Tuesday, November 12, 2013

ਤਨਖਾਹ ਮੰਗੀ ਤਾਂ ਮਾਲਕ ਨੇ ਕੁੱਟ ਕੁੱਟ ਕੇ ਮਾਰ ਦਿੱਤਾ

ਇਹ ਹੈ ਲੁਧਿਆਣਾ ਵਿੱਚ ਕਿਰਤੀਆਂ ਦੀ ਤਰਸਯੋਗ ਹਾਲਤ 
ਮੌਤ ਦਾ ਸ਼ਿਕਾਰ ਹੋਏ ਸੋਨੂੰ ਦੀ ਮਾਮੀ ਦੀਪਾ ਬਹੁਤ ਸਦਮੇ ਵਾਲੀ ਹਾਲਤ ਵਿੱਚ ਹੈ। ਉਸਨੂੰ ਬਾਰ ਬਾਰ ਪਾਣੀ ਦੇ ਛੱਟੇ ਮਾਰ ਕੇ ਹੋਸ਼ ਵਿੱਚ ਲਿਆਉਣ ਪੈਂਦਾ ਹੈ। ਉਸਦਾ ਕਹਿਣਾ ਹੈ ਕਿ ਉਹ ਮੌਤ ਦੇ ਬਦਲੇ ਮੌਤ ਚਾਹੁੰਦੀ ਹੈ। 
ਲੁਧਿਆਣਾ: 11 ਨਵੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਐਤਵਾਰ ਨੂੰ ਆਮਤੌਰ ਤੇ ਲੋਕ ਛੁੱਟੀ ਮਨਾਉਂਦੇ ਹਨ, ਆਪਣਾ ਥਕੇਵਾਂ ਲਾਹੁੰਦੇ ਹਨ ਜਾਂ ਫੇਰ ਮੌਜ ਮਸਤੀ ਕਰਦੇ ਹਨ ਪਰ ਦੱਸ ਨਵੰਬਰ 2013 ਦੀ ਤਾਰੀਖ ਨੂੰ ਆਇਆ ਐਤਵਾਰ ਬਿਹਾਰ ਤੋਂ ਪੰਜਾਬ ਆਏ ਨੌਜਵਾਨ ਸੋਨੂ ਯਾਦਵ ਲਈ ਜਾਨਲੇਵਾ ਸਾਬਿਤ ਹੋਇਆ ਕਿਓਂਕਿ ਉਸਨੇ ਉਸ ਦਿਨ ਛੁੱਟੀ ਹੋਣ ਦੇ ਬਾਵਜੂਦ ਫੈਕਟਰੀ ਵਿੱਚ ਓਵਰਟਾਈਮ ਵੱਜੋ ਕੰਮ ਵੀ ਕੀਤਾ ਅਤੇ ਕੰਮ ਮਗਰੋਂ ਆਪਣੀ ਤਿੰਨਾਂ ਮਹੀਨਿਆਂ ਤੋਂ ਰੁਕੀ ਹੋਈ ਤਨਖਾਹ ਵੀ ਮੰਗ ਲਈ। ਬਾਸ ਇਸ ਕਸੂਰ ਬਦਲੇ ਫੈਕਟਰੀ ਮਾਲਕ ਨੇ ਉਸ ਨੂੰ ਕੁਝ ਹੋਰ ਵਿਅਕਤੀਆਂ ਨਾਲ ਰਲ ਕੇ ਏਨਾ ਕੁੱਟਿਆ ਕਿ ਉਸਦੀ ਮੌਤ ਹੋ ਗਈ। ਜਦੋਂ ਸੋਨੂੰ ਦੇ ਰਿਸ਼ਤੇਦਾਰ ਅਤੇ ਸਾਥੀ ਉਸਨੂੰ ਬੇਹੋਸ਼ ਸਮਝਕੇ ਡਾਕਟਰ ਕੋਲ ਲੈ ਕੇ ਗਾਏ ਤਾਂ ਡਾਕਟਰ ਨੇ ਮੁਢਲੀ ਜਾਂਚ ਮਗਰੋਂ ਦੇਖਦਿਆਂ ਹੀ ਉਸਦੇ ਮਿਰਤਕ ਹੋਣ ਦੀ ਪੁਸ਼ਟੀ ਕਰ ਦਿੱਤੀ। ਅਜੀਬ ਦੁਖਾਂਤ ਹੈ ਕਿ ਇਸ ਇਲਾਕੇ ਵਿੱਚ ਨਾਂ ਤਾਂ ਕਾਮਰੇਡਾਂ ਦੀ ਕੋਈ ਟਰੇਡ ਯੂਨੀਅਨ ਹੈ, ਨਾ ਹੀ ਬੀਜੇਪੀ ਦੀ, ਨਾ ਹੀ ਕਾਂਗਰਸ ਦੀ ਅਤੇ ਨਾ ਹੀ ਅਕਾਲੀਆਂ ਦੀ। ਇਸ ਮੌਤ ਨੇ ਇੱਕ ਵਾਰ ਫੇਰ ਸਨਅਤੀ ਖੇਤਰਾਂ ਵਿਚਲੇ ਗੈਰਸੰਗਠਿਤ ਮਜ਼ਦੂਰਾਂ ਦੀ ਅਣਸੁਰੱਖਿਅਤ ਅਤੇ ਤਰਸਯੋਗ ਹਾਲਤ ਤੇ ਚਾਨਣਾ ਪਾਇਆ ਹੈ। ਐਤਵਾਰ ਦੀ ਰਾਤ ਨੂੰ ਨੀਚੀ ਮੰਗਲੀ ਪਿੰਡ 'ਚ ਪੈਂਦੀ ਇਕ ਨਿੱਕਲ ਫੈਕਟਰੀ ‘ਚ ਕੰਮ ਕਰਦੇ ਇਸ ਨੌਜਵਾਨ ਮਜ਼ਦੂਰ ਸੋਨੂੰ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਗੁੱਸਾ, ਗਮ ਅਤੇ ਸਹਿਮ ਛਾਇਆ ਹੋਇਆ ਹੈ। ਮ੍ਰਿਤਕ ਦੀ ਪਛਾਣ ਥਾਣਾ ਅਲੋਲੀ, ਜ਼ਿਲਾ ਖੱਗੜੀਆ (ਬਿਹਾਰ) ਵੱਜੋਂ ਹੋਈ ਹੈ। 
ਅੱਜਕਲ੍ਹ ਸੋਨੂੰ ਆਪਣੇ ਮਾਮੇ ਕੋਲ ਰਹਿ ਰਿਹਾ ਸੀ। ਪ੍ਰੀਮੀਅਰ ਕੰਪਲੈਕਸ, ਸੂਆ ਰੋਡ, ਮੰਗਲੀ-ਨੀਚੀ ਦੇ ਰਹਿਣ ਵਾਲੇ ਸੋਨੂੰ ਕੁਮਾਰ ਯਾਦਵ ਦਾ ਪਿਤਾ ਰਾਜ ਕਿਸ਼ੋਰ ਆਪਣੇ ਪਿੰਡੋਂ ਚੱਲ ਚੁੱਕਿਆ ਹੈ ਅਤੇ ਮੰਗਲਵਾਰ ਨੂੰ ਕਿਸੇ ਵੀ ਵੇਲੇ ਲੁਧਿਆਣਾ ਪਹੁੰਚ ਸਕਦਾ ਹੈ। ਉਸਦੇ ਆਉਣ ਤੇ ਹੀ ਸੋਨੂੰ ਦਾ ਅੰਤਿਮ ਸੰਸਕਾਰ ਹੋਣਾ ਹੈ। ਮਜ਼ਦੂਰ ਦੀ ਮੌਤ ਤੋਂ ਬਾਅਦ ਫੈਕਟਰੀ ਮਾਲਕ ਆਪਣੀ ਫੈਕਟਰੀ ਨੂੰ ਤਾਲਾ ਮਾਰ ਕੇ ਫਰਾਰ ਹੋ ਗਿਆ ਹੈ। ਮਾਮਲੇ ਦੀ ਸੂਚਨਾ ਪਾ ਕੇ ਏ. ਸੀ. ਪੀ. ਸਾਹਨੇਵਾਲ ਲਖਵੀਰ ਸਿੰਘ ਟਿਵਾਣਾ ਅਤੇ ਥਾਣਾ ਸਾਹਨੇਵਾਲ ਦੇ ਇੰਚਾਰਜ ਕੁਲਵੰਤ ਸਿੰਘ ਆਪਣੀਆਂ ਪੁਲਸ ਪਾਰਟੀਆਂ ਸਮੇਤ ਮੌਕੇ ‘ਤੇ ਪੁੱਜੇ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਮਾਮੇ ਦੇ ਬਿਆਨਾਂ ‘ਤੇ ਫੈਕਟਰੀ ਮਾਲਕ ਸੰਜੇ ਕੁਮਾਰ ਵਾਸੀ ਮੂੰਡੀਆਂ ਖੁਰਦ, ਲੁਧਿਆਣਾ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕ ਦੇ ਮਾਮੇ ਸਿਕੰਦਰ ਕੁਮਾਰ ਯਾਦਵ ਨੇ ਦੱਸਿਆ ਕਿ ਉਸਦਾ ਭਾਣਜਾ ਸੋਨੂੰ ਯਾਦਵ ਲਗਭਗ ਦੋ ਸਾਲਾਂ ਤੋਂ ਕੰਮ ਦੀ ਤਲਾਸ਼ ‘ਚ ਉਸਦੇ ਕੋਲ ਆ ਕੇ ਰਹਿ ਰਿਹਾ ਸੀ। ਇਸ ਦੌਰਾਨ ਲਗਭਗ ਛੇ ਮਹੀਨੇ ਪਹਿਲਾਂ ਉਹ ਸਥਾਨਕ ਮੁਹੱਲੇ ‘ਚ ਸਥਿਤ ਇਕ ਨਿੱਕਲ ਫੈਕਟਰੀ ‘ਚ ਕੰਮ ‘ਤੇ ਲੱਗ ਗਿਆ। ਪਹਿਲੇ ਤਿੰਨ ਮਹੀਨੇ ਤਾਂ ਮਾਲਕ ਨੇ ਸੋਨੂੰ ਨੂੰ ਸਮੇਂ ਸਿਰ ਤਨਖਾਹ ਦਿੱਤੀ ਪਰ ਪਿਛਲੇ ਤਿੰਨ ਮਹੀਨੇ ਤੋਂ ਫੈਕਟਰੀ ਮਾਲਕ ਸੋਨੂੰ ਨੂੰ ਕਥਿਤ ਤਨਖਾਹ ਨਹੀਂ ਦੇ ਰਿਹਾ ਸੀ, ਜਿਸ ਸਬੰਧੀ ਬੀਤੀ ਰਾਤ ਕਰੀਬ ਉਹ ਆਪਣੇ ਮਾਲਕ ਨੂੰ ਤਨਖਾਹ ਲਈ ਕਹਿਣ ਲੱਗਾ ਤਾਂ ਉਸਦੇ ਮਾਲਕ ਨੇ ਸੋਨੂੰ ਨਾਲ ਕਥਿਤ ਤੌਰ ‘ਤੇ ਬੁਰੀ ਤਰ੍ਹਾਂ ਮਾਰਕੁੱਟ ਸ਼ੁਰੂ ਕਰ ਦਿੱਤੀ, ਜਿਸ ‘ਚ ਉਸਦਾ ਕਥਿਤ ਸਾਥ ਉਸਦੇ ਦੋ-ਤਿੰਨ ਹੋਰ ਸਾਥੀਆਂ ਨੇ ਵੀ ਦਿੱਤਾ। ਸਿਕੰਦਰ ਯਾਦਵ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਫੈਕਟਰੀ ਮਾਲਕ ਸੋਨੂੰ ਦੀ ਕੁੱਟਮਾਰ ਕਰ ਰਿਹਾ ਸੀ ਤਾਂ ਮੇਰੀ ਪਤਨੀ ਦੀਪਾ ਵੀ ਮੌਕੇ ‘ਤੇ ਪਹੁੰਚ ਗਈ ਅਤੇ ਅਸੀਂ ਦੋਹਾਂ ਨੇ ਫੈਕਟਰੀ ਮਾਲਕ ਨੂੰ ਸੋਨੂੰ ਦੀ ਕਥਿਤ ਕੁੱਟਮਾਰ ਕਰਨ ਤੋਂ ਰੋਕਣ ਲਈ ਸੰਜੇ ਸਿੰਘ ਦੀਆਂ ਬਹੁਤ ਮਿੰਨਤਾਂ ਤਰਲੇ ਕੀਤੇ।  ਇਸਦੇ ਬਾਵਜੂਦ ਫੈਕਟਰੀ ਮਾਲਕ ਸੋਨੂੰ ਨੂੰ ਵੀ ਕੁੱਟਦਾ ਰਿਹਾ ਅਤੇ ਨਾਲ ਮੈਨੂੰ ਅਤੇ ਮੇਰੀ ਪਤਨੀ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ।ਇਸ ਮਾਰ੍ਕੁਉਤ ਕਾਰਨ ਸੋਨੂੰ ਦੀ ਮਾਮੀ ਦੀਪਾ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਓਧਰ ਫੈਕਟਰੀ ਅੱਗੇ ਇਕੱਠੇ ਹੋਏ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਅਤੇ ਮਜ਼ਦੂਰ ਸਾਥੀਆਂ ਨੇ ਫੈਕਟਰੀ ਮਾਲਕ ਅਤੇ ਸਾਥੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਹ ਭਰਿਆ ਰੋਸ ਵਖਾਵਾ ਕੀਤਾ। 
ਇਹ ਹੈ ਉਹ ਨੌਜਵਾਨ ਜਿਸਨੇ ਸੋਨੂੰ ਨਾਲ ਹੋਈ ਮਾਰਕੁੱਟ ਅਤੇ ਉਸ ਮਾਰਕੁੱਟ ਕਾਰਣ ਹੋਈ ਮੌਤ ਵਾਲੇ ਸਾਰੇ ਘਟਨਾਕ੍ਰਮ ਦਾ ਭੂਤ ਕੁਝ ਆਪਣੀ ਅੱਖੀਂ ਦੇਖਿਆ 


No comments: