Sunday, November 17, 2013

ਦਿੱਲੀ ਹਵਾਈ ਅੱਡੇ 'ਤੇ ਸਿੱਖ ਡਾਕਟਰ ਨਾਲ ਦੁਰ-ਵਿਵਹਾਰ

ਸਬੰਧਿਤ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ: 16 ਨਵੰਬਰ 2013: (ਕਿੰਗ//ਇੰਦਰ ਮੋਹਣ ਸਿੰਘ 'ਅਨਜਾਣ'//ਪੰਜਾਬ ਸਕਰੀਨ): ਨਵੀਂ ਦਿੱਲੀ ਹਵਾਈ ਅੱਡੇ ਉੱਪਰ ਸਿੱਖ ਡਾਕਟਰ ਹਰਮਨਦੀਪ ਸਿੰਘ ਤੇ ਤਸ਼ੱਦਦ ਕਰਨ ਅਤੇ ਉਸਦੀ ਸਾਥੀ ਡਾਕਟਰ ਨੂੰ ਬਦਨੀਤੀ ਦੇ ਮਨੋਰਥ ਨਾਲ ਰੋਕਣ ਕਾਰਣ ਇਮੀਗਰੇਸ਼ਨ ਤੇ ਪੁਲੀਸ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਦਫਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਐਸੇ ਅਧਿਕਾਰੀ ਜੋ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਨਾ ਹੋ ਕੇ ਦੇਸ਼-ਵਿਦੇਸ਼ ਤੋਂ ਆਉਣ ਜਾਣ ਵਾਲੇ ਯਾਤਰੀਆਂ ਨਾਲ ਦੁਰ-ਵਿਵਹਾਰ ਕਰਕੇ ਦੇਸ਼ ਦੇ ਨਾਮ ਨੂੰ ਬਦਨਾਮ ਕਰਦੇ ਹਨ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਹਨਾਂ ਭਾਰਤ ਦੇ ਗ੍ਰਹਿ ਮੰਤਰੀ  'ਤੇ ਵਿਦੇਸ਼ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਕੈਲੇਫੋਰਨੀਆਂ ਦੇ ਸ਼ਹਿਰ ਗਾਡੈਸਟੋ ਵਿੱਚ ਰਹਿਣ ਵਾਲੇ ਸਿੱਖ ਡਾਕਟਰ ਸ.ਹਰਮਨਦੀਪ ਸਿੰਘ ਨਾਲ ਨਵੀਂ ਦਿੱਲੀ ਹਵਾਈ ਅੱਡੇ ਤੇ ਦੁਰ-ਵਿਵਹਾਰ ਕਰਨ ਵਾਲੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਜਾਂਚ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇਮੀਗ੍ਰੇਸ਼ਨ ਤੇ ਪੁਲੀਸ ਅਧਿਕਾਰੀਆਂ ਦਾ ਫਰਜ਼ ਯਾਤਰੀਆਂ ਦੀ ਹਰ ਪੱਖੋਂ ਮਦਦ ਕਰਨਾ ਹੈ ਨਾ ਕਿ ਉਹਨਾਂ ਨੂੰ ਬਿਨਾ ਵਜ੍ਹਾ ਤੰਗ-ਪਰੇਸ਼ਾਨ ਕਰਨਾ। ਉਹਨਾਂ ਕਿਹਾ ਕਿ ਇਹ ਇੱਕ ਅਤਿ ਨਿੰਦਣਯੋਗ ਘਟਨਾ ਹੈ, ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਨੱਥ ਨਾ ਪਾਈ ਗਈ ਤਾਂ ਇਸ ਨਾਲ ਦੂਸਰੇ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਬੁਰਾ ਅਸਰ ਪਵੇਗਾ।

No comments: