Tuesday, December 31, 2013

ਗੁੰਮਨਾਮ ਜਿਹੇ ਸ਼ਹਿਰ ਚ ਇੱਕ ਨਾਮ ਮਿਲ ਜਾਂਦਾ

ਇਸ ਵਾਰ ਅੰਮ੍ਰਿਤਪਾਲ ਕੌਰ ਬਰਾੜ                                                     Mon, Dec 30, 2013 at 4:51 PM
ਨਾਮ ਨੂੰ ਖੇਤੀਬਾੜੀ ਯੂਨੀਵਰਸਿਟੀ ਪਰ ਹਕੀਕਤ ਵਿੱਚ ਇਥੇ ਮਿਲਦਾ ਹੈ ਜ਼ਿੰਦਗੀ ਦਾ ਹਰ ਰੰਗ। ਗੱਲ ਭਾਵੇਂ ਪੰਜਾਬ 'ਚ ਸਮੇਂ ਸਮੇਂ ਚੱਲੇ ਸੰਘਰਸ਼ਾਂ ਦੀ ਹੋਵੇ ਤੇ ਭਾਵੇਂ ਕਲਮੀ ਸਾਧਨਾ ਦੀ--ਇਸ ਸੰਸਥਾਨ ਨਾਲ ਜੁੜੇ ਹਨ ਅਨਗਿਣਤ ਨਾਮ। ਉਸ ਸਿਲਸਿਲੇ ਨੂੰ ਹੀ ਅੱਗੇ ਤੋਰ ਰਹੀ ਹੈ Pau Young Writers ਨਾਮ ਦੀ ਸਰਗਰਮ ਸਾਹਿਤਿਕ ਜੱਥੇਬੰਦੀ। ਨਵੀਆਂ ਕਲਮਾਂ ਨੂੰ ਲੋੜ ਹੁੰਦੀ ਹੈ ਉਤਸ਼ਾਹ ਦੀ ਜੋ ਇਹ ਸੰਗਠਨ ਪੂਰੀ ਲਗਨ ਨਾਲ ਦੇ ਰਿਹਾ ਹੈ। ਅਸੀਂ ਇਸ ਵਾਰ ਤੋਂ ਇਸ ਸੰਸਥਾ ਨਾਲ ਜੁੜੇ ਰਚਨਾਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ। ਇਸ ਰਚਨਾ ਦੀ ਚੋਣ ਵੀ ਇਸੇ ਸੰਸਥਾ ਦੀ ਹੈ। ਜੇ ਤਜਰਬੇਕਾਰ ਇਹਨਾਂ ਰਚਨਾਵਾਂ ਦੀ ਅਸਾਰੂ ਆਲੋਚਨਾ ਭੇਜਣ ਤਾਂ ਉਸਨੂੰ ਵੀ ਥਾਂ ਦਿੱਤੀ ਜਾਏਗੀ ਤਾਂ ਕਿ ਨਵਿਆਂ ਨੂੰ ਪੁਰਾਣਿਆਂ ਦੇ ਗੁਰ ਅਤੇ ਤਜਰਬੇ ਮਿਲ ਸਕਣ। -ਰੈਕਟਰ ਕਥੂਰੀਆ 
ਮਲਾਲ 
ਕਾਸ਼ ਮੇਰੀ ਹਸਤੀ ਨੂੰ ਸਿਖਰ ਦਾ ਮੁਕਾਮ ਮਿਲ ਜਾਂਦਾ ,
ਜੋ ਨਿੱਤ ਸਿਰਜਦੀ ਸਾਂ; ਖਿਆਲਾਂ ਚ ਓਹ ਅੰਜਾਮ ਮਿਲ ਜਾਂਦਾ ,
ਮਿਲ ਜਾਂਦਾ ਕੁਝ ਬਹੁਤਾ ਨਹੀ ਤੇ ਬੱਸ ਲੋੜੀਂਦਾ ਹੀ ,
ਗੁੰਮਨਾਮ ਜਿਹੇ ਸ਼ਹਿਰ ਚ ਇੱਕ ਨਾਮ ਮਿਲ ਜਾਂਦਾ।

ਓਹ ਕਰਦੇ ਨੇ ਗਿਲਾ ਕਿ ਜਜ਼ਬਾਤ ਨਹੀਂ ਨੇ ,
ਹੋਰਾਂ ਜਿਹੇ ਮੇਰੇ ਖਿਆਲਾਤ ਨਹੀਂ ਨੇ ,
ਹਰਫਾਂ ਦੀ ਮੁਹਤਾਜਗੀ ਮੇਰੇ ਦਿਲ ਨਹੀਂ ਕਰਦਾ ,
ਜ਼ਿਹਨ ਮੇਰੇ ਚ ਕਿਹੜਾ ਸਵਾਲਾਤ ਨਹੀਂ ਨੇ ।

ਨਿੱਤ ਕਲਮ ਨਾਲ ਜਵਾਬੋ-ਸਵਾਲ ਹੁੰਦੇ ਨੇ ,
ਬੱਸ ਐਵੇਂ ਹੀ ਮਨ ਆਏ ਖਿਆਲ ਹੁੰਦੇ ਨੇ ,
ਮੇਰੀ ਜ਼ਿੰਦਗੀ ਤੱਕ ਹੀ ਨੇ ਇਹ ਸਿਲਸਿਲੇ ਐ ਦੋਸਤ ,
ਕਬਰਾਂ ਨੂੰ ਕਿਹੜਾ ਕੋਈ ਮਲਾਲ ਹੁੰਦੇ ਨੇ ।

ਇਸ ਦਿਲ ਨੂੰ ਸਾਰਾ ਅਸਮਾਨ ਚਾਹੀਦੈ ,
ਮੈਨੂੰ ਜੀਣ ਲਈ ਬੱਸ ਇਕ ਅਰਮਾਨ ਚਾਹੀਦੈ ,
ਮੇਰੀ ਔਕਾਤ ਤੋਂ ਪਰੇਹ ਨੇ ਅੰਬਰਾਂ ਦੇ ਤਾਰੇ ,
ਤਾਰੇ ਪਾਉਣ ਖ਼ਾਤਿਰ ਉੱਚਾ ਮਕਾਨ ਚਾਹੀਦੈ ।

ਕੀ ਹੋਇਆ ਕੀ ਹੰਝੂ ਸੱਬ ਮੇਰੇ ਹਿੱਸੇ ਹੀ ਆ ਗਏ ,
ਮੁਕਦਰਾਂ ਵਾਲੇ ਬੇਮੁਕਦਰ ਦੀ ਹਸੀ ਤੱਕ ਖਾ ਗਏ ,
ਰਹਿਣ ਵੀ ਦੇ 'ਅੰਮ੍ਰਿਤ ' ਸ਼ਿਕਵੇ ਸ਼ਿਕਾਇਤਾਂ ਨੂੰ,
ਇਹ ਕਲਮ ਵੀ ਤੇ ਤੈਨੂੰ ਓਹੀ ਫੜਾ ਗਏ।
Amritpal Kaur Brar
Kotakpoora
Msc Agri.Eco.
PAU Ludhiana.

No comments: