Sunday, November 17, 2013

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਵਧਾਈਆਂ

ਐਸਜੀਪੀਸੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਵਿਸ਼ੇਸ਼ ਸੰਦੇਸ਼ 
ਅੰਮ੍ਰਿਤਸਰ: 16 ਨਵੰਬਰ 2013: ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਜਗਤ ਗੁਰੂ, ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਆਮਦ 'ਤੇ ਸੰਗਤਾਂ ਦੇ ਨਾਂ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਧਾਰਮਿਕ ਖੇਤਰ ਵਿਚ ਇਕ ਨਵੀਂ ਸ਼ੁਰੂਆਤ ਹੋਈ। ਉਹਨਾਂ ਕਿਹਾ ਕਿ ਮਨੁੱਖਤਾ ਦੇ ਮਾਰਗ ਦਰਸ਼ਨ ਲਈ ਧਰਤੀ 'ਤੇ ਸਮੇਂ-ਸਮੇਂ ਰੱਬੀ ਰੂਹਾਂ ਦਾ ਆਗਮਨ ਹੁੰਦਾ ਹੈ, ਜੋ ਰੱਬੀ ਹੁਕਮ ਨੂੰ ਪ੍ਰਚਾਰ ਕੇ ਲੋਕਾਈ ਨੂੰ ਸੱਚ ਦੇ ਮਾਰਗ 'ਤੇ ਤੋਰਦੀਆਂ ਹਨ। ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਗਤ-ਜਲੰਦੇ ਨੂੰ ਤਾਰਨ ਲਈ ਸੰਸਾਰ 'ਤੇ ਪ੍ਰਕਾਸ਼ਮਾਨ ਹੋਣਾ ਸਮੁੱਚੀ ਮਨੁੱਖਤਾ ਲਈ ਧਾਰਮਿਕ, ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰ ਵਿਚ ਵਡਮੁੱਲੀ ਅਗਵਾਈ ਦੇਣ ਵਾਲਾ ਹੈ। 
ਉਹਨਾਂ ਕਿਹਾ ਕਿ ਪਾਤਸ਼ਾਹ ਜੀ ਨੇ ਆਪਣੀਆਂ ਯਾਤਰਾਵਾਂ ਦੌਰਾਨ ਉਹ ਸੰਸਾਰ ਦੇ ਵੱਖ-ਵੱਖ ਭਾਗਾਂ, ਖ਼ਾਸ ਕਰਕੇ ਵਿਭਿੰਨ ਧਰਮਾਂ ਦੇ ਕੇਂਦਰੀ ਅਸਥਾਨਾਂ ਵਿਖੇ ਪੁੱਜੇ ਅਤੇ ਫੋਕੇ ਕਰਮ-ਕਾਂਡਾਂ, ਧਾਰਮਿਕ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦਾ ਤਰਕਸੰਗਤ ਖੰਡਨ ਕਰਦਿਆਂ ਲੋਕਾਂ ਨੂੰ ਇਕੋ ਪਰਮਾਤਮਾ ਦੇ ਲੜ ਲੱਗਣ ਲਈ ਪ੍ਰੇਰਿਆ ਅਤੇ ਧਾਰਮਿਕ ਤੇ ਸਮਾਜਿਕ ਚੇਤਨਾ ਦੇਣ ਦੇ ਨਾਲ-ਨਾਲ ਉਹਨਾਂ ਨੇ ਜਰਵਾਣਿਆਂ ਦੇ ਜ਼ੁਲਮਾਂ ਦੀ ਵੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਗ੍ਰਹਿਸਥ ਨੂੰ ਪ੍ਰਮੁੱਖਤਾ ਦੇ ਕੇ, ਹੱਥੀਂ ਕਿਰਤ-ਕਮਾਈ ਕਰਕੇ ਸਮਾਜਿਕ ਜੀਵਨ ਜੀਉਣ ਦਾ ਸੰਦੇਸ਼ ਦਿੱਤਾ। ਇਸੇ ਤਰ੍ਹਾਂ ਜੀਵਨ-ਮੁਕਤੀ ਦੀ ਪ੍ਰਾਪਤੀ ਲਈ ਜੰਗਲਾਂ ਤੇ ਪਹਾੜਾਂ ਆਦਿ 'ਚ ਇਕਾਂਤ-ਵਾਸ ਕਰਨ ਨੂੰ ਨਿੰਦਿਆ ਅਤੇ ਗ੍ਰਹਿਸਥ ਵਿਚ ਰਹਿ ਕੇ, ਸੇਵਾ-ਸਿਮਰਨ ਰਾਹੀਂ ਮੁਕਤੀ ਦਾ ਮਾਰਗ ਦਰਸਾਇਆ। ਗੁਰੂ ਜੀ ਨੇ ਮਨੁੱਖ ਅੰਦਰੋਂ ਕੂੜ ਦੀ ਕੰਧ ਢਾਹ ਕੇ ਸੱਚ ਦਾ ਸੰਚਾਰ ਕਰਨ ਲਈ ਵਡਮੁੱਲੇ ਸਿਧਾਂਤ ਪੇਸ਼ ਕੀਤੇ, ਜਿਨ੍ਹਾਂ 'ਤੇ ਚੱਲ ਕੇ ਸੁਖਦ ਤੇ ਅਨੰਦਮਈ ਜੀਵਨ ਜਿਉਣ ਦੀ ਸੇਧ ਮਿਲਦੀ ਹੈ। 
ਉਨ੍ਹਾਂ ਕਿਹਾ ਕਿ ਅਜਿਹੇ ਵਡਭਾਗੇ ਸਮੇਂ ਮਨੁੱਖਤਾ ਨੂੰ ਆਪਣੇ ਅੰਦਰੋਂ ਝੂਠ, ਬੇਈਮਾਨੀ, ਕੂੜ-ਕੁਸੱਤ ਜਿਹੀਆਂ ਬੁਰਾਈਆਂ ਦਾ ਤਿਆਗ ਕਰਕੇ ਸੱਚ-ਆਚਾਰ ਦੇ ਧਾਰਨੀ ਬਣਨਾ ਚਾਹੀਦਾ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਮਨੁੱਖਤਾ ਨੂੰ ਵਧਾਈ ਦਿੰਦਿਆਂ ਸੱਦਾ ਦਿੱਤਾ ਕਿ ਆਓ! ਸੱਚੇ ਸਤਿਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਹੁਕਮੀ ਬਣ ਕੇ ਜੀਵਨ ਬਤੀਤ ਕਰੀਏ।

No comments: