Tuesday, November 05, 2013

ਮਾਮਲਾ ਲੰਗਰ ਵਿੱਚ ਜ਼ਹਿਰ ਮਿਲਾਉਣ ਦੇ ਖਦਸ਼ੇ ਦਾ

 Tue, Nov 5, 2013 at 4:38 PM 
ਘਟਨਾ ਵਾਪਰੀ ਸੀ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਬਾਹਰਵਾਰ ਗਲਿਆਰੇ 'ਚ 
ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾ ਰਹੀ ਹੈ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ:5 ਨਵੰਬਰ 2013:(ਕਿੰਗ//ਪੰਜਾਬ ਸਕਰੀਨ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਬਾਹਰਵਾਰ ਗਲਿਆਰੇ 'ਚ ਵਰਤ ਰਹੇ ਲੰਗਰ ਵਿੱਚ ਸਾਜ਼ਿਸ ਤਹਿਤ ਕਿਸੇ ਵਿਅਕਤੀ ਵੱਲੋਂ ਜ਼ਹਿਰੀਲਾ ਪਦਾਰਥ ਮਿਲਾਉਣ ਦੀ ਘਟਨਾ ਨਾਲ ਲੰਗਰ ਛਕਣ ਉਪਰੰਤ ਇੱਕ ਵਿਅਕਤੀ ਦੀ ਮੌਤ ਹੋ ਜਾਣ ਕਾਰਣ ਅਤੇ ਤਿੰਨਾਂ ਦੇ ਬੀਮਾਰ ਹੋ ਜਾਣ ਤੇ ਡੂੰਘੇ ਅਫ਼ਸੋਸ ਦਾ ਇਜ਼ਹਾਰ ਕੀਤਾ ਹੈ।
ਇਥੋਂ ਜਾਰੀ ਪ੍ਰੈੱਸ ਨੋਟ ਵਿੱਚ ਉਹਨਾਂ ਕਿਹਾ ਕਿ ਇਸ ਤਰ੍ਹਾਂ ਘਿਨਾਉਣੀ ਕਾਰਵਾਈ ਕੋਈ ਸਾਜ਼ਿਸੀ ਅਨਸਰ ਹੀ ਕਰ ਸਕਦਾ ਹੈ ਕਿਉਂਕਿ ਇਹ ਲੰਗਰ ਬਾਕੀ ਸੰਗਤਾਂ ਨੇ ਵੀ ਛਕਿਆ ਜੋ ਬਿਲਕੁਲ ਠੀਕ-ਠਾਕ ਰਹੀਆਂ। ਉਹਨਾਂ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕਰਨ ਲਈ ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਦੀ ਡਿਊਟੀ ਲਗਾਈ ਗਈ ਹੈ, ਜੋ ਪੂਰੀ ਬਰੀਕੀ ਨਾਲ ਇਸ ਘਟਨਾ ਦੀ ਜਾਂਚ-ਪੜਤਾਲ ਕਰਕੇ ਇਸ ਦੀ ਰੀਪੋਰਟ ਦੇਣਗੇ। ਦੋਸ਼ ਸਾਬਤ ਹੋਣ ਤੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ ਤੇ ਇਹਨਾਂ ਦੋਸ਼ੀਆਂ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਘਟਨਾ ਤੋਂ ਬਾਅਦ ਵਿਰਲਾਪ ਅਤੇ ਸੋਗ ਦਾ ਮਾਹੌਲ 
ਚੇਤੇ ਰਹੇ ਕਿ ਗਲਿਆਰਾ ਖੇਤਰ ‘ਚ ਸਥਿਤ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਬਾਹਰ ਲੱਗਾ ਕੜ੍ਹੀ-ਚੌਲ ਦਾ ਲੰਗਰ ਖਾਣ ਨਾਲ ਇਕ ਸ਼ਰਧਾਲੂ ਦੀ ਮੌਤ ਹੋ ਗਈ, ਜਦੋਂ ਕਿ 5 ਹੋਰ ਲੋਕ ਬੀਮਾਰ ਹੋ ਗਏ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਸਨਸਨੀਖੇਜ਼ ਘਟਨਾ ਨੇ ਪੰਜਾਬ ਦੇ ਹਾਲਤ ਵਿੱਚ ਇੱਕ ਘਟਿਆ ਅਤੇ ਵਧੇਰੇ ਖਤਰਨਾਕ ਤਬਦੀਲੀ ਦੇ ਸੰਕੇਤ ਵੀ ਦਿੱਤੇ ਹਨ। ਜਿਕਰਯੋਗ ਹੈ ਕੀ ਸਿੱਖ ਪੰਥ ਵਿਚਲੀ ਲੰਗਰ ਦੀ ਪ੍ਰਥਾ ਨੂੰ ਇਸਦੇ ਵਿਰੋਧੀ ਵੀ ਸਰਾਹੁੰਦੇ ਰਹੇ ਹਨ। ਇਸ ਲਈ ਇਹ ਘਟਿਆ ਸਾਜਿਸ਼ ਅਜਿਹੇ ਅਨਸਰਾਂ ਦੀ ਹੈ ਜਿਹੜੇ ਅੱਤ ਦੇ ਘਟੀਆਪਨ ਨੂੰ ਆਪਣਾ ਕੇ ਸਿੱਖ ਪੰਥ ਦੀ ਇਸ ਹਰਮਨ ਪਿਆਰੀ ਪ੍ਰਥਾ ਨੂੰ ਸੱਤ ਮਾਰਨੀ ਚਾਹੁੰਦੇ ਹਨ। ਇਸ ਘਟਨਾ ਵਿੱਚ ਮਰਨ ਵਾਲੇ ਦੀ ਪਛਾਣ ਅਮਰਜੀਤ ਸਿੰਘ ਨਿਵਾਸੀ ਜਬਲਪੁਰ, ਮੱਧ ਪ੍ਰਦੇਸ਼ ਦੇ ਰੂਪ ‘ਚ ਹੋਈ ਹੈ, ਜੋ ਕਿ ਆਪਣੀ ਪਤਨੀ ਰਜਿੰਦਰ ਕੌਰ ਨਾਲ ਦੀਵਾਲੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਹੋਇਆ ਸੀ। ਹੋਰ ਬੀਮਾਰ ਸ਼ਰਧਾਲੂਆਂ ‘ਚ ਕਿਸ਼ਨ ਚੰਦ ਕਾਲੜਾ, ਸ਼ਸ਼ੀ ਪ੍ਰਭਾ ਨਿਵਾਸੀ ਹਰਿਆਣਾ ਅਤੇ ਗੁਰਦੀਪ ਸਿੰਘ ਨਿਵਾਸੀ ਬਾਘਾਪੁਰਾਣਾ ਸ਼ਾਮਲ ਹਨ। ਦਿਵਾਲੀ ਮੌਕੇ ਅਜਿਹੀ ਸਾਜ਼ਿਸ਼ ਕਈ ਖਤਰਨਾਕ ਇਸ਼ਾਰੇ ਕਰ ਰਹੀ ਹੈ। ਇਸ ਮਾਮਲੇ ਵਿੱਚ ਜਹਿਰੀਲੇ ਖਾਣੇ ਦਾ ਸ਼ਿਕਾਰ ਹੋਏ ਇਕ ਹੋਰ ਸ਼ਰਧਾਲੂ ਦੀ ਪਛਾਣ ਨਹੀਂ ਹੋ ਸਕੀ। ਚੌਕੀ ਗਲਿਆਰਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ 174 ਸੀ. ਆਰ. ਪੀ. ਸੀ. ਅਧੀਨ ਉਸਦਾ ਪੋਸਟਮਾਰਟਮ ਕਰਵਾ ਦਿੱਤਾ। ਮ੍ਰਿਤਕ ਅਮਰਜੀਤ ਸਿੰਘ ਦੀ ਪਤਨੀ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਦੀਵਾਲੀ ਕਾਰਨ ਅੰਮ੍ਰਿਤਸਰ ਆਏ ਹੋਏ ਸਨ। ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕ ਕੇ ਜਦੋਂ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਬਾਹਰ ਲੱਗਾ ਲੰਗਰ ਖਾਧਾ ਤਾਂ ਉਸਦੇ ਪਤੀ ਅਤੇ ਉਸਦੀ ਹਾਲਤ ਅਚਾਨਕ ਹੀ ਗੰਭੀਰ ਹੱਦ ਤੱਕ ਵਿਗੜ ਗਈ, ਜਿਸ ‘ਤੇ ਉਨ੍ਹਾਂ ਨੂੰ ਕੁਝ ਹੋਰ ਸ਼ਰਧਾਲੂਆਂ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੇ ਪਤੀ ਦੀ ਮੌਤ ਹੋ ਗਈ। ਪੁਲਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਕਰ ਰਹੀ ਹੈ ਅਤੇ ਇਸ ‘ਚ ਕਿਸੇ ਜ਼ਹਿਰਖੁਰਾਣੀ ਗਿਰੋਹ ਦੇ ਸ਼ਾਮਲ ਹੋਣ ਦਾ ਵੀ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਪਰ ਲੰਗਰ ਪ੍ਰਥਾ ਨੂੰ ਸੱਟ ਮਾਰ ਕੇ ਸਿੱਖੀ ਨਾਲ ਵੈਰ ਕਮਾਉਣ ਵਾਲੇ ਦੋਖੀਆਂ ਨੂੰ ਵੀ ਨਜਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। 

No comments: