Sunday, November 17, 2013

ਕਾਂਗਰਸ ਨੇ ਫਿਰ ਕੁਰੇਦੇ ਸਿੱਖਾਂ ਦੇ ਜਖ਼ਮ-ਜਥੇ. ਅਵਤਾਰ ਸਿੰਘ

ਅਸਲੀ ਚੇਹਰਾ ਫਿਰ ਬੇਨਕਾਬ:ਸੱਜਣ ਕੁਮਾਰ ਦੇ ਪੁੱਤਰ ਨੂੰ ਕਾਂਗਰਸ ਟਿਕਟ
ਅੰਮ੍ਰਿਤਸਰ: 16 ਨਵੰਬਰ 2013:(ਕਿੰਗ//ਇੰਦਰ ਮੋਹਣ ਸਿੰਘ 'ਅਨਜਾਣ'//ਪੰਜਾਬ ਸਕਰੀਨ):ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਪੁੱਤਰ ਜਗਪ੍ਰਵੇਸ਼ ਕੁਮਾਰ ਨੂੰ ਸੰਗਮ ਵਿਹਾਰ ਤੋਂ ਟਿਕਟ ਦੇ ਕੇ ਸਿੱਖਾਂ ਦੇ ਜਖ਼ਮ ਇਕ ਵਾਰ ਫੇਰ ਖੁਰੇਦ ਦਿੱਤੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਕੀਤਾ।
ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ 2009 ਵਿੱਚ 1984 ਦੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਤੇ ਟਾਈਟਲਰ ਦੀ ਲੋਕ ਸਭਾ ਟਿਕਟ ਸੜਕਾਂ ਤੇ ਮੋਰਚਾ ਲਗਾ ਕੇ ਕਟਵਾਈ ਸੀ। ਉਹਨਾਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਪਹਿਲਾਂ ਉਸ ਦੇ ਭਰਾ ਤੇ ਹੁਣ ਉਸ ਦੇ ਪੁੱਤਰ ਨੂੰ ਟਿਕਟ ਦੇ ਕੇ 1984 ਦੇ ਦੰਗਾ ਪੀੜਤਾਂ ਦੇ ਜਖ਼ਮਾਂ ਤੇ ਲੂਣ ਛਿੜਕਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਿੱਖ ਕੌਮ ਪ੍ਰਤੀ ਕਿੰਨੀ ਕੁ ਸੁਹਿਰਦ ਹੈ, ਇਹ ਝੂਠ ਦਾ ਨਕਾਬ ਚਿਹਰੇ ਤੋਂ ਉੱਤਰ ਗਿਆ ਹੈ। ਉਸ ਨੇ 84 ਦੇ ਦੰਗਾ ਪੀੜਤਾਂ ਨਾਲ 29 ਸਾਲ ਬੀਤ ਜਾਣ ਦੇ ਬਾਅਦ ਕੋਈ ਇਨਸਾਫ਼ ਨਹੀਂ ਕੀਤਾ।
ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਮੁੜ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਦਿਵਾਇਆ ਹੈ। ਉਹਨਾਂ ਸਾਰੀ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਕਾਂਗਰਸ ਦੀ ਕੂਟਨੀਤੀ ਖਿਲਾਫ਼ ਅਵਾਜ਼ ਬੁਲੰਦ ਕਰਕੇ ਹਾਅ ਦਾ ਨਾਹਰਾ ਮਾਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ 84 ਦੇ ਦੰਗੇ ਕਰਵਾਉਣ ਵਾਲੇ ਕਾਤਲਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਿਧਾਨ ਸਭਾ ਵਿੱਚ ਟਿਕਟਾਂ ਦੇਣਾ ਕਾਂਗਰਸ ਦੀ ਸ਼ਰਮਨਾਕ ਹਰਕਤ ਹੈ। 

No comments: