Tuesday, December 31, 2013

ਅਲਜਜ਼ੀਰਾ ਨੇ ਕੀਤੀ ਆਪਣੇ 4 ਪੱਤਰਕਾਰਾਂ ਨੂੰ ਰਿਹਾ ਕਰਨ ਦੀ ਮੰਗ

ਐਤਵਾਰ ਦੀ ਰਾਤ ਨੂੰ ਕੀਤੀਆਂ ਗਈਆਂ ਮਿਸਰ ਵੱਲੋਂ ਗਿਰਫ਼ਤਾਰੀਆਂ 
ਕਾਹਿਰਾ: 31 ਦਸੰਬਰ 2013: (ਪੰਜਾਬ ਸਕਰੀਨ ਬਿਊਰੋ): 
ਦੁਨੀਆ ਦੇ ਬਹੁਚਰਚਿਤ ਟੈਲੀਵਿਜ਼ਨ ਚੈਨਲ ਅਲਜਜ਼ੀਰਾ ਨੇ ਆਪਣੇ ਪੱਤਰਕਾਰਾਂ ਦੀ ਗਿਰਫਤਾਰੀ ਦਾ ਗੰਭੀਰ ਨੋਟਿਸ ਲੈਂਦੀਆਂ ਇਸਦੀ ਸਖਤ ਨਿਖੇਧੀ ਕੀਤੀ ਹੈ। ਚੈਨਲ ਨੇ ਮਿਸਰ ਦੇ ਅਧਿਕਾਰੀਆਂ ਵੱਲੋਂ ਐਤਵਾਰ ਦੀ ਰਾਤ ਨੂੰ ਆਪਣੇ ਚਾਰ ਪੱਤਰਕਾਰਾਂ ਦੀ ਗ੍ਰਿਫਤਾਰੀ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਹੈ। ਇਸਦੇ ਨਾਲ ਹੀ ਚੈਨਲ ਨੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਵੀ ਕੀਤੀ ਹੈ। 
ਕਾਬਿਲੇ ਜ਼ਿਕਰ ਹੈ ਕਿ ਮਿਸਰ ਦੇ ਸੁਰੱਖਿਆ ਅਧਿਕਾਰੀਆਂ ਨੇ ਐਤਵਾਰ ਦੀ ਰਾਤ ਨੂੰ ਅਲਜਜ਼ੀਰਾ ਦੇ ਨੈਰੋਬੀ ਸਥਿਤ ਪੱਤਰਕਾਰ ਪੀਟਰ ਗ੍ਰੇਸਟ, ਅਲਜਜ਼ੀਰਾ ਅੰਗਰੇਜ਼ੀ ਬਿਊਰੋ ਦੇ ਮੁਖੀ ਫਾਤਮੀ, ਕਾਹਿਰਾ ਸਥਿਤ ਪ੍ਰੋਡਿਊਸਰ ਬਹੇਰ ਮੁਹੰਮਦ ਅਤੇ ਕੈਮਰਾਮੈਨ ਫਾਹਮੀ ਨੂੰ ਗ੍ਰਿਫਤਾਰ ਕਰ ਲਿਆ ਸੀ। ਅਲਜਜ਼ੀਰਾ ਨੇ ਇਹ ਵੀ ਦੱਸਿਆ ਹੈ ਕਿ ਇਨ੍ਹਾਂ ਗ੍ਰਿਫਤਾਰੀਆਂ ਤੋਂ ਪਹਿਲਾਂ ਵੀ ਉਸ ਦੇ ਸਟਾਫ ਨੂੰ ਜੁਲਾਈ ਵਿਚ ਫੌਜ ਵੱਲੋਂ ਮੁਹੰਮਦ ਮੁਰਸੀ ਨੂੰ ਹਟਾਏ ਜਾਣ ਦੇ ਬਾਅਦ ਤੋਂ ਹੀ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਅਗਸਤ ਵਿੱਚ ਮਾਰੇ ਗਾਏ ਛਾਪੇ ਦੌਰਾਨ ਜ਼ਬਤ ਕੀਤਾ ਗਿਆ ਸਾਜ਼ੋ-ਸਾਮਾਨ ਵੀ ਅਜੇ ਤੱਕ ਵਾਪਿਸ ਨਹੀਂ ਕੀਤਾ ਗਿਆ। ਕਤਰ ਸਥਿਤ ਅਲਜਜ਼ੀਰਾ ਮੀਡੀਆ ਨੈੱਟਵਰਕ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਇਸ ਗ੍ਰਿਫਤਾਰੀ ਦੀ ਨਿੰਦਾ ਕਰਨ ਦੇ ਨਾਲ-ਨਾਲ ਆਪਣੇ ਪੱਤਰਕਾਰਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਾ ਹੈ। 
ਜਰਨਲਿਸਟਸ ਵਿਦਾਉਟ ਬਾਰਡਰਜ਼ ਨੇ ਵੀ ਇਹਨਾਂ ਗਿਰਫ਼ਤਾਰੀਆਂ ਦੀ ਸਖਤ ਨਿਖੇਧੀ ਕੀਤੀ ਹੈ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ (ਸੀਪੀਜੇ) ਨੇ ਵੀ ਇਹਨਾਂ ਗਿਰਫ਼ਤਾਰੀਆਂ ਦੇ ਖਿਲਾਫ਼ ਆਵਾਜ਼ ਉਠਾਈ ਹੈ। ਕਾਬਿਲੇ ਜ਼ਿਕਰ ਹੈ ਕਿ ਗਿਰਫਤਾਰ ਕੀਤੇ ਗਏ ਇਹਨਾਂ ਪੱਤਰਕਾਰਾਂ ਵਿੱਚ ਬਹੁਤ ਹੀ ਮਿਹਨਤੀ ਅਤੇ ਸੀਨੀਅਰ ਪੱਤਰਕਰ Peter Greste ਵੀ ਹੈ ਜਿਹੜਾ ਖਬਰ ਏਜੰਸੀ ਰਾਇਟਰ ਦੇ ਨਾਲ ਨਾਲ ਬੀਬੀਸੀ ਅਤੇ ਸੀ ਐਨ ਐਨ ਲਈ ਵੀ ਕੰਮ ਕਰ ਚੁੱਕਿਆ ਹੈ। 

No comments: