Sunday, December 08, 2013

ਐਫ ਐਸ ਓ ਵਲੋਂ ਬਰਤਾਨਵੀ ਪਾਰਲੀਮੈਂਟ ਅੱਗੇ ਰੋਸ ਰੈਲੀ 10 ਦਸੰਬਰ ਨੂੰ

ਵਧ ਤੋਂ ਵਧ ਸ਼ਮੂਲੀਅਤ ਲਈ ਜ਼ੋਰਦਾਰ ਅਪੀਲ     Sun, Dec 8, 2013 at 3:54 PM
ਭਾਰਤੀ ਪੁਲਸ ਦੇ ਫਾਸ਼ੀ ਰਵੱਈਏ ਵਿਰੁਧ ਬ੍ਰਮਿੰਘਮ ਕੌਂਸਲੇਟ ਅੱਗੇ ਜ਼ਬਰਦਸਤ ਮੁਜ਼ਾਹਰੇ ਮਗਰੋਂ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਵਲੋਂ 10 ਦਸੰਬਰ ਦਿਨ ਮੰਗਲਵਾਰ ਨੂੰ ਲੰਡਨ ਪਾਰਲੀਮੈਂਟ ਅੱਗੇ ਕੈਂਡਲ ਲਾਈਟ ਵਿਜ਼ਲ ਦਾ ਪ੍ਰੋਗ੍ਰਾਮ ਉਲੀਕਿਆ ਗਿਆ ਹੈ। ਇਹ ਮੁਜ਼ਾਹਰਾ ਵਿਸ਼ੇਸ਼ ਤੌਰ ਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਨੂੰ ਮੁਖ ਰੱਖ ਕੇ ਕੀਤਾ ਜਾ ਰਿਹਾ ਹੈ ਅਤੇ ਇਸ ਦਿਨ ਤੇ ਬ੍ਰਤਾਨਵੀ ਐਮ ਪੀਜ਼ ਨੂੰ ਅਪੀਲ ਕਰਕੇ ਪੰਜਾਬ ਅਤੇ ਭਾਰਤ ਵਿਚ ਸਿੱਖਾਂ ਨਾਲ ਹੋ ਰਹੇਅਨਿਆਂ ਅਤੇ ਸਿੱਖ ਕੌਮ ਦੇ ਕੁਚਲੇ ਜਾ ਰਹੇ ਅਧਿਕਾਰਾਂ ਬਾਬਤ ਜਾਣਕਾਰੀ ਦਿੱਤੀ ਜਾਏਗੀ। ਯੂ ਕੇ ਵਿਚ ਸਿੱਖ ਹੱਕਾਂ ਲਈ ਜੂਝ ਰਹੀ ਪੰਥ ਦੀ ਪ੍ਰਤੀਨਿਧ ਜਥੇਬੰਦੀ ਐਫ ਐਸ ਓ ਦੇ ਆਗੂਆਂ ਭਾਈ ਜੋਗਾ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਿਹੇੜੂ ਨੇ ਸਮੂਹ ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਗਲਵਾਰ 10 ਦਸੰਬਰ ਬਾਅਦ ਦੁਪਹਿਰ ਦੋ ਵਜੇ ਲੰਡਨ ਪਾਰਲੀਮੈਂਟ ਅੱਗੇ ਪਹੁੰਚ ਕੇ ਆਪਣਾਂ ਪੂਰਨ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨ।

ਇਹਨਾਂ ਆਗੂਆਂ ਨੇ ਇਸ ਦਿਨ ਤੇ ਜਿੱਥੇ ਗੁਰਦੁਆਰਾ ਕਮੇਟੀਆਂ ਨੂੰ ਕੋਚਾਂ ਬੁੱਕ ਕਰਨ ਲਈ ਬੇਨਤੀ ਕੀਤੀ ਹੈ ਉਥੇ ਸਿੱਖ ਸੰਗਤਾਂ ਨੂੰ ਆਪਣੇ ਐਮ ਪੀਜ਼ ਤੋਂ ਸਮਾਂ ਲੈਣ ਲਈ ਫੂਨ ਕਰਨ ਲਈ ਵੀ ਕਿਹਾ ਹੈ। ਚੇਤੇ ਰਹੇ ਕਿ ਯੂ ਕੇ ਵਿਚ ਹਰ ਸ਼ਹਿਰੀ ਦਾ ਹੱਕ ਹੈ ਕਿ ਉਹ ਪਾਰਲੀਮੈਂਟ ਵਿਚ ਆਪਣੇ ਐਮ ਪੀ ਨੂੰ ਮਿਲ ਕੇ ਆਪਣੇ ਕੌਮੀ ਅਤੇ ਕੌਮਾਂਤਰੀ ਹੱਕਾਂ ਦੀ ਗੱਲ ਕਰ ਸਕਦਾ ਹੈ। ਇਸ ਮਕਸਦ ਲਈ ਇਸ ਨੰਬਰ ਤੇ ਫੋਨ ਕਰਕੇ ਆਪਣਾਂ ਮਕਸਦ ਦੱਸਿਆ ਜਾਵੇ- 020 7219 3000.
ਐਫ ਐਸ ਓ ਵਲੋਂ ਸਮੁੱਚੇ ਪੰਜਾਬੀ ਮੀਡੀਏ ਨੂੰ ਬੇਨਤੀ ਕੀਤੀ ਹੈ ਕਿ ਉਹ ਸਿੱਖਾਂ ਦੇ ਜਮਹੂਰੀ ਹੱਕਾਂ ਦੀ ਪਹਿਰੇਦਾਰੀ ਲਈ ਆਪਣੀ ਯੋਗ ਭੂਮਿਕਾ ਨਿਭਾਉਣ ਦੀ ਕ੍ਰਿਪਾਲਤਾ ਕਰਨ।

ਐਫ ਐਸ ਓ ਦਾ ਇਸ ਸਮੇਂ ਪ੍ਰਮੁਖ ਮੁੱਦਾ ਭਾਰਤ ਦੀਆਂ ਜਿਹਲਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਕਰਵਾਉਣਾਂ ਹੈ ਜਿਸ ਸਬੰਧੀ ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਭਾਈ ਦਮਨਦੀਪ ਸਿੰਘ ਖਾਲਸਾ ਮਰਨ ਵਰਤ ਤੇ ਹਨ। ਚੇਤੇ ਰਹੇ ਕਿ ਪੰਜਾਬ ਪੁਲਿਸ ਵਲੋਂ ਸ਼ਰਾਬ ਨਾਲ ਰੱਜ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰ ਵਿਚੋਂ ਜ਼ਬਰਦਸਤੀ ਚੁੱਕਿਆ ਗਿਆ ਹੈ ਜਿਸ ਦੇ ਰੋਸ ਵਜੋਂ ਭਾਈ ਦਮਨਦੀਪ ਸਿੰਘ ਭੁੱਖ ਹੜਤਾਲ ਤੇ ਬੈਠ ਗਏ ਹਨ। ਪੰਜਾਬ ਪੁਲਸ ਵਲੋਂ ਸ੍ਰੀ ਅਕਾਲ ਤਖਤ ਤੋਂ ਚੱਲੇ ਬੰਦੀ ਛੋਡ਼ ਮਾਰਚ ਸਮੇਂ ਪੰਜਾਂ ਪਿਆਰਿਆਂ ਵਿਚੋਂ ਇੱਕ ਸਿੰਘ ਦੀ ਦਸਤਾਰ ਵੀ ਉਤਾਰ ਦਿੱਤੀ ਗਈ ਸੀ ਜਿਸ ਦਾ ਕਿ ਪੰਥ ਵਿਚ ਤਿੱਖਾ ਰੋਸ ਹੈ। ਅੱਜ ਦੁਨੀਆਂ ਨੂੰ ਭਾਰਤ ਵਿਚ ਸਿੱਖਾਂ ਦੇ ਕੁਚਲੇ ਜਾ ਰਹੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ ਜਿਸ ਲਈ ਐਫ ਐਸ ਓ ਪਿਛਲੇ ਲੰਬੇ ਸਮੇਂ ਤੋਂ ਜੱਦੋਜਹਿਦ ਕਰ ਰਹੀ ਹੈ। ਭਾਈ ਜੋਗਾ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਿਹੇੜੂ ਨੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਕਮੇਟੀ ਅਤੇ ਸੰਗਤਾਂ ਦਾ ਅਤੀ ਧੰਨਵਾਦ ਕੀਤਾ ਹੈ ਜਿਹਨਾਂ ਨੇ ਕਿ ਸ਼ਨੀਵਾਰ ਵਾਲੇ ਦਿਨ ਸਿੰਘਾਂ ਦੀ ਚੜ੍ਹਦੀ ਕਲਾ ਲਈ ਚੌਪਈ ਸਾਹਿਬ ਦੇ ਪਾਠ ਅਤੇ ਅਰਦਾਸਾਂ ਕੀਤੀਆਂ ਹਨ ਅਤੇ ਹੁਣ ਸਾਰੇ ਹੀ ਗੁਰਦੁਆਰਿਆਂ ਵਿਚ ਅਰਦਾਸਾਂ ਹੋ ਰਹੀਆਂ ਹਨ। ਅਖੀਰ ਤੇ ਇਹਨਾਂ ਆਗੂਆਂ ਨੇ ਸੰਗਤਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਦੁਸ਼ਮਣ ਤਾਕਤਾਂ ਦੇ ਹੱਥਾਂ ਦਾ ਸੰਦ ਬਣੇ ਹੋਏ ਉਹਨਾਂ ਇੱਕਾ ਦੁੱਕਾ ਵਿਅਕਤੀਆਂ ਤੋਂ ਸੁਚੇਤ ਰਹਿਣ ਜਿਹਨਾਂ ਦਾ ਮਕਸਦ ਪੰਥਕ ਕਾਰਜਾਂ ਨੂੰ ਤਾਰਪੀਡੋ ਕਰਨ ਲਈ ਮੀਡੀਏ ਵਿਚ ਭੰਬਲਭੂਸੇ ਖੜ੍ਹੇ ਕਰਨਾ ਹੈ।

No comments: