Friday, November 08, 2013

ਨਸਲੀ ਹਮਲੇ ਵਿੱਚ ਜ਼ਖਮੀ ਹੋਏ ਵਿਦੇਸ਼ੀ ਸਿੱਖ ਦੀ ਮੌਤ

ਸ.ਜੋਗਿੰਦਰ ਸਿੰਘ ਦੀ ਮੌਤ ਇਕ ਦੁਖਦਾਈ ਘਟਨਾ--ਜਥੇ:ਅਵਤਾਰ ਸਿੰਘ
ਅੰਮ੍ਰਿਤਸਰ-8 ਨਵੰਬਰ (ਕਿੰਗ//ਪੰਜਾਬ ਸਕਰੀਨ ): ਜਥੇ.ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਵੈਂਟਰੀ ਦੇ ਟ੍ਰਿਟਨੀ ਸਟਰੀਟ ਦੇਸਥਾਨ ਪੁਰ 80 ਸਾਲਾ ਬਜ਼ੁਰਗ ਸ.ਜੋਗਿੰਦਰ ਸਿੰਘ ਜੋ ਕਾਰੋਲ ਮਿਲਰਚੈੱਪ ਨਾਮ ਦੀ ਗੋਰੀ ਵਲੋਂ ਕੀਤੇ ਨਸਲੀ ਹਮਲੇ ਕਾਰਨ ਜ਼ਖਮੀ ਹੋ ਗਿਆ ਸੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਦਫ਼ਤਰ ਤੋਂ ਜਾਰੀ ਪ੍ਰੇਸ ਨੋਟ ਰਾਹੀਂ ਜਥੇ.ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਕਮੇਟੀ ਨੇ ਕਿਹਾ ਕਿ ਸ.ਜੋਗਿੰਦਰ ਸਿੰਘ ਦੀ ਮੌਤ ਇਕ ਦੁੱਖਦਾਇਕ ਅਤੇ ਅਤੀ ਨਿੰਦਣਯੋਗ ਘਟਨਾ ਹੈ।ਉਨ੍ਹਾ ਕਿਹਾ ਕਿ ਸਿੱਖ-ਕੌਮ ਸਰਬੱਤ ਦਾ ਭਲਾ ਕਰਨ ਵਾਲੀ ਮਿਹਨਤੀ,ਨਿਡਰ,ਬਹਾਦਰ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੀ ਕੌਮ ਹੈ।ਪਰ ਅੱਜ ਦੇਸ਼-ਵਿਦੇਸ਼ ਵਿਚ ਕਿਤੇ ਵੀ ਸਿੱਖ ਸੁਰੱਖਿਅਤ ਨਹੀਂ।ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਂਦਰ ਸਰਕਾਰ ਨੂੰ ਇਸ ਪ੍ਰਤੀ ਵਿਦੇਸ਼ੀ ਸਰਕਾਰਾਂ ਨੂੰ ਜਲਦੀ ਸੁਚੇਤ ਕਰਨਾ ਚਾਹੀਦਾ ਹੈ ਤਾਂ ਜੋ ਦਿਨ-ਬ-ਦਿਨ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਲੰਡਨ ਦੀ ਸਰਕਾਰ ਨੂੰ ਇਸ ਘਟਨਾ ਸਬੰਧੀ ਤੁਰੰਤ ਫੈਸਲਾ ਲੈ ਕੇ ਦੋਸ਼ੀ ਔਰਤ ਵਿਰੁੱਧ ਕਾਨੂੰਨੀ ਕਾਰਵਾਈ ਅਨੁਸਾਰ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਸੀ।ਪਰ ਉਸਨੇ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਤਾਂ ਕੀਤਾ ਪਰ ਸਜ਼ਾ ਸੁਨਾੳਣ ਵਿੱਚ ਦੇਰੀ ਲਗਾ ਦਿੱਤੀ।ਉਨ੍ਹਾਂ ਕਿਹਾ ਕਿ ਲੰਡਨ ਦੇ ਕਵੈਂਟਰੀ ਦੇ ਟ੍ਰਿਟਨੀ ਸਟਰੀਟ ਵਿੱਚ ਸਿੱਖ ਨਸਲਕੁਸ਼ੀ ਦਾ ਇਹ ਪਹਿਲਾ ਹਮਲਾ ਨਹੀਂ ਬਲਕਿ ਦੂਸਰੇ ਵਿਦੇਸ਼ੀ ਮੁਲਕਾਂ ਜਿਵੇਂ ਅਮਰੀਕਾ ਦੇ ਸ਼ਹਿਰ ਓਕ ਕਰੀਕ ਵਿਖੇ ਗੁਰਦੁਆਰਾ ਸਾਹਿਬ ਅੰਦਰ ਸੈਂਕੜੇ ਲੋਕਾਂ ਤੇ ਅੰਨੇਵਾਹ ਫਾਇਰਿੰਗ ਕਰਕੇ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਤੇ 20 ਤੋਂ ਜਿਆਦਾ ਲੋਕਾਂ ਨੂੰ ਜ਼ਖਮੀ ਕਰਕੇ ਬੰਧਕ ਬਣਾਇਆ ਜਾਣਾ।ਇਸੇ ਤਰ੍ਹਾਂ ਕੈਲੋਫੋਰਨੀਆ ਦੇ ਸ਼ਹਿਰ ਫਰੈਂਸਕੋ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚੋਂ ਦਰਸ਼ਨ ਕਰਕੇ ਬਾਹਰ ਆ ਰਹੇ 85 ਸਾਲਾ ਬਜ਼ੁਰਗ ਸ.ਪਿਆਰਾ ਸਿੰਘ ਉੱਪਰ ਇਕ ਗਿਲਬਰਟ ਗਾਰਸੀਆ ਨਾਮ ਦੇ ਗੋਰੇ ਵਿਅਕਤੀ ਵਲੋਂ ਹਮਲਾ ਕੀਤਾ ਜਾਣਾ ਅਤੇ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆਂ ਦੇ ਹੀ ਸਿੱਖ ਡਰਾਇਵਰ ਸ.ਸਲਵਿੰਦਰ ਸਿੰਘ ਤੇ ਇਕ ਗੋਰੇ ਵਿਅਕਤੀ ਵਲੋਂ ਹਮਲਾ ਕਰਨਾ ਵੀ ਸਿੱਖ ਨਸਲਕੁਸ਼ੀ ਦਾ ਸਬੂਤ ਹੈ।ਉਨ੍ਹਾਂ ਸਾਰੇ ਸਿੱਖ ਭਾਈਚਾਰੇ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ ਵਿਚ ਵਸਦਾ ਹਰ ਸਿੱਖ ਉਥੋਂ ਦੇ ਬਾਸ਼ਿੰਦਿਆਂ ਅਤੇ ਸਰਕਾਰਾਂ ਨੂੰ ਸਿੱਖ-ਕੌਮ ਪ੍ਰਤੀ ਜਾਗਰੂਕ ਕਰਨ ਅਤੇ ਉਥੋਂ ਦੀਆਂ ਸਰਕਾਰਾਂ ‘ਤੇ ਸਿੱਖਾਂ ਵਿਰੋਧੀ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਜ਼ੋਰ ਪਾਉਣ।

No comments: