Sunday, November 03, 2013

ਕੈਂਸਰ ਦੀ ਜੰਗ ਵਿੱਚ ਹਾਰ ਗਈ ਰੇਸ਼ਮਾ

ਉਸਦੀ ਮੌਤ ਦਾ ਇਸ਼ਾਰਾ ਪੰਜਾਬੀ ਟ੍ਰਿਬਿਊਨ ਨੇ ਅਪ੍ਰੈਲ 'ਚ ਹੀ ਦੇ ਦਿੱਤਾ ਸੀ 
ਰੇਸ਼ਮਾ ਦੀ ਗੱਲ ਕਰਦਿਆਂ…                                                   -ਸਵਰਨ ਸਿੰਘ ਟਹਿਣਾ
Posted On April - 27 - 2013
ਗਾਇਕੀ ਖੇਤਰ ਦੀ ਅਜ਼ੀਮ ਸ਼ਖ਼ਸੀਅਤ ਜਿਸ ਨੇ ਜ਼ਿੰਦਗੀ ਨਿਰਬਾਹ ਲਈ ਗਾਇਕੀ ਖੇਤਰ ਨੂੰ ਅਜਿਹਾ ਚੁਣਿਆ ਕਿ ਇਹੀ ਉਸ ਦਾ ਹਾਸਲ ਬਣ ਗਿਆ,ਅੱਜ ਲਹਿੰਦੇ ਪੰਜਾਬ ਵਿਚਲੇ ਲਾਹੌਰ ਦੇ ਹਸਪਤਾਲ ਵਿੱਚ ਜ਼ਿੰਦਗੀ-ਮੌਤ ਦੀ ਜੰਗ ਲੜ ਰਹੀ ਹੈ। ਕੋਈ ਵਿਰਲਾ-ਟਾਂਵਾਂ ਉਹਦਾ ਪਤਾ ਲੈਣ ਜਾਂਦੈ ਤੇ ਹੱਡੀਆਂ ਦੀ ਮੁੱਠ ਬਣ ਚੁੱਕੇ ਸਰੀਰ ਵੱਲ ਦੇਖ ਉਸ ਦੇ ਕੱਲ੍ਹ ਤੇ ਅੱਜ ਵਿਚਲਾ ਅੰਤਰ ਸਾਫ਼ ਦਿਸਣ ਲੱਗਦੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਆਪਸੀ ਸਾਂਝ ਬਾਰੇ ਜਿੰਨਾ ਕੁਝ ਲਿਖਿਆ ਜਾਵੇ, ਘੱਟ ਏ ਤੇ ਜਿੰਨਾ ਬੋਲਿਆ ਜਾਵੇ, ਥੋਡ਼੍ਹਾ ਏ ਪਰ ਜਦੋਂ ਦੋਵਾਂ ਪਾਸਿਆਂ ਦੇ ਕਲਾਕਾਰਾਂ ’ਤੇ ਵਕਤ ਦਾ ਝੱਖੜ ਝੁੱਲਦਾ ਹੈ ਤਾਂ ਸੂਖ਼ਮ ਭਾਵੀ ਲੋਕਾਂ ਦਾ ਪਿਘਲਣਾ ਕੁਦਰਤੀ ਹੈ। ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾ ਦੀ। ਉਸ ਨਾਲ ਮੇਲ ਕਦੇ ਨਹੀਂ ਹੋਇਆ, ਬਸ ਗੀਤਾਂ ਜ਼ਰੀਏ ਇੰਜ ਜਾਪਿਐ ਜਿਵੇਂ ਉਸ ਨਾਲ ਪਰਿਵਾਰਕ ਸਾਂਝ ਹੋਵੇ। ਭੋਲ਼ੇ ਚਿਹਰੇ, ਸਾਦੀਆਂ ਗੱਲਾਂ, ਮੂੰਹ ਫੱਟ ਬੋਲਾਂ ਵਾਲੀ ਰੇਸ਼ਮਾ ਕਦਰਦਾਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਹੀ ਜਾਪਦੀ ਹੈ। ਉਸ ਦੀਆਂ ਉਦਾਸੀ ਵਾਲੀਆਂ ਮੁਲਾਕਾਤਾਂ ਵੱਖ-ਵੱਖ ਟੀ.ਵੀ. ਚੈਨਲਾਂ ਤੋਂ ਕਈ ਵਾਰ ਦੇਖੀਆਂ ਨੇ, ਜਿਨ੍ਹਾਂ ਵਿੱਚ ਉਹ ਆਪਣਾ ਦਰਦ ਬਿਆਨ ਕਰਦੀ ਰਹੀ ਹੈ ਪਰ ਅੱਜ ਉਸ ਦੀ ਹਾਲਤ ਏਨੀ ਨਾਜ਼ਕ ਹੈ ਕਿ ਕਿਸੇ ਵੀ ਵੇਲੇ ਕੋਈ ਮਾੜੀ ਖ਼ਬਰ ਆ ਸਕਦੀ ਹੈ। ਕੈਂਸਰ ਦੀ ਬੀਮਾਰੀ ਨੇ ਉਸ ਨੂੰ ਅਜਿਹਾ ਘੇਰਿਆ ਕਿ ਉਸ ਦੀ ਗਾਇਕੀ ਛੁੱਟ ਗਈ ਤੇ ਜ਼ਿੰਦਗੀ ਦੀ ਡੋਰ ਵੀ ਨਾ ਛੁੱਟ ਜਾਵੇ, ਇਸ ਦਾ ਫ਼ਿਕਰ ਸਤਾ ਰਿਹੈ। ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਅਖ਼ਬਾਰ ਉਸ ਦੀ ਹਾਲ ਬਿਆਨੀ ਕਰ ਰਹੇ ਨੇ, ਸ਼ੌਕਤ ਅਲੀ ਸਮੇਤ ਪਾਕਿਸਤਾਨ ਦੇ ਕਈ ਮਸ਼ਹੂਰ ਗਾਇਕ ਉਸ ਦਾ ਹਾਲ-ਚਾਲ ਪੁੱਛਣ ਹਸਪਤਾਲ ਗਏ, ਜਿਨ੍ਹਾਂ ਦੀਆਂ ਖ਼ਬਰਾਂ ਵੀ ਬਣੀਆਂ ਤੇ ਸਭ ਦੀਆਂ ਨਮ ਅੱਖਾਂ ਇਹ ਦੱਸਣ ਲਈ ਕਾਫ਼ੀ ਸਨ ਕਿ ਕੁਦਰਤ ਅਜਿਹਾ ਕਹਿਰ ਵੈਰੀ ’ਤੇ ਵੀ ਨਾ ਕਮਾਵੇ।
Courtesy Photo
ਰੇਸ਼ਮਾ ਦਾ ਪਿਛੋਕੜ, ਗਾਇਕੀ ਨਾਲ ਜੁੜਨ ਦਾ ਸਬੱਬ ਤੇ ਮੋਹਰਲੀ ਕਤਾਰ ਦੀ ਗਾਇਕਾ ਹੁੰਦਿਆਂ ਵੀ ਸਭ ਕੁਝ ਤੋਂ ਬੇਖ਼ਬਰ ਰਹਿਣਾ ਦੱਸ ਦਿੰਦੈ ਕਿ ਕੁਝ ਕਲਾਕਾਰ ਅਜਿਹੇ ਹੁੰਦੇ ਨੇ, ਜਿਹੜੇ ‘ਖਾਸ’ ਹੁੰਦਿਆਂ ‘ਆਮ’ ਬਣੇ ਰਹਿੰਦੇ ਨੇ। ਪੜ੍ਹਨਾ-ਲਿਖਣਾ ਰੇਸ਼ਮਾ ਹਿੱਸੇ ਨਾ ਆਇਆ ਕਿਉਂਕਿ ਪਰਿਵਾਰਕ ਮਾਹੌਲ ਹੀ ਅਜਿਹਾ ਸੀ ਪਰ ਫੇਰ ਵੀ ਜਿਸ ਤਰ੍ਹਾਂ ਉਸ ਨੇ ਗੀਤਾਂ ਨੂੰ ਕੰਠ ਕੀਤਾ ਤੇ ਉਹ ਰਿਕਾਰਡ ਹੁੰਦਿਆਂ ਜਿਵੇਂ ਪੂਰੀ ਦੁਨੀਆਂ ਵਿੱਚ ਉਸ ਦੀ ਮਸ਼ਹੂਰੀ ਹੋਈ, ਅਲੋਕਾਰੀ ਪ੍ਰਾਪਤੀ ਹੈ। ਇੱਕ ਚੈਨਲ ’ਤੇ ਮੁਲਾਕਾਤ ਦੌਰਾਨ ਰੇਸ਼ਮਾ ਨੇ ਦੱਸਿਆ ਸੀ, ‘‘ਪਹਿਲੀ ਵਾਰ ਜਦੋਂ ਇੱਕ ਅਖ਼ਬਾਰ ਵਿੱਚ ਫੋਟੋ ਛਪੀ ਤਾਂ ਮੈਂ ਡਰ ਗਈ ਕਿ ਕਿਤੇ ਮਾਪੇ ਤੇ ਬਰਾਦਰੀ ਇਹ ਨਾ ਸੋਚਣ ਕਿ ਮੈਂ ਕੀ ਚੰਦ ਚਾੜ੍ਹ ਦਿੱਤੈ…ਪਰ ਫੇਰ ਹੌਲੀ-ਹੌਲੀ ਰੇਡੀਓ ’ਤੇ ਗਾਉਣ ਦੀ ਖੁੱਲ੍ਹ ਹੋ ਗਈ। ਬਰਾਦਰੀ ਤੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤੇ ਫੇਰ ਸਰਹੱਦਾਂ ਤੋਂ ਪਾਰ ਗੱਲਾਂ ਹੋਣ ਲੱਗੀਆਂ। ਉਸ ਤੋਂ ਬਾਅਦ ਵਿਦੇਸ਼ੀ ਦੌਰੇ ਸ਼ੁਰੂ ਹੋ ਗਏ…ਤੇ ਪਤਾ ਨਹੀਂ ਕਿਵੇਂ ਲੋਕ ਰੇਸ਼ਮਾ..ਰੇਸ਼ਮਾ ਕਹਿ ਵਡਿਆਉਣ ਲੱਗ ਗਏ।’’ ਕੁਝ ਸਾਲ ਪਹਿਲਾਂ ਉਸ ਨੂੰ ਡਾਕਟਰਾਂ ਦੱਸਿਆ ਕਿ ਤੁਹਾਨੂੰ ਕੈਂਸਰ ਹੈ ਤੇ ਉਦੋਂ ਤੋਂ ਗਾਉਣਾ ਲਾਂਭੇ ਹੋ ਗਿਆ। ਇਲਾਜ ਚੱਲਣ ਲੱਗਿਆ ਤੇ ਕੈਂਸਰ ਦੇ ਮਰੀਜ਼ ਦਾ ਹਾਲ ਕੀਮੋਥਰੈਪੀਆਂ ਤੇ ਹੋਰ ਪ੍ਰਣਾਲੀਆਂ ਵਿੱਚੋਂ ਗੁਜ਼ਰਦਿਆਂ ਕੇਹਾ ਹੋ ਜਾਂਦੈ, ਸਭ ਜਾਣਦੇ ਹੀ ਨੇ। ਦੁੱਖ ਹੈ ਕਿ ਕੈਂਸਰ ਦਾ ਇਹ ਚੰਦਰਾ ਰੋਗ ਕੀਮਤੀ ਜਾਨਾਂ ਖਾ ਰਿਹੈ। ਰੋਜ਼ਾਨਾ ਅਖ਼ਬਾਰਾਂ, ਰਸਾਲਿਆਂ ਦੇ ਭਰੇ ਸਫ਼ੇ ਦੱਸਦੇ ਨੇ ਕਿ ਇਹ ਬੀਮਾਰੀ ਕਿਵੇਂ ਪੈਰ ਪਸਾਰਦੀ ਜਾ ਰਹੀ ਏ। ਕਿੰਨੇ ਹੀ ਆਮ ਤੇ ਖਾਸ ਲੋਕ ਇਸ ਦੀ ਭੇਟ ਚੜ੍ਹ ਚੁੱਕੇ ਨੇ। ਕੁਝ ਸਮਾਂ ਪਹਿਲਾਂ ਗਾਇਕਾ ਪਰਮਿੰਦਰ ਸੰਧੂ ਤੇ ਫੇਰ ਉੱਘੇ ਗਾਇਕ ਕਰਨੈਲ ਗਿੱਲ ਦੀ ਅਖੀਰ ਦਾ ਕਾਰਨ ਵੀ ਇਹ ਬੀਮਾਰੀ ਬਣੀ। ਪਾਕਿਸਤਾਨੀ ਸਰਕਾਰ ਨੇ ਰੇਸ਼ਮਾ ਦਾ ਇਲਾਜ ਆਪਣੇ ਪੱਧਰ ’ਤੇ ਕਰਾਉਣ ਦੀ ਗੱਲ ਕਹੀ ਹੈ ਤੇ ਉਸ ਨੂੰ ਦਸ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਦਾ ਵਚਨ ਵੀ ਕੀਤਾ ਹੈ। ਸਭ ਦੀਆਂ ਦੁਆਵਾਂ ਉਸ ਦੇ ਨਾਲ ਹਨ ਪਰ ਰੋਗ ਦੇ ਇਸ ਪੜਾਅ ’ਤੇ ਦੁਆਵਾਂ ਤੇ ਦਵਾਵਾਂ ਬਹੁਤਾ ਅਸਰ ਨਹੀਂ ਕਰਦੀਆਂ। ਇਹ ਸਭ ਲਿਖਦਿਆਂ ਉਸ ਦੇ ‘ਲੰਬੀ ਜੁਦਾਈ’ ਤੇ ‘ਹਾਇ ਓ ਰੱਬਾ ਨਹੀਂਓਂ ਲੱਗਦਾ ਦਿਲ ਮੇਰਾ, ‘ਵੇ ਮੈਂ ਚੋਰੀ ਚੋਰੀ’ ਤੇ ‘ਦਮਾ ਦਮ ਮਸਤ ਕਲੰਦਰ’ ਗੀਤ ਚੇਤੇ ਆ ਰਹੇ ਨੇ। ਰੇਸ਼ਮਾ ਬੀਮਾਰੀ ਨਾਲ ਲੜ ਰਹੀ ਹੈ ਤੇ ਉਸ ਦੇ ਹਾਲਾਤ ਬਾਰੇ ਗਾਹੇ-ਬਗਾਹੇ ਖ਼ਬਰਾਂ ਛਪ ਰਹੀਆਂ ਨੇ। ਦੁੱਖ ਦੀ ਗੱਲ ਹੈ ਕਿ ਚੰਗੇ ਕਲਾਕਾਰ ਸਾਡਾ ਸਾਥ ਛੱਡ ਰਹੇ ਨੇ, ਜਿਨ੍ਹਾਂ ਦੀ ਮਖ਼ਮਲੀ ਆਵਾਜ਼ ਕਦੇ ਚੇਤੇ ਦੀ ਚੰਗੇਰ ’ਚੋਂ ਉੱਤਰ ਨਹੀਂ ਸਕਦੀ।
ਕੈਂਸਰ ਦੀ ਜੰਗ ਵਿੱਚ ਹਾਰ ਗਈ ਰੇਸ਼ਮਾ

ਰੇਸ਼ਮਾ ਦੀ ਗੱਲ ਕਰਦਿਆਂ…    

No comments: