Wednesday, November 27, 2013

ਰਮਨ ਵਰਗੀਆਂ ਕੁੜੀਆਂ ਤਾਂ ਸਾਡਾ ਗਰੂਰ ਹੁੰਦੀਆਂ ਨੇ--ਪਰਵੇਜ਼ ਸੰਧੂ

ਅਜਿਹੀਆਂ ਕੁਪੱਤੀਆਂ ਕੁੜੀਆਂ ਘਰ ਘਰ ਜੰਮਣ...
ਜ਼ਿੰਦਗੀ ਵਿੱਚ ਹਰ ਰੋਜ਼ ਕੁਝ ਨ ਕੁਝ ਛੋਟਾ ਮੋਟਾ ਵਾਪਰਦਾ ਰਹਿੰਦਾ ਹੈ। ਇਸ ਨੂੰ ਨਜਰ ਅੰਦਾਜ਼ ਕਰਕੇ ਵੀ ਝੱਟ ਲੰਘਾਇਆ ਜਾ ਸਕਦਾ ਹੈ ਪਰ ਕੁਝ ਲੋਕ ਅਜਿਹਾ ਨਹੀਂ ਕਰਦੇ। ਉਹਨਾਂ ਦਾ ਪ੍ਰਤੀਕਰਮ ਇਹਨਾਂ ਛੋਟੀਆਂ ਦਿੱਸਣ ਵਾਲੀਆਂ ਗੱਲਾਂ ਨੂੰ ਵੀ ਵੱਡਾ ਅਤੇ ਯਾਦਗਾਰੀ ਬਣਾ ਦੇਂਦਾ ਹੈ। ਉਦੋਂ ਪਤਾ ਲੱਗਦੇ ਹੈ ਕਿ ਆਮ ਜਹੇ ਦਿਸਣ ਵਾਲੇ ਲੋਕਾਂ ਵਿੱਚ ਅਜਿਹਾ ਕੀ ਹੁੰਦਾ ਹੈ ਜਿਹੜਾ ਉਹਨਾਂ ਨੂੰ ਖਾਸ ਬਣਾ ਦੇਂਦਾ ਹੈ। ਅਜਿਹੀ ਹੀ ਇੱਕ ਸ਼ਖਸੀਅਤ ਦੀ ਗੱਲ ਕੀਤੀ ਹੈ-ਪਰਵੇਜ਼ ਸੰਧੂ ਹੁਰਾਂ ਨੇ ਫੇਸਬੁਕ ਤੇ ਪਾਈ ਆਪਣੀ ਨਵੀਂ ਪੋਸਟ ਵਿੱਚ। ਉਸਨੂੰ ਧੰਨਵਾਦ ਸਹਿਤ ਇਥੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। --ਰੈਕਟਰ ਕਥੂਰੀਆ 
ਗੁਰਦਵਾਰੇ ਇੱਕ ਬਿਜਿਨੈਸ ਦੀ ਹੱਟੀ ਤੋਂ ਬਿਨਾ ਕੁਝ ਵੀ ਨਹੀ
Raman I am very proud of you ....
Parvez Sandhu
ਜਿੰਦਗੀ 'ਚ ਸਾਨੂੰ ਹਰ ਰੋਜ ਬੇਸ਼ੁਮਾਰ ਲੋਕ ਮਿਲਦੇ ਨੇ ..ਕੁਝ ਬੇਗਾਨੇ ਹੁੰਦੇ ਹੋਏ ਵੀ ਆਪਣੇ ਬਣ ਜਾਂਦੇ ਨੇ ਤੇ ਕਈ ਆਪਣੇ ਵੀ ਬੇਗਾਨਿਆਂ ਤੋਂ ਵੱਧ ਜਾਪਦੇ ਨੇ | ਕੁਝ ਲੋਕ ਕੁਝ ਪਲਾਂ ਘੜੀਆਂ 'ਚ ਹੀ ਆਪਣਾ ਰੰਗ ਦਿਖਾ ਕੇ ਮਿਟ ਜਾਂਦੇ ਨੇ ਤੇ ਕੁਝ ਘੜੀਆਂ ਪਲਾਂ 'ਚ ਆਪਣੇ ਰੰਗ ਨਾਲ ਸਾਨੂੰ ਰੰਗ ਜਾਂਦੇ ਨੇ |
ਅਜਿਹੀ ਹੀ ਇੱਕ ਕੁੜੀ ਦੀ ਗੱਲ ਅੱਜ ਮੈਂ ਤੁਹਾਡੇ ਨਾਲ ਕਰਨ ਜਾ ਰਹੀ ਆਂ |

ਵੈਸੇ ਇਸ ਕੁੜੀ ਨੂੰ ਤੁਸੀਂ ਸਾਰੇ ਜਰੂਰ ਜਾਣਦੇ ਹੋਵੋਗੇ ..ਇਹ ਇੱਕ ਹੱਸ ਮੁਖ ਜਿਹੀ ਗੋਲ ਮਟੋਲ ਕੁੜੀ ਹੈ ਤੁਹਾਡੀ ਤੇ ਮੇਰੀ ਸਾਂਝੀ
"ਰਮਨ ਵਿਰਕ "
ਵੈਸੇ ਮੈਂ ਤੇ ਰਮਨ ਪਿਛਲੇ ਤਕਰੀਬਨ ਉਨੀਆਂ ਵੀਹਾਂ ਵਰਿਆਂ ਤੋਂ ਇੱਕੋ ਸ਼ਹਿਰ 'ਚ ਰਹਿ ਰਹੀਆਂ ਹਾਂ ਤੇ ਜੇ ਦੋਵੇ ਚਾਹੀਏ ਤਾਂ ਆਮ ਪੰਜਾਬੀਆਂ ਵਾਂਗ ਰਿਸ਼ਤੇਦਾਰੀਆਂ ਵੀ ਕੱਢ ਸਕਦੀਆਂ ਹਾਂ ਤੇ ਦੂਰ ਨੇੜੇ ਦੀਆਂ ਕਜ਼ਨ ਭੈਣਾ ਵੀ ਬਣ ਸਕਦੀਆਂ ਹਾਂ ਪਰ ਅੱਜ ਤੱਕ ਇਹ ਰਿਸ਼ਤੇਦਾਰੀ ਨਹੀ ਬਣਾਈ ਕਿਉਂਕਿ ਉਹ ਰਿਸ਼ਤੇਦਾਰ ਜਿਨਾ ਕਰਕੇ ਅਸੀਂ ਜਾਣਦੀਆਂ ਹਾਂ ਇੱਕ ਦੂਜੇ ਨੂੰ ਉਹਨਾ ਨਾਲ ਨਾ ਤਾਂ ਮੇਰੀ ਬਹੁਤੀ ਬਣਦੀ ਹੈ ਤੇ ਨਾ ਹੀ ਰਮਨ ਦੀ ......
ਇਸ ਕਰਕੇ ਅਸੀਂ ਉਹਨਾ ਰਿਸ਼ਤਿਆਂ ਦੇ ਚੱਕਰਾਂ 'ਚ ਕਦੀ ਨਹੀ ਪਈਆਂ |
ਬਹੁਤ ਸਾਲ ਪਹਿਲਾਂ ਜਦੋਂ ਮੇਰਾ ਬ੍ਰਦਰ ਹਰਜਿੰਦਰ ਕੰਗ ਰੇਡੀਉ ਪ੍ਰੋਗ੍ਰਾਮ ਕਰਨ ਲੱਗਾ ਸੀ ਤਾਂ ਉਹਨੇ ਦੱਸਿਆ ਸੀ ਕਿ ਕੋਈ ਕੁੜੀ ਕਵਿਤਾਵਾਂ ਲਿਖਦੀ ਹੈ |
ਉਹਨਾ ਦਿਨਾ 'ਚ ਰਮਨ ਆਪਣਾ ਨਾਂ ਬਦਲ ਕੇ ਰੇਡੀਉ ਤੇ ਕਵਿਤਾ ਸੁਣਾਇਆ ਕਰਦੀ ਸੀ |
ਬੱਸ ਰਮਨ ਦੀ ਤੇ ਮੇਰੀ ਐਨੀ ਕੁ ਹੀ ਸਾਂਝ ਸੀ ਤੇ
ਐਨੇ ਵਰੇ ਇੱਕੋ ਸ਼ਹਿਰ 'ਚ ਰਹਿੰਦਿਆਂ ਵੀ ਅਸੀਂ ਦੋਵੇਂ ਫੇਸ ਬੁੱਕ ਤੇ ਆ ਕੇ ਪ੍ਰੌਪਰ ਇੱਕ ਦੂਜੇ ਨੂੰ ਮਿਲੀਆਂ ਹਾਂ |
ਇੱਕ ਗਿਲਾ ਮੈਨੂੰ ਅਕਸਰ ਆਪਣੀਆਂ ਇੰਡੀਅਨ ਔਰਤਾਂ ਤੇ ਰਹਿੰਦਾ ਹੈ ਕਿ ਇਹ ਕਦੀ ਦਿਲ ਖੋਲ ਕੇ ਨਹੀ ਹੱਸਦੀਆਂ |
ਹਰ ਗੱਲ 'ਚ ਕੰਜੂਸੀ ਕਰ ਜਾਂਦੀਆਂ ਨੇ ਤੇ ਹੱਸਣ ਵਿਚ ਤਾਂ ਜਿਆਦਾ ਹੀ .......
ਪਰ ਰਮਨ ਨੂੰ ਮਿਲਣ ਤੋਂ ਬਾਅਦ ਮੇਰਾ ਇਹ ਗਿਲਾ ਦੂਰ ਹੋ ਜਾਂਦਾ ਹੈ | ਰਮਨ ਖੁੱਲ ਕੇ ਹੱਸਦੀ ਹੈ .....ਤੇ ਹੱਸਦੀ ਵੀ ਰੂਹ ਨਾਲ ਹੈ | ਰਮਨ ਖੁਸ਼ ਰਹਿੰਦੀ ਹੈ ਹਮੇਸ਼ਾਂ ਹਸੂੰ ਹਸੂੰ ਕਰਦੀ ਇਹ ਕੁੜੀ ਸਿਰਫ ਕਵਿਤਾਵਾਂ ਹੀ ਨਹੀ ਲਿਖਦੀ ਇਸ ਕੁੜੀ ਦੇ ਅੰਦਰ ਇੱਕ ਨਾਜੁਕ ਦਿਲ ਵੀ ਹੈ ਜਿਹੜਾ ਲੋਕਾਂ ਦੀਆਂ ਤਕਲੀਫਾਂ ਦੇਖ ਕੇ ਰੋਂਦਾ ਵੀ ਹੈ ਤੇ ਇਹ ਕੁੜੀ ਇੱਕ ਸ਼ੇਰਨੀ ਵਰਗਾ ਜਿਗਰ ਵੀ ਰਖਦੀ ਹੈ ......

ਤੇ ਇਸੇ ਕਰਕੇ ਮੇਰਾ ਦਿਲ ਚਾਹਿਆ ਕਿ ਤੁਹਾਨੂੰ ਇਸ ਕੁੜੀ ਨਾਲ ਮਿਲਾਵਾਂ ...... ਇਥੇ ਇੱਕ ਘਟਨਾ ਦਾ ਜਿਕਰ ਕਰਨ ਤੋਂ ਪਹਿਲਾਂ ਮੈਂ ਕੁਝ ਦੱਸਣਾ ਚਾਹਾਂਗੀ ..
ਸਾਡੇ ਇਲਾਕੇ 'ਚ ਕਈ ਗੁਰਦਵਾਰੇ ਨੇ ਤੇ ਤਕਰੀਬਨ ਸਾਰੇ ਦੇ ਸਾਰੇ ਗੁਰਦਵਾਰੇ " ਫੈਮਿਲੀ owned ਨੇ ਜਾਣੀ ਕਿ ਗੁਰਦਵਾਰੇ ਇੱਕ ਬਿਜਿਨੈਸ ਦੀ ਹੱਟੀ ਤੋਂ ਬਿਨਾ ਕੁਝ ਵੀ ਨਹੀ |

ਅਜਿਹੇ ਹੀ ਇੱਕ ਗੁਰਦਵਾਰੇ 'ਚ ਇੱਕ ਦਿਨ ਸਾਡੀ ਇਹ ਕੁੜੀ ਕਿਸੇ ਰਿਸ਼ਤੇਦਾਰ ਦੇ ਅਖੰਡ ਪਾਠ ਦੇ ਭੋਗ ਤੇ ਗਈ ਹੋਈ ਸੀ ਤੇ ਅਚਾਨਕ ਉਥੇ ਕੁਝ ਅਜਿਹਾ ਹੋਇਆ ਜਿਸ ਨੂੰ ਦੇਖ ਕੇ ਕਿਸੇ ਵੀ ਮਾਂ ਦਾ ਕਿਸੇ ਵੀ ਬਾਪ ਦਾ ਦਿਲ ਕੁਰਲਾ ਉਠਦਾ ......

ਇੱਕ ਜੁਆਨ ਕੁੜੀ ਜਿਹੜੀ ਜਨਮ ਤੋਂ ਹੀ ਫਿਜੀਕਲੀ ਚੈਲਜੰਡ ਹੈ ਤੇ ਉਹ ਵੀਲ ਚੇਅਰ ਤੇ ਹੈ |
ਕੁੜੀ ਨੂੰ ਉਸਦੇ ਮਾਂ ਬਾਪ ਮੱਥਾ ਟਿਕਾਉਣ ਲਈ ਲੈ ਕੇ ਆਏ ਤੇ ਉਹ ਵੀਲ ਚੇਅਰ ਦੇ ਸਮੇਤ ਬਾਬਾ ਜੀ ਦੇ ਦਰਬਾਰ 'ਚ ਲੈ ਗਏ ..........

ਉਦੋਂ ਹੀ ਪਤਾ ਲੱਗਾ ਜਦੋਂ ਗੁਰਦਵਾਰੇ ਦਾ ਮਾਲਿਕ ਇਹ ਕਹਿਣ ਲੱਗ ਪਿਆ ਕਿ ਵੀਲ ਚੇਅਰ ਬਾਬਾ ਜੀ ਦੀ ਬੀੜ ਦੇ ਮੂਹਰੇ ਨਹੀ ਜਾ ਸਕਦੀ |
ਹਾਲਾਂਕਿ ਅਮਰੀਕਾ ਦਾ ਕਾਨੂੰਨ ਹੈ ਕਿ ਕੋਈ ਵੀ ਫਿਜੀਕਲੀ ਚੈਲਜੰਡ ਇਨਸਾਨ ਨਾਲ ਫਰਕ ਨਹੀ ਕਰ ਸਕਦਾ ਇਸ ਕਾਨੂੰਨ ਨੂੰ ਤੋੜਨ ਦਾ ਸਜਾ ਹੈ ਪਰ ਗੁਰਦਵਾਰੇ ਵਾਲੇ ਪਤਾ ਨਹੀ ਕਿਹੜੇ ਜਹਾਨ 'ਚ ਰਹਿੰਦੇ ਨੇ ?

ਖੈਰ ਗੱਲ ਬਹੁਤ ਵਧ ਗਈ ਤੇ ਉਥੇ ਬੈਠੇ ਕਿਸੇ ਵੀ ਬੰਦੇ ਨੇ ਇਸ ਗੱਲ ਦੀ ਨਖੇਧੀ ਨਹੀ ਕੀਤੀ ..ਜੇ ਕਿਸੇ ਨੇ ਕੁਝ ਕਿਹਾ ਵੀ ਤਾਂ ਮੋਹਰੀਆਂ ਨੇ ਕਿਸੇ ਨੂੰ ਬੋਲਣ ਨਹੀ ਦਿੱਤਾ ............
ਪਰ ਮੈਂ ਇਹ ਗੱਲ ਬਹੁਤ ਹੀ ਮਾਣ ਨਾਲ ਤੁਹਾਡੇ ਸਭਨਾ ਨਾਲ ਸਾਂਝੀ ਕਰਨਾ ਚਾਹਾਂਗੀ ਕਿ ਇਕੱਲੀ ਰਮਨ ਡੱਟ ਕੇ ਕਮੇਟੀ ਵਾਲਿਆਂ ਦੇ ਮੂਹਰੇ ਖੜੋ ਗਈ ਤੇ ਰੱਜ ਕੇ ਲੜੀ ......
ਗੁਰਦਵਾਰੇ ਦੇ ਮਾਲਿਕ ਨੂੰ ਫਿੱਟ ਲਾਹਨਤ ਪਾਈ ਜਿਹੜਾ ਇੱਕ ਉਸ ਬੱਚੀ ਨੂੰ ਗੁਰਦਵਾਰੇ ਦੇ ਅੰਦਰ ਨਹੀ ਸੀ ਜਾਣ ਦੇ ਰਿਹਾ ਜਿਹੜੀ ਖੁਦ ਆਪਣੇ ਪੈਰਾਂ ਤੇ ਤੁਰ ਕੇ ਬਾਬੇ ਦੇ ਦਰਸ਼ਣ ਨਹੀ ਸੀ ਕਰਨ ਜਾ ਸਕਦੀ |
ਬਹੁਤ ਦੇਰ ਇਹ ਬਹਿਸ ਹੋਈ ਰਮਨ ਦੇ ਜੋ ਦਿਲ 'ਚ ਆਇਆ ਇਹ ਕਹਿਣ ਤੋਂ ਨਹੀ ਡਰੀ ਇਹਨੇ ਕਮੇਟੀ ਵਾਲਿਆਂ ਦੇ ਦਾਦੇ ਪੜਦਾਦੇ ਮਾਂ ਭੈਣ ਮਾਸੀਆਂ ਚਾਚੀਆਂ ਤੇ ਤਾਏ ਚਾਚੇ ਇੱਕ ਕਰ ਦਿੱਤੇ .........
ਤੇ ਕਮੇਟੀ ਵਾਲਿਆਂ ਨਾਲ ਲੜਦੀ ਝਗੜਦੀ ਇਹ ਉਸ ਬੱਚੀ ਵੱਲ ਦੇਖ ਕੇ ਰੋਈ ਵੀ ਜਿਹੜੀ ਜਨਮ ਤੋਂ ਆਪਣੇ ਪੈਰਾਂ ਤੇ ਨਹੀ ਤੁਰ ਸਕੀ ਤੇ ਉਹਦੇ ਮਾਂ ਬਾਪ ਲਈ ਵੀ ਰੋਈ ਜਿਹੜੇ ਪਤਾ ਨਹੀ ਕੀ ਕੀ ਉਮੀਦਾਂ ਲੈ ਕੇ ਗੁਰਦਵਾਰਿਆਂ 'ਚ ਆਪਣੀ ਧੀ ਲਈ ਮੱਥੇ ਰਗੜਦੇ ਫਿਰਦੇ ਨੇ |

ਅਖੀਰ ਉਹਨਾ ਨੂੰ ਰਮਨ ਦੇ ਸਾਹਮਣੇ ਝੁਕਣਾ ਪਿਆ .........
ਮੈਂ ਅੱਜ ਬਹੁਤ ਹੀ ਮਾਣ ਨਾਲ ਇਹ ਗੱਲ ਤੁਹਾਡੇ ਸਭਨਾ ਨਾਲ ਸਾਂਝੀ ਕਰਨ ਲੱਗੀ ਆਂ ਕਿਉਂਕਿ ਅਜਿਹੀਆਂ ਕੁੜੀਆਂ ਤਾਂ ਸਾਡਾ ਗਰੂਰ ਹੁੰਦੀਆ ਨੇ ........

ਵੈਸੇ ਅੱਜ ਕੱਲ ਉਸ ਗੁਰਦਵਾਰੇ ਵਾਲੇ ਸਾਡੀ ਸ਼ੇਰਨੀ ਨੂੰ ਦੇਖ ਕੇ ਦੂਰੋਂ ਹੀ ਚਾਹ ਪਾਣੀ ਪੁਛਣ ਲੱਗ ਜਾਂਦੇ ਨੇ ਤੇ ਕੁਝ ਲੋਕ ਰਮਨ ਨੂੰ ਕੁਪੱਤੀ ਕੁੜੀ ਵੀ ਸਮਝਣ ਲੱਗ ਪਏ ਨੇ .........ਪਰ ਮੈਂ ਦੁਆ ਕਰਦੀ ਆਂ ਕਿ ਅਜਿਹੀਆਂ ਕੁਪੱਤੀਆਂ ਕੁੜੀਆਂ ਘਰ ਘਰ ਜੰਮਣ ਜਿਹੜੀਆਂ ਦੂਜੇ ਲਈ ਲੜਨ ਦਾ ਜਿਗਰ ਰਖਦੀਆਂ ਹੋਣ .........


1 comment:

DrKavita Vachaknavee said...

कथूरिया जी , क्या ये अमेरिका में बसी कहानीकार परवेज़ कौर संधु ही हैं? यदि आपका इनसे कोई संपर्क है तो इन्हें अपना परिचय आदि मुझे भेजें। हमारे पास इनकी एक अनूदित कहानी प्रकाशनार्थ आई हुई है। उसके लिए इनसे संबन्धित सामग्री चाहिए।