Wednesday, November 27, 2013

ਪੀ ਏ ਯੂ ਡਾਇਰੀ

Wed, Nov 27, 2013 at 4:40 PM
ਪੇਂਡੂ ਨੌਜਵਾਨਾਂ ਲਈ ਤਿੰਨ ਮਹੀਨੇ ਦਾ ਸਿਖਲਾਈ ਕੋਰਸ 
ਪੀਏਯੂ ਵੱਲੋਂ ਮੰਗੀਆਂ ਗਈਆਂ ਅਰਜ਼ੀਆਂ
ਲੁਧਿਆਣਾ 27 ਨਵੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੇਂਡੂ ਨੌਜਵਾਨਾਂ ਲਈ ਹਰ ਵਰ੍ਹੇ ਖੇਤੀਬਾੜੀ ਦੀ ਸਮੁੱਚੀ ਸਿਖਲਾਈ ਸੰਬੰਧੀ ਕੋਰਸ ਆਯੋਜਿਤ ਕੀਤਾ ਜਾਂਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿਖਿਆ ਡਾ. ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੋਰਸ ਵਿੱਚ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲਿਆਂ ਨੂੰ ਛੱਡ ਕੇ ਦੂਜੇ ਜ਼ਿਲਿਆਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਇਹਨਾਂ ਵਿਦਿਆਰਥੀਆਂ ਦੀ ਉਮਰ 20 ਤੋਂ 40 ਸਾਲ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਉਹਨਾਂ ਕੋਲ ਵਿਦਿਅਕ ਯੋਗਤਾ 10ਵੀਂ ਹੋਣੀ ਚਾਹੀਦੀ ਹੈ । ਉਹਨਾਂ ਦੱਸਿਆ ਕਿ ਇਸ ਕੋਰਸ ਵਿੱਚ ਖੇਤੀਬਾੜੀ ਦੇ ਵੱਖ ਵੱਖ ਵਿਸ਼ਿਆਂ ਤੋਂ ਇਲਾਵਾ ਖੇਤੀ ਸਹਾਇਕ ਧੰਦਿਆਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਨੌਜਵਾਨ ਨਿਰਦੇਸ਼ਕ ਪਸਾਰ ਸਿਖਿਆ ਦੇ ਦਫ਼ਤਰ ਤੋਂ ਫਾਰਮ ਪ੍ਰਾਪਤ ਕਰ ਸਕਦੇ ਹਨ। ਅਰਜ਼ੀਆਂ ਲੈਣ ਦੀ ਆਖਰੀ ਮਿਤੀ 30 ਦਸੰਬਰ ਹੋਵੇਗੀ ਜਦਕਿ 31 ਦਸੰਬਰ ਨੂੰ ਸਵੇਰੇ 10 ਵਜੇ ਯੂਨੀਵਰਸਿਟੀ ਵਿਖੇ ਸਥਿਤ ਕੈਰੋਂ ਕਿਸਾਨ ਘਰ ਵਿਖੇ ਇੰਟਰਵਿਊ ਲਈ ਜਾਵੇਗੀ। ਇੰਟਰਵਿਊ ਵਾਲੇ ਦਿਨ ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ 10ਵੀਂ ਪਾਸ ਕਰਨ ਦਾ ਅਤੇ ਉਮਰ ਦੇ ਸਬੂਤ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ । ਇਸ ਕੋਰਸ ਦੀ ਫੀਸ 300 ਰੁਪਏ ਹੈ ਅਤੇ ਰਿਹਾਇਸ਼ ਦੇ ਲਈ 100 ਰੁਪਏ ਪ੍ਰਤੀ ਮਹੀਨਾ ਫੀਸ ਲਈ ਜਾਵੇਗੀ। ਇਹ ਕੋਰਸ 1 ਜਨਵਰੀ 2014 ਤੋਂ 31 ਮਾਰਚ 2014 ਤੱਕ ਲਗਾਇਆ ਜਾਵੇਗਾ।
ਫਰਾਂਸ ਤੋਂ 17 ਮੈਂਬਰੀ ਵਫ਼ਦ ਨੇ ਕੀਤਾ ਪੀਏਯੂ ਦਾ ਦੌਰਾ
ਲੁਧਿਆਣਾ 27 ਨਵੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ 17 ਮੈਂਬਰੀ ਫਰਾਂਸ ਤੋਂ ਵਫ਼ਦ ਨੇ ਦੌਰਾ ਕੀਤਾ । ਇਸ ਵਫ਼ਦ ਵਿੱਚ ਜ਼ਿਆਦਾਤਰ ਖੇਤੀਬਾੜੀ ਦੇ ਨਾਲ ਸੰਬੰਧਤ ਵਿਗਿਆਨੀ, ਅਗਾਂਹ ਵਧੂ ਕਿਸਾਨ ਅਤੇ ਪਸ਼ੂ ਪਾਲਕ ਸਨ । ਇਸ ਵਫ਼ਦ ਦਾ ਮੁੱਖ ਟੀਚਾ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਅਤੇ ਪੰਜਾਬ ਦੀ ਖੇਤੀਬਾੜੀ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੀ । 
ਇਸ ਵਫ਼ਦ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ.ਸ੍ਰੀਮਤੀ ਰਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਦੋਗਲੀਆਂ ਕਿਸਮਾਂ ਨੂੰ ਤਿਆਰ ਕਰਨ ਲਈ ਦੇਸ਼ ਦੀਆਂ ਮੋਢੀ ਯੂਨੀਵਰਸਿਟੀਆਂ ਵਿੱਚੋਂ ਇਕ ਹੈ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੱਕ ਵੱਖ ਵੱਖ ਫ਼ਸਲਾਂ ਦੀਆਂ 727 ਕਿਸਮਾਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਇਸ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਵਿਦਿਅਕ ਪ੍ਰੋਗਰਾਮਾਂ ਅਧੀਨ ਦੂਸਰੇ ਦੇਸ਼ਾਂ ਜਿਵੇਂ ਅਫ਼ਗਾਨਿਸਤਾਨ, ਇਜਿਪਟ, ਇਥੋਪੀਆ, ਫਰਾਂਸ, ਕੀਨੀਆ, ਵੀਅਤਨਾਮ, ਭੁਟਾਨ, ਉਜਬੇਕਿਸਤਾਨ, ਈਰਾਨ, ਇਰਾਕ, ਮੁਜੰਪਿਕ ਆਦਿ ਤੋਂ ਵਿਦਿਆਰਥੀ ਉਚ ਵਿਦਿਆ ਹਾਸਲ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਸੰਗਠਨ ਢਾਚੇ ਤੋਂ ਇਲਾਵਾ ਸੂਚਨਾ ਤੇ ਪਸਾਰ ਲਈ ਕੀਤੇ ਜਾਂਦੇ ਯਤਨਾਂ ਬਾਰੇ ਜਾਣਕਾਰੀ ਵੀ ਡਾ. ਧਾਲੀਵਾਲ ਵੱਲੋਂ ਪ੍ਰਦਾਨ ਕੀਤੀ । 
ਇਸ ਤੋਂ ਬਾਅਦ ਵਫ਼ਦ ਨੇ ਯੂਨੀਵਰਸਿਟੀ ਵਿਖੇ ਸਥਿਤ ਪੇਂਡੂ ਜੀਵਨ ਸ਼ੈਲੀ ਸੰਬੰਧੀ ਅਜਾਇਬ ਘਰ ਦਾ ਦੌਰਾ ਕੀਤਾ ਜਿੱਥੇ ਫੈਮਿਲੀ ਰਿਸੋਰਸ ਮੈਨੇਜਮੈਂਟ ਵਿਭਾਗ ਦੇ ਸਾਇੰਸਦਾਨ ਡਾ. ਊਸ਼ਾ ਜਿੰਦਲ ਨੇ ਪੰਜਾਬ ਦੇ ਅਮੀਰ ਸਭਿਆਚਾਰ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਇਸ ਫੇਰੀ ਦੇ ਕੋ-ਆਰਡੀਨੇਟਰ ਡਾ. ਕਮਲ ਵੱਤਾ ਨੇ ਵੱਖ ਵੱਖ ਫ਼ਸਲਾਂ ਦੀ ਆਰਥਿਕਤਾ ਅਤੇ ਫ਼ਸਲੀ ਚੱਕਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਵਫ਼ਦ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ ਫਰਾਂਸ ਦੀ ਅੱਧੀ ਤੋਂ ਵੱਧ ਅਬਾਦੀ ਖੇਤੀਬਾੜੀ ਦੇ ਪੇਸ਼ੇ ਨਾਲ ਸੰਬੰਧਤ ਸੀ ਪਰ ਸਮੇਂ ਦੇ ਨਾਲ ਹੁਣ ਸਿਰਫ਼ 2% ਅਬਾਦੀ ਹੀ ਇਸ ਦੇ ਨਾਲ ਸੰਬੰਧਤ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਡਿੱਗਦਾ ਪੱਧਰ ਅਤੇ ਜ਼ਮੀਨ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਫਰਾਂਸ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ।

No comments: