Monday, December 30, 2013

ਕਿਸ ਦੀ ਪੂਰੀ ਤੇ ਕਿਸ ਦੀ ਅਧੂਰੀ ਰਹਿ ਗਈ ਅਰਦਾਸ !

Mon, Dec 30, 2013 at 6:19 PM
ਇੱਕ ਮੋਰਚਾ ਫਤਹਿ ਦੂਜਾ ਫਲਾਪ ਹੋ ਗਿਆ !!
ਗੱਲ ਤਾਂ ਉਹੋ ਹੀ ਹੋਈ ਜਿਸ ਦਾ ਡਰ ਸੀ !!!
ਕੁਲਵੰਤ ਸਿੰਘ ਢੇਸੀ, ਯੂ ਕੇ   kulwantsinghdhesi@hotmail.com
14 ਨਵੰਬਰ 2013 ਨੂੰ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਅਜੀਤ ਗੜ੍ਹ ਦੇ ਇਤਹਾਸਕ ਗੁਰਦੁਆਰਾ ਅੰਬ ਸਾਹਬ ਵਿਖੇ ਕੈਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਤਾਂ ਪੰਥ ਵਿਚ ਮਾਮੂ਼ਲੀ ਜਹੀ ਹਲਚਲ ਹੀ ਹੋਈ ਸੀ। ਪੰਜਾਬ ਵਿਚ ਮੀਡੀਏ ਦਾ ਬੋਲਬਾਲਾ ਬਾਦਲ ਪੱਖੀ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਤਾਂ ਇਸ ਮੋਰਚੇ ਦੀ ਭਿਣਕ ਹੀ ਨਾਂ ਪਈ। ਹੌਲੀ ਹੌਲੀ ਇਹ ਖਬਰ ਪੰਜਾਬ ਅਤੇ ਭਾਰਤ ਦੀਆਂ ਜੂਹਾਂ ਟੱਪ ਕੇ ਕੌਮਾਂਤਰੀ ਜੂਹਾਂ ਵਿਚ ਚਲੀ ਗਈ। ਪੰਜਾਬੀ ਅਖਬਾਰਾਂ, ਰੇਡੀਓ ਅਤੇ ਟੀ ਵੀ ਮਾਧਿਅਮ ਰਾਹੀਂ ਗੱਲ ਗਰਮ ਹੋਈ ਅਤੇ ਫਿਰ ਫੇਸ ਬੁੱਕ ਰਾਹੀਂ ਇਸ ਮੋਰਚੇ ਦੀਆਂ ਹਰ ਨਵੇਂ ਦਿਨ ਨਵੀਆਂ ਖਬਰਾਂ ਆਉਣ ਲੱਗੀਆਂ । ਇਸ ਮੋਰਚੇ ਬਾਰੇ ਆਏ ਦਿਨ ਭਾਈ ਗੁਰਬਖਸ਼ ਸਿੰਘ ਖਾਲਸਾ ਕੀ ਬਿਆਨ ਦਿੰਦੇ ਹਨ, ਉਹਨਾਂ ਦੀ ਹਿਮਾਇਤ ਤੇ ਕਿਹੜੀਆਂ ਕਿਹੜੀਆਂ ਧਿਰਾਂ ਆ ਰਹੀਆਂ ਹਨ ਅਤੇ ਇਸ ਮੋਰਚੇ ਸਬੰਧੀ ਬਾਦਲ ਸਰਕਾਰ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂਆਂ ਦਾ ਕੀ ਰਵੱਈਆ ਹੈ ਹਰ ਰੋਜ਼ ਹੀ ਢੇਰ ਸਾਰੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿਲਣ ਲੱਗੀਆਂ।
ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਇਹ ਮੋਰਚਾ ਪ੍ਰਮੁਖ ਤੌਰ ਤੇ ਉਹਨਾਂ 6 ਜਿਹਲ ਬੰਦ ਸਿੱਖ ਕੈਦੀਆਂ ਦੀ ਰਹਾਈ ਸਬੰਧੀ ਲਾਇਆ ਸੀ ਜਿਹਨਾਂ ਨੂੰ ਆਪਣੀਆਂ ਉਮਰ ਕੈਦਾਂ ਪੂਰੀਆਂ ਕੀਤਿਆਂ ਵੀ ਕਈ ਵਰ੍ਹੇ ਬੀਤ ਗਏ ਪਰ ਸਰਕਾਰ ਅਜੇ ਉਹਨਾਂ ਦੀ ਰਿਹਾਈ ਸਬੰਧੀ ਆਨਾਕਾਨੀ ਕਰਦੀ ਆ ਰਹੀ ਹੈ। ਇਹਨਾਂ ਕੈਦੀਆਂ ਦੇ ਨਾਮ ਕ੍ਰਮਵਾਰ ਇਸ ਪ੍ਰਕਾਰ ਹਨ
1- ਭਾਈ ਸ਼ਮਸ਼ੇਰ ਸਿੰਘ ਉਰਫ ਸ਼ੇਰਾ (ਬੁੜੈਲ ਜਿਹਲ)
2-ਭਾਈ ਗੁਰਮੀਤ ਸਿੰਘ (ਬੁੜੈਲ ਜਿਹਲ)
3- ਭਾਈ ਲਖਵਿੰਦਰ ਸਿੰਘ (ਬੁੜੈਲ ਜਿਹਲ)
4- ਭਾਈ ਲਾਲ ਸਿੰਘ (ਨਾਭਾ ਜਿਹਲ)
5- ਭਾਈ ਵਰਿਆਮ ਸਿੰਘ (ਉੱਤਰ ਪ੍ਰਦੇਸ਼)
6-ਭਾਈ ਗੁਰਦੀਪ ਸਿੰਘ (ਕਰਨਾਟਕ ਦੀ ਗੁਲਬਰਗ ਜਿਹਲ)
ਭਾਈ ਲਾਲ ਸਿੰਘ ਦੀ ਪੈਰੋਲ ਤਾਂ ਵੈਸੇ ਵੀ ਨੇੜੇ ਹੀ ਸੀ ਅਤੇ ਚੰਡੀਗੜ੍ਹ ਦੀ ਬੁੜੈਲ ਜਿਹਲ ਤੇ ਪੰਜਾਬ ਸਰਕਾਰ ਦਾ ਦਬਾਅ ਵੀ ਕੰਮ ਕਰ ਗਿਆ ਜਦ ਕਿ ਯੂ ਪੀ ਅਤੇ ਕਰਨਾਟਕ ਦੀਆਂ ਜਿਹਲਾਂ ਪੰਜਾਬ ਸਰਕਾਰ ਦੇ ਦਾਇਰੇ ਤੋਂ ਬਾਹਰ ਹਨ ਪਰ ਜੇ ਬਾਦਲ ਕੋਸ਼ਿਸ਼ ਕਰੇ ਤਾਂ ਉਥੇ ਵੀ ਆਪਣਾ ਦਬਾਅ ਬਣਾ ਸਕਦਾ ਹੈ। ਇਥੇ ਇੱਕ ਅਹਿਮ ਨੁਕਤਾ ਇਹ ਵੀ ਹੈ ਕਿ ਮਾਮਲਾ ਸਿਰਫ ਛੇ ਪ੍ਰਮੁਖ ਕੈਦੀਆਂ ਦਾ ਹੀ ਨਹੀਂ ਹੈ ਸਗੋਂ ਕੁਲ 208 ਕੈਦੀਆਂ ਦੀ ਰਹਾਈ ਦਾ ਹੈ ਜਿਹਨਾਂ ਵਿਚੋਂ 58 ਕੈਦੀਆਂ ਦੀਆਂ ਮਿਆਦ ਤੋਂ ਪਹਿਲਾਂ ਰਿਹਾਈ (ਪੈਰੋਲ) ਅਰਜ਼ੀਆਂ ਰੱਦ ਹੋ ਚੁੱਕੀਆਂ ਹਨ । ਕੁਝ ਇੱਕ ਅਖਬਾਰਾਂ ਵਿਚ ਅਜਕਲ ਇਹ ਚਰਚੇ ਹਨ ਕਿ ਭਾਈ ਖਾਲਸਾ ਦੇ ਮੋਰਚੇ ਮਗਰੋਂ ਇਹਨਾਂ ਕੈਦੀਆਂ ਦੀਆਂ ਫਾਈਲਾਂ ਵੱਖ-ਵੱਖ ਅਦਾਰਿਆਂ ਜਿਵੇਂ ਕਿ ਜ਼ਿਲ੍ਹਾ ਮੈਜਿਸਟਰੇਟ, ਜ਼ਿਲ੍ਹਾ ਪੁਲੀਸ ਮੁਖੀਆਂ, ਜੇਲ੍ਹ ਵਿਭਾਗ ਅਤੇ ਰਾਜ ਸਰਕਾਰ ਦੇ ਗਲਿਆਰਿਆਂ ਵਿਚ ਜ਼ਰਾ ਤੇਜੀ ਨਾਲ ਹਿੱਲਣ ਜੁੱਲਣ ਲੱਗੀਆਂ ਹਨ।

27 ਦਸੰਬਰ 2013 ਨੂੰ ਮੋਰਚੇ ਦੇ ਚੁਤਾਲੀਵੇਂ ਦਿਨ ਜਿਉਂ ਹੀ ਭਾਈ ਖਾਲਸਾ ਨੇ ਆਪਣੀ ਭੁੱਖ ਹੜਤਾਲ ਖਤਮ ਕੀਤੀ ਕਿ ਪੰਜਾਬੀ ਮੀਡੀਆ ਮੋਟੇ ਤੌਰ ਤੇ ਦੋ ਗੁੱਟਾਂ ਵਿਚ ਵੰਡਿਆ ਹੋਇਆ ਸਪੱਸ਼ਟ ਵਿਖਾਈ ਦਿੱਤਾ। ਬਾਦਲ ਪੱਖੀ ਅਤੇ ਬਾਦਲ ਵਿਰੋਧੀ ਗੁੱਟਾਂ ਨੇ ਆਪੋ ਆਪਣੇ ਹਿਸਾਬ ਨਾਲ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ । ਕਈਆਂ ਨੇ ਬੜੀ ਭੱਦੀ ਅਤੇ ਅਸੱਭਿਅਕ ਬੋਲੀ ਵਿਚ ਜਥੇਦਾਰਾਂ, ਬਾਦਲਾਂ ਅਤੇ ਉਹਨਾਂ ਦੀ ਪੈੜ ਨੱਪਣ ਵਾਲੇ ਸੰਤ ਸਮਾਜ ਖਿਲਾਫ ਆਪਣੇ ਮਨ ਦੀ ਭੜਾਸ ਕੱਢੀ। ਉਹਨਾਂ ਮੁਤਾਬਕ ਭਾਈ ਖਾਲਸਾ ਨੂੰ ਆਪਣੀ ਅਰਦਾਸ ਤੋਂ ਥਿੜਕਾਉਣ ਵਾਲੇ ਇਹ ਲੋਕ ਹੀ ਅਸਲ ਦੋਸ਼ੀ ਹਨ। ਕੁਝ ਇੱਕ ਨੇ ਭਾਈ ਖਾਲਸਾ ਦੇ ਬਦਲਵੇਂ ਪੈਂਤੜੇ ਤੇ ਵੀ ਕਰੜੀ ਟੀਕਾ ਟਿੱਪਣੀ ਕੀਤੀ। ਉਹਨਾਂ ਮੁਤਾਬਕ ਭਾਈ ਖਾਲਸਾ ਨੇ ਅਰਦਾਸ ਛੇ ਸਿੰਘਾਂ ਦੀ ਰਿਹਾਈ ਦੀ ਕੀਤੀ ਸੀ ਜਦ ਕਿ ਕੇਵਲ ਦੋ ਸਿੱਖਾਂ ਦੀ ਰਿਹਾਈ ਮਗਰੋਂ ਹੀ ਉਹ ਆਪਣੇ ਪੈਂਤੜੇ ਸਬੰਧੀ ਗੋਲ ਮੋਲ ਗੱਲਾਂ ਕਰਨ ਲੱਗ ਪਏ ਤੇ ਸਿੱਖਰ ਤੇ ਪਹੁੰਚੇ ਮੋਰਚੇ ਚੋਂ ਨਿਕਲਣ ਲਈ ਸੰਗਤਾਂ ਨੂੰ ਉਕਸਾ ਕੇ ਰਾਹ ਲੱਭਣ ਲੱਗ ਪਏ।

ਇਸ ਵਿਚ ਕੋਈ ਅਤਕਥਨੀ ਨਹੀਂ ਕਿ ਭਾਈ ਖਾਲਸਾ ਨੇ ਅਰਦਾਸ ਛੇ ਸਿੱਖਾਂ ਦੀ ਰਿਹਾਈ ਲਈ ਹੀ ਕੀਤੀ ਸੀ ਅਤੇ ਉਹਨਾਂ ਚਾਰ ਸਿੱਖਾਂ ਦੀ ਰਿਹਾਈ ਤੇ ਹੀ ਮੋਰਚਾ ਸੰਕੋਚ ਲਿਆ ਪਰ ਜਦੋਂ ਭਾਈ ਖਾਲਸਾ ਨੇ ਇਹ ਮੋਰਚਾ ਲਾਇਆ ਸੀ ਤਾਂ ਇਹ ਗੱਲ ਉਹਨਾਂ ਦੇ ਧਿਆਨ ਗੋਚਰੇ ਹੀ ਨਹੀਂ ਸੀ ਕਿ ਪੰਜਾਬ ਤੋਂ ਬਾਹਰ ਦੀਆਂ ਜਿਹਲਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਤੋਂ ਤਤਕਾਲ ਕਿਸੇ ਕ੍ਰਿਸ਼ਮੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ । ਭਾਈ ਖਾਲਸਾ ਨੇ ਆਪਣੀਆਂ ਤਕਰੀਰਾਂ ਵਿਚ ਵਾਰ ਵਾਰ ਦਾਅਵਾ ਕੀਤਾ ਸੀ ਕਿ ਉਹ ਜਾਂ ਤਾਂ ਸਿੰਘਾਂ ਨੂੰ ਰਿਹਾ ਕਰਵਉਣੇ ਜਾਂ ਫਤਹਿ ਬੁਲਾਉਣਗੇ ਜਦ ਕਿ ਇਸ ਤਰਾਂ ਦੇ ਮੋਰਚਿਆਂ ਵਿਚ ਅਮਲ ਦੀ ਅਸਲੀਅਤ ਹੋਰ ਹੁੰਦੀ ਹੈ। ਚੇਤੇ ਰਹੇ ਕਿ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵੀ ਪਹਿਲਾਂ ਪੈਰੋਲ ਤੇ ਹੀ ਰਿਹਾ ਕੀਤਾ ਗਿਆ ਸੀ। ਇਸ ਕਰਕੇ ਪੈਰੋਲ ਤੇ ਛੱਡੇ ਗਏ ਸਿੱਖਾਂ ਦੀ ਰਿਹਾਈ ਨੂੰ ਰਿਹਾਈ ਨਾਂ ਮੰਨਣਾਂ ਵੀ ਗਲਤ ਬਿਆਨੀ ਹੀ ਹੈ। ਸਾਨੂੰ ਇਸ ਮੁੱਦੇ ਤੇ ਦੁਨੀਆਂ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਕਰਨਾਂ ਬਣਦਾ ਹੈ ਜੋ ਕਿ ਮੋਰਚੇ ਨੂੰ ਲੰਬਾ ਹੁੰਦਾ ਦੇਖ ਕੇ ਭਾਈ ਖਾਲਸਾ ਦੀ ਸਿਹਤ ਸਬੰਧੀ ਫਿਕਰਮੰਦ ਸਨ ਅਤੇ ਸਿੱਖਾਂ ਦੀ ਬਹੁ ਗਿਣਤੀ ਚਹੁੰਦੀ ਸੀ ਕਿ ਭਾਈ ਖਾਲਸਾ ਵਰਗੇ ਨੇਕ ਆਗੂ ਨੂੰ ਬਚਾਇਆ ਜਾਵੇ। ਇੱਕ ਗੱਲ ਹੋਰ ਵੀ ਅਹਿਮ ਹੈ ਕਿ ਭਾਈ ਖਾਲਸਾ ਦੀ ਸਾਦ ਮੁਰਾਦੀ ਸ਼ਖਸੀਅਤ ਦੁਨੀਆਂ ਭਰ ਦੇ ਸਿੱਖਾਂ ਵਿਚ ਦਿਨਾਂ ਵਿਚ ਹੀ ਮਕਬੂਲ ਹੋ ਗਈ ਸੀ ਅਤੇ ਕਈ ਤਾਂ ਉਹਨਾਂ ਵਿਚ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਦੇਖਣ ਲੱਗ ਪਏ ਸਨ। 

ਇਸ ਗੱਲ ਵਿਚ ਵੀ ਕੋਈ ਅਤਕਥਨੀ ਨਹੀਂ ਕਿ  ਜਥੇਦਾਰਾਂ ਵਲੋਂ ਜਾਰੀ ਕੀਤੇ ਸੰਦੇਸ਼ ਅਤੇ ਸਰਕਾਰ ਦੀ ਹਿਮਾਇਤ ਤੇ ਖੜ੍ਹੇ ਸੰਤ ਸਮਾਜ ਨੇ ਭਾਈ ਖਾਲਸਾ ਨੂੰ ਪੈਂਤੜਾ ਬਦਲਣ ਲਈ ਅਹਿਮ ਰੋਲ ਅਦਾ ਕੀਤਾ । ਕਈ ਹੋਰ ਅਹਿਮ ਸ਼ਖਸੀਅਤਾਂ ਨੇ ਟਾਡਾ ਕਾਨੂੰਨਾਂ ਅਤੇ ਪੰਜਾਬੋਂ ਬਾਹਰ ਦੀਆਂ ਜਿਹਲਾਂ ਦੀਆਂ ਮਜ਼ਬੂਰੀਆਂ ਦੱਸ ਕੇ ਅਤੇ ਭਾਈ ਸਾਹਿਬ ਦੀ ਸਲਾਮਤੀ ਦੀ ਅਹਿਮੀਅਤ ਬਾਰੇ ਅਨੇਕਾਂ ਭਰਮਾਊ ਗੱਲਾਂ ਕੀਤੀਆਂ ਗਈਆਂ ਹੋਣਗੀਆਂ ਅਤੇ ਪਤਾ ਨਹੀਂ ਕੀ ਕੀ ਪਾਪੜ ਵੇਲੇ ਹੋਣਗੇ ਕੀ ਭਾਈ ਖਾਲਸਾ ਨੇ ਪੈਂਤੜਾ ਬਦਲ ਲਿਆ । ਭਾਈ ਖਾਲਸਾ ਹੁਣ ਸ਼ਾਇਦ ਇਹ ਕਹਿ ਸਕਣਗੇ ਕਿ ਉਹਨਾਂ ਨੇ ਇਹ ਫੈਸਲਾ ਸੰਗਤਾਂ ਜਾਂ ਪੰਥ (ਜਥੇਦਾਰਾਂ) ਦੇ ਹੁਕਮ ਤੇ ਹੀ ਬਦਲਿਆ ਹੈ ।

ਦੁੱਖ ਵਾਲੀ ਗੱਲ ਇਹ ਹੈ ਕਿ ਇਸ ਤਰਾਂ ਦੇ ਮੁੱਦਿਆਂ ਤੇ ਕਈ ਲੋਕ ਵਿਹਾਰਕ ਅਤੇ ਅਮਲੀ ਦ੍ਰੀਸ਼ਟੀਕੋਨ ਨੂੰ ਛੱਡ ਕੇ ਆਪੋ ਆਪਣੇ ਹਿਸਾਬ ਨਾਲ ਫਤਵੇ ਦੇਣ ਲਈ ਤਤਪਰ ਹੋ ਜਾਂਦੇ ਹਨ। ਵਿਹਾਰਕ ਦ੍ਰਿਸ਼ਟੀ ਤੋਂ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਸਿੱਖ ਕੈਦੀਆਂ ਦੀ ਨਜਾਇਜ ਹਿਰਾਸਤ ਪ੍ਰਤੀ ਭਾਈ ਖਾਲਸਾ ਦੇ ਮੋਰਚੇ ਨੇ ਕੌਮਾਂਤਰੀ ਚੇਤਨਾ ਪੈਦਾ ਕੀਤੀ ਅਤੇ ਰਿਹਾਈਆਂ ਸ਼ੁਰੂ ਹੋ ਗਈਆਂ ਅਤੇ ਇਹ ਸਪੱਸ਼ਟ ਸਫਲਤਾ ਦੀਆਂ ਨਿਸ਼ਾਨੀਆਂ ਹਨ ਭਾਵੇਂ ਕਿ ਇਸ ਸੇਧ ਵਿਚ ਅਜੇ ਹੋਰ ਬੜਾ ਕੰਮ ਕਰਨਾਂ ਬਾਕੀ ਹੈ। ਪਰ ਕੁਝ ਇੱਕ ਮਨਚਲੇ ਲੋਕ ਹਨ ਜੋ ਕਿ ਫੇਸ ਬੁੱਕ ਤੇ ਭਾਈ ਸਾਹਬ ਨੂੰ ਟਿੱਚਰਾਂ ਕਰ ਰਹੇ ਹਨ ਕਿ ਛੇ ਸਿੰਘਾਂ ਦੀ ਰਿਹਾਈ ਲਈ ਉਹਨਾਂ ਨੇ ਅਰਦਾਸ ਕਰਕੇ ਮੋਰਚਾ ਲਾਇਆ ਸੀ ਪਰ ਚਾਰ ਸਿੰਘਾਂ ਦੀ ਰਿਹਾਈ ਤੇ ਹੀ ਸੰਕੋਚ ਲਿਆ ਸੋ 100 ਵਿਚੋਂ 66% ਨੰਬਰ ਲੈ ਕੇ ਸਿੰਘ ਪਾਸ ਹੋ ਗਿਆ ! ਕਈਆਂ ਦੀ ਨਜ਼ਰ ਵਿਚ ਭਾਈ ਸਾਹਬ ਦੀ ਜਾਨ ਨੂੰ ਬਚਾਉਣਾਂ ਤਾਂ ਮਾਨਸਕ ਕਮਜ਼ੋਰੀ ਹੈ ਜਦ ਕਿ ਫੈਸਲਾ ਦੋ ਟੁੱਕ ਹੋਣਾਂ ਚਾਹੀਦਾ ਸੀ। ਇੱਕ ਹੋਰ ਧਿਰ ਹੈ ਜਿਸ ਦੀਆ ਆਪਣੀਆਂ ਅਰਦਾਸਾਂ ਧਰੀਆਂ ਧਰਾਈਆਂ ਰਹਿ ਗਈਆਂ ਕਿ ਉਹਨਾਂ ਦਾ ਜਾਨੀ ਦੁਸ਼ਮਣ ਬਾਬਾ ਬਾਦਲ ਇਸ ਹਾਲਤ ਵਿਚੋਂ ਸਾਬਤ ਬਚ ਨਿਕਲਿਆ । ਉਹਨਾਂ ਦੀਆਂ ਤਾਂ ਉਮੀਦਾਂ ਤੇ ਹੀ ਪਾਣੀ ਫਿਰ ਗਿਆ ਜਦ ਕਿ ਉਹਨਾਂ ਦੀਆਂ ਅਰਦਾਸਾਂ ਸਫਲ ਤਾਂ ਹੁੰਦੀਆਂ ਸਨ ਜੇ ਬਾਦਲ ਦਾ ਸਿੰਘਾਸਨ ਡੋਲਦਾ ਅਤੇ ਹਮੇਸ਼ਾਂ ਲਈ ਲਿਤਾੜਿਆ ਜਾਂਦਾ ਇਸ ਦੇ ਮਗਰੋਂ  ਭਾਵੇਂ ਪੰਜਾਬ ਵਿਚ ਅਰਾਜਕਤਾ ਦਾ ਮਹੌਲ ਹੁੰਦਾ, ਭਾਵੇਂ ਰਾਸ਼ਟਰਪਤੀ ਰਾਜ ਹੁੰਦਾ ਤੇ ਭਾਵੇਂ ਹੋਰ ਨੌਜਵਾਨਾਂ ਦੀਆਂ ਸ਼ਹੀਦੀਆਂ ਅਤੇ ਗ੍ਰਿਫਤਾਰੀਆਂ ਹੋ ਜਾਂਦੀਆਂ ਪਰ ਉਹਨਾਂ ਦੀ ਤਾਂ ਕੋਈ ਗੱਲ ਬਣੀ ਹੀ ਨਹੀਂ। ਇਸੇ ਤਰਾਂ ਜਥੇਦਾਰਾਂ ਦੇ ਦੁਸ਼ਮਣਾਂ ਦੀਆਂ ਅਰਦਾਸਾਂ ਵੀ ਫਿਹਲ ਹੋ ਗਈਆਂ ਕਿਓਕਿ ਬਾਦਲ ਦੇ ਨਾਲ ਹੀ ਜਥੇਦਾਰਾਂ ਦਾ ਵੀ ਬਚਾਅ ਹੋ ਗਿਆ (ਇਹ ਗੱਲ ਵੱਖਰੀ ਹੈ ਕਿ ਬਾਦਲ ਦੀ ਅੰਧਾ ਧੁੰਦ ਪੈੜ ਨੱਪ ਕੇ ਜਥੇਦਾਰਾਂ ਨੇ ਆਪਣੇ ਰੁਤਬੇ ਨੂੰ ਵੱਡੀ ਸੱਟ ਮਾਰੀ ਹੈ)। ਗੱਲ ਕੇਵਲ ਇਹ ਨਹੀਂ ਕਿ ਭਾਈ ਖਾਲਸਾ ਦਾ ਮੋਰਚਾ ਸਫਲ ਹੋਇਆ ਹੈ ਜਾਂ ਅਸਫਲ ਹੋਇਆ ਹੈ , ਗੱਲ ਇਹ ਵੀ ਹੈ ਕਿ ਐਂਟੀ ਬਾਦਲ ਅਤੇ ਐਂਟੀ ਜਥੇਦਾਰ ਧਿਰਾਂ ਜੋ ਉਮੀਦਾਂ ਲੈ ਕੇ ਬੈਠੀਆਂ ਸਨ ਉਹਨਾਂ ਤੇ ਪਾਣੀ ਫਿਰ ਗਿਆ ਅਤੇ ਹੁਣ ਉਹਨਾਂ ਨੂੰ ਹਰ ਪਾਸੇ ਅਸਫਲਤਾ ਹੀ ਦਿਸਣ ਲੱਗ ਪਈ ਹੈ।

ਅੱਜ ਜੇਕਰ ਕੋਈ ਸੱਚੇ ਦਿਲ ਨਾਲ ਭਾਈ ਖਾਲਸਾ ਦੀ ਕੀਤੀ ਅਰਦਾਸ ਨਾਲ ਹਮਦਰਦੀ ਰੱਖਦਾ ਹੈ ਤਾਂ ਇਹ ਮੁੱਦਾ ਕੇਵਲ ਛੇ ਸਿੱਖਾਂ ਦਾ ਹੀ ਨਹੀਂ ਹੈ ਸਗੋਂ ਭਾਰਤੀ ਜਿਹਲਾਂ ਵਿਚ ਨਜਾਇਜ ਤੌਰ ਤੇ ਬੰਦ ਹਰ ਸਿੱਖ ਅਤੇ ਗੈਰ ਸਿੱਖ ਦੀ ਰਿਹਾਈ ਲਈ ਕੌਮੀ ਅਤੇ ਕੌਮਾਂਤਰੀ ਤੌਰ ਤੇ ਮੋਰਚਾ ਅੱਗੇ ਵਧਣਾਂ ਚਾਹੀਦਾ ਹੈ। ਇਸ ਸਬੰਧੀ ਅਕਲ ਤੋਂ ਕੰਮ ਲੈਣਾਂ ਜ਼ਰੂਰੀ ਹੈ। ਹੋਰ ਨਹੀਂ ਤਾਂ ਸਾਨੂੰ ਅੰਨਾਂ ਹਜ਼ਾਰੇ ਦੇ ਪੈਂਤੜੇ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ । ਜੇਕਰ ਭਾਈ ਗੁਰਬਖਸ਼ ਸਿੰਘ ਦੀ ਅਰਦਾਸ ਵਿਚ ਕਿਸੇ ਨੂੰ ਗੜਬੜ ਦਿਸਦੀ ਹੈ ਤਾਂ ਚੇਤੇ ਰੱਖੋ ਕਿ ਜਜ਼ਬਾਤੀ ਸੁਰ ਵਿਚ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਪ੍ਰਾਪਤੀ ਲਈ ਸਰਬਤ ਖਾਲਸਾ ਰੂਪ ਵਿੱਚ ਅਰਦਾਸ ਕਰਕੇ ਕਦੀ ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਹਿਸਾਬ ਕੀ ਅੱਜ ਅਸੀਂ ਸਾਰੀ ਸਿੱਖ ਕੌਮ ਨੂੰ ਹੀ ਭਗੌੜੀ ਕਰਾਰ ਦੇਵਾਂਗੇ?

ਇੱਕ ਹੋਰ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਅੱਜ ਦਿੱਲੀ ਵਿਚ ਆਮ ਆਦਮੀ ਪਾਰਟੀ ਕਾਮਯਾਬ ਹੋਈ ਹੈ ਭਲਕ ਨੂੰ ਇਸ ਦੇ ਹੋਰ ਰਾਜਾਂ ਵਿਚ ਫੈਲਣ ਦੀ ਉਮੀਦ ਹੈ। ਜੇਕਰ ਭਾਰਤ ਦੇ ਭ੍ਰਿਸ਼ਟਾਚਾਰੀ ਨਿਜ਼ਾਮ ਵਿਚ ਸੋਧ ਹੁੰਦੀ ਹੈ ਤਾਂ ਇਸ ਦਾ ਫਾਇਦਾ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਵਧੇਰੇ ਹੋਵੇਗਾ। ਅੱਜ ਅਸੀਂ ਕਿਸੇ ਵੀ ਹੋਰ ਸੰਕਟ ਨਾਲੋਂ ਰਾਜਨੀਤਕ ਸੰਕਟ ਦੇ ਵੱਧ ਸ਼ਿਕਾਰ ਹਾਂ। ਪੰਜਾਬ ਦੇ ਰਾਜਨੀਤਕ ਨਕਸ਼ੇ ਤੇ ਨਿਗ੍ਹਾ ਮਾਰੀਏ ਤਾਂ ਇਹ ਗੱਲ ਸਹਿਜੇ ਵੀ ਸਮਝ ਆ ਜਾਵੇਗੀ ਕਿ ਅੱਜ ਸਾਨੂੰ ਇੱਕ ਤੀਸਰੇ ਰਾਜਨੀਤਕ ਫਰੰਟ ਦੀ ਲੋੜ ਹੈ ਅਤੇ ਜਿਹਨਾਂ ਤੋਂ ਤਤਕਾਲ ਖਹਿੜਾ ਛੁਡਵਾਉਣ ਜਰੂਰੀ ਹੈ ਉਹਨਾਂ ਵਿਚ ਇਹ ਧਿਰਾਂ ਸ਼ਾਮਲ ਹਨ---

  • ਲੋਕਾਂ ਦੀਆਂ ਸਿਆਸੀ ਅਤੇ ਧਾਰਮਕ (ਸ਼੍ਰੌਮਣੀ ਕਮੇਟੀ) ਵੋਟਾਂ ਨੂੰ ਪੈਸੇ ਅਤੇ ਨਸ਼ਿਆਂ ਦੇ ਲਾਲਚ ਵਿਚ ਖ੍ਰੀਦਣ ਵਾਲੇ ਕਾਲੇ ਧਨ ਦੇ ਪੁਜਾਰੀ; ਨਸ਼ਿਆਂ ਦੇ ਵਿਓਪਾਰੀ ਅਤੇ ਸਮਗਲਰ।
  • ਉਲਾਰ ਬਿਰਤੀ ਵਾਲੇ ਉਹ ਨੇਤਾ ਜੋ ਲੋਕਾਂ ਨੂੰ ਸਰਬ ਸਾਂਝਾ ਰਾਜ ਤਾਂ ਨਹੀਂ ਦੇ ਸਕਦੇ ਪਰ ਸਵਰਗੀ ਨਾਅਰੇ ਦੇ ਕੇ ਭਰਮਾ ਜ਼ਰੂਰ ਸਕਦੇ ਹਨ ਜਿਸ ਦਾ ਸਿੱਟਾ ਅਰਾਜਕਤਾ ਅਤੇ ਹਿੰਸਾ ਵਿਚ ਨਿਕਲਣ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੋਣਾਂ।
 ਮੁੱਦਾ ਭਾਰਤ ਦੀਆਂ ਜਿਹਲਾਂ ਵਿਚ ਰੁਲ ਰਹੇ ਸਿੱਖਾਂ ਦਾ ਹੋਵੇ ਜਾਂ ਕੋਈ ਹੋਰ ਹੋਵੇ, ਸਾਡੇ ਅਣਗੌਲੇ ਸੁਭਾਅ ਦਾ ਦੁਖਦਾਇਕ ਪਹਿਲੂ ਇਹ ਹੈ ਕਿ ਅਸੀਂ ਮੁਸ਼ਕਲਾਂ ਦੇ ਹੱਲ ਬਾਰੇ ਉਦੋਂ ਤਕ ਨਹੀਂ ਸੋਚਦੇ ਜਦੋਂ ਤਕ ਉਹ ਸਾਡੇ ਘਰ ਨਹੀਂ ਆ ਵੜਦੀਆਂ। ਅਸੀਂ ਮੁਸ਼ਕਲਾਂ ਦੇ ਨਿਭਾ ਲਈ ਸਹੀ ਤਰੀਕੇ ਨਾਲ ਜਥੇਬੰਦ ਵੀ ਨਹੀਂ ਹੈ । ਅਖਬਾਰਾਂ ਵਿਚ ਦਸ ਵੀਹ ਬੰਦਿਆਂ ਦੇ ਟੋਲੇ ਵਾਰ ਵਾਰ ਫੋਟੋ ਲੁਹਾ ਕੇ ਬੁੱਤਾ ਸਾਰ ਰਹੇ ਹਨ । ਅੱਜ ਖਾਲਸਾਈ ਕਾਫਲੇ ਦੇ ਇਨਸਾਫ ਪਸੰਦ ਅਤੇ ਸਰਬਤ ਦੇ ਭਲੇ ਵਾਲੇ ਅਕਸ ਨੂੰ ਮੁੜ ਸੁਰਜੀਤ ਅਤੇ ਸਥਿਰ ਕਰਨ ਦੀ ਬੇਹੱਦ ਲੋੜ ਹੈ।

No comments: