Tuesday, November 19, 2013

ਪੰਜਾਬੀ ਸਾਹਿਤ ਜਗਤ ਨੂੰ ਇਕ ਹੋਰ ਸਦਮਾ

Tue, Nov 19, 2013 at 4:40 PM
ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਡਾ. ਚਰਨਦਾਸ ਸਿੱਧੂ ਦਾ ਸਦੀਵੀ ਵਿਛੋੜਾ
ਪੰਜਾਬੀ ਸਾਹਿਤ ਵਿੱਚ ਸਦਮਿਆਂ ਦਾ ਦੁੱਖਦਾਈ ਸਿਲਸਿਲਾ ਜਾਰੀ ਹੈ। ਇੱਕ ਇੱਕ ਕਰਕੇ ਸਾਹਿਤ ਦੇ ਮਹਾਂਰਥੀ ਸਾਡੇ ਕੋਲੋਂ ਖੁੱਸਦੇ ਜਾ ਰਹੇ ਹਨ।  ਹੁਣ ਖਬਰ ਆਈ ਹੈ ਡਾਕਟਰ ਚਰਨਦਾਸ ਸਿਧੂ ਦੇ ਅਕਾਲ ਚਲਾਣੇ ਦੀ। ਪ੍ਰਗਤੀਸ਼ੀਲ ਲਹਿਰ ਲੈ ਉਹਨਾਂ ਦਾ ਜਾਣਾ ਇੱਕ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਇਸ ਮੌਕੇ ਤੇ ਪੰਜਾਬੀ ਸਾਹਿਤ ਅਕਾਦਮੀ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 
ਲੁਧਿਆਣਾ:19 ਨਵੰਬਰ 2013: (*ਗੁਲਜ਼ਾਰ ਸਿੰਘ ਪੰਧੇਰ):ਭਾਰਤੀ ਸਾਹਿਤ ਅਕਾਦੇਮੀ, ਭਾਰਤੀ ਸੰਗੀਤ ਨਾਟਕ ਅਕਾਦਮੀ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਨਮਾਨਤ ਦਿੱਲੀ ਵਿਚ ਪੰਜਾਬੀ ਨਾਟਕ ਦਾ ਝੰਡਾ ਬੁਲੰਦ ਕਰਨ ਵਾਲੇ ਅਤੇ ਤਿੰਨ ਦਰਜਨ ਨਾਟਕਾਂ ਦੇ ਰਚਨਹਾਰੇ ਡਾ. ਚਰਨ ਦਾਸ ਸਿੱਧੂ ਸਦੀਵੀ ਵਿਛੋੜਾ ਦੇ ਗਏ। ਅੰਗਰੇਜ਼ੀ ਦੇ ਅਧਿਆਪਕ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਆਪਣਾ ਸਾਰਾ ਜੀਵਨ ਬਤੀਤ ਕੀਤਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਡਾ. ਸਿੱਧੂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਜਿਸ ਨੂੰ ਨਿਕਟ ਭਵਿੱਖ ਵਿਚ ਪੂਰਾ ਕਰ ਸਕਣਾ ਕਠਿਨ ਜਾਪਦਾ ਹੈ।
ਉਹਨਾਂ ਦਸਿਆ ਡਾ. ਚਰਨ ਦਾਸ ਸਿੱਧੂ ਅਕਾਡਮੀ ਦੇ ਸਤਿਕਾਰਤ ਮੈਂਬਰ ਸਨ ਜਿਹਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਹੀ ਰੰਗਮੰਚ ਨਾਲ ਬਹੁਤ ਨੇੜਿਉਂ ਜੋੜਿਆ ਹੋਇਆ ਸੀ।
 ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਡਾ. ਸਿੱਧੂ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਡਾ. ਚਰਨਦਾਸ ਸਿੱਧੂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ.ਸਿੰਘ, ਡਾ. ਗੁਰਇਕਬਾਲ ਸਿੰਘ, ਪ੍ਰਿੰ. ਪ੍ਰੇਮ ਸਿੰਘ ਬਜਾਜ, ਪ੍ਰੋ. ਨਰਿੰਜਨ ਤਸਨੀਮ, ਸੁਰਿੰਦਰ ਕੈਲੇ, ਪ੍ਰੋ. ਰਵਿੰਦਰ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ, ਜਸਵੰਤ ਜ਼ਫ਼ਰ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਇੰਦਰਜੀਤਪਾਲ ਕੌਰ ਸਮੇਤ ਸਥਾਨਕ ਲੇਖਕ ਸ਼ਾਮਲ ਸਨ। ਸ਼ਰਧਾਂਜਲੀ 

(ਡਾ.) ਗੁਲਜ਼ਾਰ ਸਿੰਘ ਪੰਧੇਰ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈੱਸ ਸਕੱਤਰ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ:94647-62825
                                            

No comments: