Thursday, November 28, 2013

ਨਹੀਂ ਰਹੇ ਸ. ਦਲਜੀਤ ਸਿੰਘ ਐਡਮਿੰਟਨ

Thu, Nov 28, 2013 at 2:01 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅਕਾਲ ਚਲਾਣੇ 'ਤੇ ਡੂੰਘੇ ਸ਼ੋਕ ਦਾ ਪ੍ਰਗਟਾਵਾ
ਲੁਧਿਆਣਾ: 28 ਨਵੰਬਰ 2013: (ਰੈਕਟਰ ਕਥੂਰੀਆ): ਇੱਕ ਹੋਰ ਦੁੱਖਦਾਈ ਖਬਰ ਮਿਲੀ ਹੈ। ਮੈਨੂੰ ਜਿੰਦਗੀ ਦੇ ਅਰਥ ਸਮਝਾਉਣ ਅਤੇ ਇਸਦੀਆਂ ਚੁਨੌਤੀਆਂ ਨੂੰ ਸਵੀਕਾਰਨ ਦੀ ਜਾਚ ਸਿਖਾਉਣ ਵਾਲੇ ਦਲਜੀਤ ਸਿੰਘ ਐਡਮਿੰਟਨ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ।  ਉਹ ਇੱਕ ਆਦਰਸ਼ ਅਧਿਆਪਕ ਹੋਣ ਦੇ ਨਾਲ ਨਾਲ ਪ੍ਰਸਿੱਧ ਲੇਖਕ ਤੇ ਅਨੁਵਾਦਕ ਵੀ ਸਨ। ਸ. ਦਲਜੀਤ ਸਿੰਘ ਐਡਮਿੰਟਨ ਦੇ ਅਚਾਨਕ ਦੇਹਾਂਤ 'ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਦਲਜੀਤ ਸਿੰਘ ਐਡਮਿੰਟਨ ਨੇ ਪੰਜਾਬੀ ਵਿਚ ਮੌਲਿਕ ਸਾਹਿਤ ਸਿਰਜਨਾ ਦੇ ਨਾਲ ਨਾਲ ਅਨੁਵਾਦ ਦੇ ਖੇਤਰ ਵਿਚ ਵੀ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਐਲੈਕਸ ਹੈਲੀ ਦੇ ਸੰਸਾਰ ਪ੍ਰਸਿੱਧ ਵੱਡ-ਆਕਾਰੀ ਨਾਵਲ 'ਰੂਟਸ', ਡਾਰਵਿਨ ਦੀਆਂ ਵਿਭਿੰਨ ਲਿਖਤਾਂ ਮਨੁੱਖ ਦੇ ਪਿਤਾਮੇ, ਵਿਕਾਸਵਾਦ ਅਤੇ ਉਪਨਿਸ਼ਦਾਂ ਦਾ ਪੰਜਾਬੀ ਵਿਚ ਤਰਜਮਾ ਕੀਤਾ ਹੈ, ਉਨ੍ਹਾਂ ਦੇ ਵਿਛੋੜੇ ਨਾਲ ਸਾਡੇ ਕੋਲੋਂ ਇਕ ਮੌਲਿਕ ਲੇਖਕ, ਚਿੰਤਕ ਅਤੇ ਅਨੁਵਾਦਕ ਤੁਰ ਗਿਆ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਸ. ਦਲਜੀਤ ਸਿੰਘ ਬਹੁਤ ਸੰਵੇਦਨਸ਼ੀਲ ਲੇਖਕ, ਸਿਰੜੀ ਸ਼ਬਦ-ਸਾਧਕ ਅਤੇ ਅਤਿ ਹਲੀਮ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਪੰਜਾਬੀ ਸਾਹਿਤ ਨੂੰ 'ਪੁਰਾਤਨ ਅਤੇ ਨਵੀਨ ਅਜੂਬੇ' (ਮਨੁੱਖੀ ਪ੍ਰਾਪਤੀ ਦੇ ਸਿਖਰ), 'ਸੱਚ ਦੀ ਭਾਲ' ਅਤੇ 'ਅਹਿੰਸਾ, ਪਿਆਰ ਅਤੇ ਸ਼ਾਂਤੀ', ਮੌਲਿਕ ਪੁਸਤਕਾਂ ਸਿਰਜ ਕੇ ਵਡ-ਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਅਤੇ ਸ਼ਬਦ ਸਭਿਆਚਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਡਮੀ ਦਾ ਸਮੁੱਚਾ ਪਰਿਵਾਰ ਉਹਨਾਂ ਦੇ ਕੈਨੇਡਾ ਨਿਵਾਸੀ ਸਪੁੱਤਰ ਸਤਵੰਤ ਸਿੰਘ ਅਤੇ ਬੇਟੀ ਡਾ. ਵਰਿੰਦਰ ਕੌਰ, ਮੁਖੀ ਪੰਜਾਬੀ ਵਿਭਾਗ, ਡੀ.ਐਮ.ਕਾਲਜ. ਮੋਗਾ ਨਾਲ ਇਸ ਦੁੱਖ ਦੀ ਘੜੀ ਸੰਵੇਦਨਾ ਸਾਂਝੀ ਕਰਦਾ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਗਿਆਨ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਦੀਆਂ ਲਿਖਤਾਂ ਸਾਡੇ ਲਈ ਚਾਨਣ ਮੁਨਾਰੇ ਦਾ ਕੰਮ ਕਰਨਗੀਆਂ, ਇਸ ਅਹਿਸਾਸ ਨਾਲ ਅਸੀਂ ਉਨ੍ਹਾਂ ਨੂੰ ਦੀ ਯਾਦ ਨੂੰ ਸਦਾ ਤਾਜ਼ਾ ਰੱਖਣ ਲਈ ਉਨ੍ਹਾਂ ਦੀਆਂ ਲਿਖਤਾਂ ਤੋਂ ਸੇਧ ਲੈਂਦੇ ਰਹਾਂਗੇ।
      ਸ਼ੋਕ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ.ਸ. ਜੌਹਲ, ਡਾ. ਸੁਰਜੀਤ ਪਾਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ, ਪ੍ਰੋ. ਰਵਿੰਦਰ ਭੱਠਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਇੰਜ. ਜਸਵੰਤ ਸਿੰਘ ਜ਼ਫ਼ਰ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਅਮਰਜੀਤ ਸਿੰਘ ਗਰੇਵਾਲ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।

ਦਲਜੀਤ ਸਿੰਘ ਐਡਮਿੰਟਨ ਨੂੰ ਯਾਦ ਕਰਦਿਆਂ 

No comments: