੱਚ ਰੱਖਣ ਕਿ ਇਹ ਜਨਤਕ ਖੇਤਰ ਵਿੱਚ ਹੀ ਖੁੱਲਣੇ ਚਾਹੀਦੇ ਹਨ। ਪੁਲਿਸ ਵੱਲੋਂ ਸੁਰੱਖਿਆ ਕਰਮਚਾਰੀਆਂ (ਗਾਰਡਾਂ) ਨੂੰ ਲੋੜੀਂਦੀ ਸੁਰੱਖਿਆ ਸਿਖ਼ਲਾਈ ਦਿੱਤੀ ਜਾਵੇਗੀ। ਏ. ਟੀ. ਐੱਮਜ਼ ਦੇ ਦਰਵਾਜ਼ੇ ਬਿਨਾ ਡੈਬਿਟ ਕਾਰਡ ਨੂੰ ਸਵਾਈਪ ਕੀਤਿਆਂ ਨਹੀਂ ਖੁੱਲਣੇ ਚਾਹੀਦੇ ਹਨ। ਹਰੇਕ ਏ. ਟੀ. ਐੱੰਮਜ਼ ਵਿੱਚ ਟੈਲੀਫੋਨ ਅਤੇ ਫਾਇਰ ਅਲਾਰਮ ਦੀ ਸਹੂਲਤ ਹੋਣੀ ਚਾਹੀਦੀ ਹੈ। ਬੈਂਕਾਂ ਅਤੇ ਏ. ਟੀ. ਐੱਮਜ਼ ਅੰਦਰ ਸ਼ੀਸ਼ਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸ੍ਰ. ਢਿੱਲੋਂ ਨੇ ਬੈਂਕਾਂ ਅਤੇ ਏ. ਟੀ. ਐੱਮਜ਼ ਨੂੰ ਸੁਰੱਖਿਅਤ ਰੱਖਣ ਲਈ ਬੈਂਕ ਅਧਿਕਾਰੀਆਂ ਤੋਂ ਸੁਝਾਅ ਵੀ ਮੰਗੇ ਅਤੇ ਸਪੱਸ਼ਟ ਕੀਤਾ ਕਿ ਉਨਾਂ ਨੇ ਇਨਾਂ ਹਦਾਇਤਾਂ ਸੰਬੰਧੀ ਬਕਾਇਦਾ ਧਾਰਾ 144 ਤਹਿਤ ਹੁਕਮ ਜਾਰੀ ਕਰ ਦਿੱਤੇ ਹਨ। ਇਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਬੈਂਕ ਅਧਿਕਾਰੀਆਂ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਹਰਸ਼ ਬਾਂਸਲ, ਸਹਾਇਕ ਪੁਲਿਸ ਕਮਿਸ਼ਨਰ ਸ੍ਰ. ਬੈਂਸ ਅਤੇ ਵੱਡੀ ਗਿਣਤੀ ਵਿੱਚ ਬੈਂਕ ਅਧਿਕਾਰੀ ਹਾਜ਼ਰ ਸਨ।

No comments: