Thursday, November 28, 2013

ਚੌਥੇ ਕਬੱਡੀ ਵਿਸ਼ਵ ਕੱਪ ਲਈ ਫਿਰ ਸਜ ਗਿਆ ਪਿੜ//ਰਣਜੀਤ ਸਿੰਘ ਪ੍ਰੀਤ

Mon, Nov 25, 2013 at 4:57 PM
ਚੌਥਾ ਵਿਸ਼ਵ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ
ਲੇਖਕ ਰਣਜੀਤ ਸਿੰਘ ਪ੍ਰੀਤ
ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਸਰਕਲ ਸਟਾਈਲ ਕਬੱਡੀ ਦਾ ਚੌਥਾ ਵਿਸ਼ਵ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਖੇਡਿਆ ਜਾਣਾਂ ਹੈ । ਜਿਸ ਵਿੱਚ 14 ਮੁਲਕਾਂ ਦੀਆਂ 20 ਟੀਮਾਂ ਹਿੱਸਾ ਲੈ ਰਹੀਆਂ ਹਨ । ਇਸ ਵਿਸ਼ਵ ਕੱਪ ਵਿੱਚ ਇਸ ਵਾਰ ਪੁਰਸ਼ ਵਰਗ ਦੀਆਂ 12 ਅਤੇ ਮਹਿਲਾ ਵਰਗ ਦੀਆਂ 8 ਟੀਮਾਂ ਸ਼ਮੂਲੀਅਤ ਕਰ ਰਹੀਆਂ ਹਨ । ਪੁਰਸ਼ ਵਰਗ ਵਿੱਚ ਭਾਰਤ, ਪਾਕਿਸਤਾਨ, ਇਰਾਨ, ਇੰਗਲੈਂਡ, ਸਪੇਨ, ਡੈਨਮਾਰਕ, ਸਕਾਟਲੈਂਡ, ਅਮਰੀਕਾ, ਕੈਨੇਡਾ, ਅਰਜਨਟੀਨਾ, ਸੀਅਰਾ ਲਿਓਨ , ਕੀਨੀਆ ਦੀਆਂ ਅਤੇ ਮਹਿਲਾ ਵਰਗ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ, ਡੈਨਮਾਰਕ, ਅਮਰੀਕਾ, ਮੈਕਸੀਕੋ, ਕੀਨੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਲ ਹਨ। ਪੁਰਸ਼ ਵਰਗ ਦੀਆਂ 12 ਟੀਮਾਂ ਨੂੰ 6-6 ਅਨੁਸਾਰ,ਅਤੇ ਮਹਿਲਾ ਵਰਗ ਦੀਆਂ 8 ਟੀਮਾਂ ਨੂੰ 4-4 ਦੇ ਹਿਸਾਬ ਨਾਲ ਏ ਅਤੇ ਬੀ ਗਰੁੱਪਾਂ ਵਿੱਚ ਵੰਡਿਆ ਗਿਆ ਹੈ । ਰਾਊਡ ਰਾਬਿਨ ਕਮ ਨਾਕ ਅਧਾਰ ਉੱਤੇ ਖੇਡੇ ਜਾਣ ਵਾਲੇ ਮੁਕਾਬਲੇ ਦੀ (ਪੁਰਸ਼ ਵਰਗ) ਜੇਤੂ ਟੀਮ ਨੂੰ 2 ਕਰੋੜ ਰੁਪਏ, ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 1 ਕਰੋੜ ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਦਿੱਤਾ ਜਾਣਾ ਹੈ। ਜਦੋਂ ਕਿ ਮਹਿਲਾ ਵਰਗ ਲਈ ਇਸ ਵਾਰੀ ਇਨਾਮੀ ਰਾਸ਼ੀ ਦੁਗੁਣੀ ਕਰਦਿਆਂ ਜੇਤੂ ਟੀਮ ਨੂੰ 1 ਕਰੋੜ ਰੁਪਏ, ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 51 ਲੱਖ ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦੋਵੇਂ ਵਰਗਾਂ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ 10-10 ਲੱਖ ਰੁਪਏ ਮਿਲਣਗੇ। ਵਧੀਆ ਜਾਫੀ ਅਤੇ ਵਧੀਆ ਧਾਵੀ ਵੀ ਵਿਸ਼ੇਸ਼ ਇਨਾਮ ਹਾਸਲ ਕਰ ਸਕਣਗੇ । 
                       ਵਿਸ਼ਵ ਕੱਪ ਦਾ 3 ਤੋਂ 12 ਅਪਰੈਲ 2010 ਤੱਕ ਪਹਿਲਾ ਮੁਕਾਬਲਾ ਹੋਇਆ ਸੀ।  ਫਾਈਨਲ ਵਿੱਚ ਲੁਧਿਆਣਾ ਵਿਖੇ ਮੰਗਤ ਸਿੰਘ ਮੰਗੀ ਦੀ ਕਪਤਾਨੀ ਵਾਲਾ ਭਾਰਤ ਪਾਕਿਸਤਾਨ ਨੂੰ 58-24 ਨਾਲ ਹਰਾ ਕੇ ਇੱਕ ਕਰੋੜੀ ਇਨਾਮ ਅਤੇ ਪਰਲਜ਼ ਕਬੱਡੀ ਕੱਪ ਹਾਸਲ ਕਰਨ ਵਿੱਚ ਸਫਲ ਰਿਹਾ। ਮੰਗੀ ਅਤੇ ਕੈਨੇਡਾ ਦਾ ਕੁਲਵਿੰਦਰ ਕਿੰਦਾ ਸਵੈਰਾਜ ਟਰੈਕਟਰ ਜੇਤੂ ਬਣੇ ਸਨ। ਦੂਜਾ ਕਬੱਡੀ ਕੱਪ ਪਹਿਲੀ ਨਵੰਬਰ ਤੋਂ 20 ਨਵੰਬਰ 2011 ਤੱਕ 14 ਟੀਮਾਂ ਨੇ ਖੇਡਿਆ । ਇਹ ਮੁਕਾਬਲਾ ਵੀ ਕੈਨੇਡਾ ਨੂੰ ਲੁਧਿਆਣਾ ਵਿੱਚ 59-25 ਨਾਲ ਹਰਾਕੇ ਇੱਕ ਵਾਰ ਫਿਰ ਸੁਖਵੀਰ ਸਰਾਵਾਂ ਦੀ ਕਪਤਾਨੀ ਵਾਲੇ ਭਾਰਤ ਦੇ ਹੀ ਹਿੱਸੇ ਰਿਹਾ । ਭਾਰਤ ਦੇ ਗਗਨਦੀਪ ਗੱਗੀ ਅਤੇ ਮੰਗਤ ਮੰਗੀ ਪਰੀਤ ਟਰੈਕਟਰ ਜਿੱਤਣ ਵਿੱਚ ਸਫਲ ਰਹੇ । ਤੀਜਾ ਕਬੱਡੀ ਵਿਸ਼ਵ ਕੱਪ ਪਹਿਲੀ ਦਸੰਬਰ ਤੋਂ 15 ਦਸੰਬਰ 2012 ਤੱਕ,16 ਟੀਮਾਂ ਨੇ 4-4 ਦੇ ਗਰੁੱਪਾਂ ਦੀ ਵੰਡ ਅਨੁਸਾਰ 13 ਖੇਡ ਮੈਦਾਨਾਂ ਵਿੱਚ ਖੇਡਿਆ । ਇਸ ਵਾਰੀ ਇਨਾਮੀ ਰਾਸ਼ੀ 2. 2 ਕਰੋੜ ਤੋਂ ਵਧਾ ਕੇ 3.51 ਕਰੋੜ ਕੀਤੀ ਗਈ ਸੀ । ਕੱਪ ਜੇਤੂ ਨੂੰ 2 ਕਰੋੜ,ਉਪ ਜੇਤੂ ਨੂੰ ਇੱਕ ਕਰੋੜ,ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 51 ਲੱਖ ਦਿੱਤਾ ਗਿਆ । ਕੁੱਲ ਇਨਾਮੀ ਰਾਸ਼ੀ 6.29 ਕਰੋੜ ਸੀ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਜੇਤੂ ਹੈਟ੍ਰਿਕ ਪੂਰੀ ਕਰਦਿਆਂ ਭਾਰਤ ਨੇ ਪਾਕਿਸਤਾਨ ਨੂੰ 59-22 ਨਾਲ ਮਾਤ ਦਿੰਦਿਆ ਫਾਈਨਲ ਜਿੱਤਿਆ । ਗਗਨਦੀਪ ਗੱਗੀ ਖੀਰਾਂਵਾਲੀ ਅਤੇ  ਏਕਮ ਹਠੂਰ ਨੇ ਪਰੀਤ ਟਰੈਕਟਰ ਜਿੱਤੇ। 
             ਮਹਿਲਾ ਵਰਗ ਦਾ ਪਲੇਠਾ ਵਿਸ਼ਵ ਕੱਪ 11 ਤੋਂ 20 ਨਵੰਬਰ 2011 ਤੱਕ 4 ਟੀਮਾਂ ਨੇ ਖੇਡਿਆ । ਫਾਈਨਲ ਭਾਰਤੀ ਟੀਮ ਨੇ ਪ੍ਰਿਯੰਕਾ ਦੇਵੀ ਦੀ ਕਪਤਾਨੀ ਅਧੀਨ ਇੰਗਲੈਂਡ ਨੂੰ 44 - 17 ਨਾਲ ਹਰਾਕੇ ਜਿੱਤਿਆ । ਦੂਜੇ ਮੁਕਾਬਲੇ ਸਮੇ 5 ਤੋਂ 13 ਦਸੰਬਰ 2012 ਤੱਕ 7 ਟੀਮਾਂ ਖੇਡੀਆਂ ,ਪਰ ਇੱਕ ਵਾਰ ਫਿਰ ਭਾਰਤੀ ਟੀਮ ਮਲੇਸ਼ੀਆ ਨੂੰ 72-12 ਨਾਲ ਹਰਾ ਕੇ ਖ਼ਿਤਾਬਧਾਰੀ ਬਣੀ । ਪ੍ਰਿਯੰਕਾ ਦੇਵੀ ਅਤੇ ਜਤਿੰਦਰ ਕੌਰ ਨੇ ਮੋਟਰ ਸਾਇਕਲ ਜਿੱਤੇ । ਰੌਚਕ ਗੱਲ ਇਹ ਵੀ ਰਹੀ ਕਿ ਮਹਿਲਾ ਵਰਗ ਦੀ ਕੈਨੇਡੀਅਨ ਟੀਮ ਵਿੱਚ 3 ਜੋੜੀਆਂ ਮਾਵਾਂ  ਧੀਆਂ ਦੀਆਂ ਖੇਡੀਆਂ । ਇਹਨਾਂ ਖਿਡਾਰਨਾਂ ਵਿੱਚ 48 ਵਰ੍ਹਿਆਂ ਦੀ ਟੀਮ ਕਪਤਾਨ ਨਰਿੰਦਰ ਕੌਰ ਗਿੱਲ,ਉਸਦੀ ਧੀ ਨਵਰੀਤ ਕੌਰ ਗਿੱਲ,ਹਰਪ੍ਰੀਤ ਕੌਰ ਰੰਧਾਵਾ ਅਤੇ ਉਸਦੀ ਲਾਡੋ ਰਾਣੀ ਧੀ ਲਵਲੀਨ ਰੰਧਾਵਾ,ਲਖਵੀਰ ਕੌਰ ਖੰਗੂੜਾ ਅਤੇ ਉਸਦੀ ਬੇਟੀ ਗੁਨਵੀਰ ਕੌਰ ਖੰਗੂੜਾ ਸਾਮਲ ਸਨ । ਸੱਤ ਮਹੀਨਿਆਂ ਬਾਅਦ ਹੁਣ ਇੱਕ ਹੋਰ ਫੈਸਲਾ ਵੀ ਸਾਹਮਣੇ ਆਇਆ ਹੈ ਕਿ ਮਿਥੇ ਟੀਚੇ ਤੋਂ ਵੱਧ ਪੰਜਾਬੀ ਖਿਡਾਰਨਾਂ ਨੂੰ ਟੀਮ ਵਿੱਚ ਖਿਡਾਉਂਣ ਦੀ ਵਜ੍ਹਾ ਕਰਕੇ ਮਲੇਸ਼ੀਆ ਟੀਮ ਨੂੰ ਮੁਅੱਤਲ ਕਰਦਿਆਂ ਡੈਨਮਾਰਕ ਨੂੰ ਦੂਜਾ ਅਤੇ ਇੰਗਲੈਂਡ ਨੂੰ ਤੀਜਾ ਸਥਾਨ ਦੇ ਦਿੱਤਾ ਗਿਆ ਹੈ।
         ਪਹਿਲਾਂ ਚੌਥੇ ਵਿਸ਼ਵ ਕੱਪ ਦੇ ਮੈਚਾਂ ਦੀ ਸ਼ੁਰੂਆਤ ਸੰਗਰੂਰ ਤੋਂ ਹੋਣੀ ਸੀ,ਪਰ ਹੁਣ ਪਿਛਲੇ ਦੋਨੋਂ ਵਿਸ਼ਵ ਕੱਪ ਮੁਕਾਬਲਿਆਂ ਦੇ ਮੈਚਾਂ ਵਾਂਗ ਇਸ ਵਿਸ਼ਵ ਕੱਪ ਦੇ ਮੈਚਾਂ ਦੀ ਸ਼ੁਰੂਆਤ ਵੀ ਪਟਿਆਲਾ ਤੋਂ ਹੀ ਹੋ ਰਹੀ ਹੈ । ਖੇਡ ਵਿਭਾਗ ਪੰਜਾਬ ਵੱਲੋਂ ਪਹਿਲਾਂ ਜਾਰੀ ਪ੍ਰੋਗਰਾਮ ਅਨੁਸਾਰ ਦੋਦਾ (ਸ਼੍ਰੀ ਮੁਕਤਸਰ ਸਾਹਿਬ) ਤੇ ਜਲਾਲਾਬਾਦ ਵਿਖੇ ਹੋਣ ਵਾਲੇ ਮੈਚਾਂ ਦੀ ਰੂਪ-ਰੇਖਾ ਤੋਂ ਬਿਨਾਂ ਬਾਕੀ ਸਥਾਨਾਂ ਤੇ ਤਰੀਕਾਂ 'ਚ ਫੇਰਬਦਲ ਕੀਤਾ ਗਿਆ ਹੈ . ਬਠਿੰਡਾ ਵਿਖੇ 30 ਨਵੰਬਰ ਨੂੰ ਰੰਗਾ ਰੰਗ ਓਪਨਿੰਗ ਉਪਰੰਤ ਬਦਲੀ ਹੋਈ ਰੂਪ-ਰੇਖਾ ਅਨੁਸਾਰ 1 ਦਸੰਬਰ ਨੂੰ ਯਾਦਵਿੰਦਰਾ ਸਟੇਡੀਅਮ ਪਟਿਆਲਾ ਵਿਖੇ, 2 ਦਸੰਬਰ ਨੂੰ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ ਵਿਖੇ, 3 ਦਸੰਬਰ ਨੂੰ ਆਊਟ ਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ, 4 ਦਸੰਬਰ ਨੂੰ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ, 5 ਦਸੰਬਰ ਨੂੰ ਸਪੋਰਟਸ ਸਟੇਡੀਅਮ ਦੋਦਾ (ਮੁਕਤਸਰ) ਵਿਖੇ, 6 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਅੰਮਿ}ਸਰ ਵਿਖੇ, 7 ਦਸੰਬਰ ਨੂੰ ਸਪੋਰਟਸ ਸਟੇਡੀਅਮ ਜਲਾਲਾਬਾਦ ਵਿਖੇ, 8 ਦਸੰਬਰ ਨੂੰ ਵਾਰ ਹੀਰੋਜ ਸਟੇਡੀਅਮ ਸੰਗਰੂਰ ਵਿਖੇ, 9 ਦਸੰਬਰ ਨੂੰ ਨਹਿਰੂ ਸਟੇਡੀਅਮ ਰੋਪੜ ਵਿਖੇ, 10 ਦਸੰਬਰ ਨੂੰ ਨਹਿਰੂ ਮੈਮੋਰੀਅਲ ਕਾਲਜ ਸਟੇਡੀਅਮ ਮਾਨਸਾ ਵਿਖੇ, ਵਿਸਵ ਕੱਪ ਦੇ ਦੋਨਾਂ ਵਰਗਾਂ ਦੇ ਲੀਗ ਮੁਕਾਬਲੇ ਹੋਣਗੇ । ਬਦਲੇ ਪ੍ਰੋਗਰਾਮ ਅਨੁਸਾਰ 12 ਦਸੰਬਰ ਨੂੰ ਬਹੁਮੰਤਵੀ ਸਟੇਡੀਅਮ ਬਠਿੰਡਾ ਵਿਖੇ ਪੁਰਸ ਤੇ ਔਰਤ ਵਰਗ ਦੇ ਸੈਮੀਫਾਈਨਲ ਮੁਕਾਬਲੇ ਅਤੇ 12 ਦਸੰਬਰ ਨੂੰ ਹੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਪੁਰਸਾਂ ਤੇ ਔਰਤਾਂ ਦੇ ਵਰਗ ਦੇ ਤੀਸਰੇ ਤੇ ਚੌਥੇ ਸਥਾਨ ਲਈ ਭੇੜ ਤੋਂ ਇਲਾਵਾ ਔਰਤ ਵਰਗ ਦਾ ਫਾਈਨਲ ਹੋਣਾ ਹੈ । ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 14 ਦਸੰਬਰ ਨੂੰ ਵਿਸਵ ਕੱਪ ਦੇ ਪੁਰਸ ਵਰਗ ਦਾ ਫਾਈਨਲ ਮੁਕਾਬਲਾ,ਇਨਾਮ ਵੰਡ ਰਸਮ ਅਤੇ ਸਮਾਪਤੀ ਸਮਾਰੋਹ ਹੋਵੇਗਾ।
ਰਣਜੀਤ ਸਿੰਘ ਪ੍ਰੀਤ
ਸੰਪਰਕ: 98157-07232

No comments: