Tuesday, November 12, 2013

ਖਾਲਸਾ ਕਾਲਜ ਅੰਮ੍ਰਿਤਸਰ ਪ੍ਰੋਗਰਾਮ

*‘ਮਾਰੀਆਚੀ’, ਪੰਜਾਬੀ ਸੰਗੀਤ ਤੇ ਗਿੱਧੇ ਦਾ ਸ਼ਾਨਦਾਰ ਦਿਲਕਸ਼ ਸੁਮੇਲ                             Mon, Nov 11, 2013 at 8:00 PM
*ਖਾਲਸਾ ਕਾਲਜ ਤੇ ਆਰਟ ਗੈਲਰੀ ’ਚ ਬਿਖੇਰਿਆ  ਕਲਾਕਾਰਾਂ ਨੇ ‘ਜਲਵਾ’
*ਅਮਰੀਕਾ-ਪੰਜਾਬ ਦੇ ਕਲਾਕਾਰਾਂ ਦਾ ਇਕ ਮੰਚ ’ਤੇ ਹੋਇਆ ‘ਸੁਰ-ਸੰਗਮ’ : ਸ: ਛੀਨਾ
ਅੰਮ੍ਰਿਤਸਰ, 11 ਨਵੰਬਰ 2013: ( ਗਜਿੰਦਰ ਸਿੰਘ ਕਿੰਗ// ਪੰਜਾਬ ਸਕਰੀਨ): ਅਮਰੀਕਾ ਦੇ ਮੈਕਸੀਕਨ ਸੰਗੀਤ ‘ਮਾਰੀਆਚੀ’ ਅਤੇ ਪੰਜਾਬੀ ਸੰਗੀਤ ਤੇ ਗਿੱਧੇ ਦਾ ਇਕ ਅਨੋਖਾ ਸੰਗਮ ਅੱਜ ਖਾਲਸਾ ਕਾਲਜ ਅਤੇ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ (ਆਰਟ ਗੈਲਰੀ) ਵਿਖੇ ਵੇਖਣ ਨੂੰ ਮਿਲਿਆ। ਨਿਊਯਾਰਕ ਸਥਿਤ ਸਿਰਫ਼ ਔਰਤ ਕਲਾਕਾਰਾਂ ਦੇ ਵਿਸ਼ੇਸ਼ ਬੈਂਡ ‘ਫ਼ਲੋਰ ਡੇ ਟੋਲੋਆਚੇ’ ਦੇ ਕਲਾਕਾਰਾਂ ਨੇ ਕਾਲਜ ਦੇ ਸੁੰਦਰ ਸਿੰਘ ਮਜੀਠੀਆ ਹਾਲ ’ਚ ਸੰਗੀਤ ਦੀ ਸਾਂਝ ਪਾਈ ਤੇ ਫ਼ਿਰ ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨਾਲ ਮਿਲਕੇ ਆਰਟ ਗੈਲਰੀ ਵਿਖੇ ਆਪਣੀ ਕਲਾ ਦੇ ਅਦਭੁਤ ਸੁਮੇਲ ਦਾ ਪ੍ਰਦਰਸ਼ਨ ਕੀਤਾ।

ਅਮਰੀਕਾ ਦੇ ਇੰਨ੍ਹਾਂ ਕਲਕਾਰਾਂ ਨੇ ਆਪਣੇ ਸੰਗੀਤ ਦੇ ਹੁਨਰ ਨਾਲ ਪੰਜਾਬੀ ਸਰੋਤਿਆਂ ਨੂੰ ਕੀਲ ਕੇ ਰੱਖਿਆ ਅਤੇ ਉਹ ਪੰਜਾਬੀ ਨਾਚ ਅਤੇ ਗਾਇਕੀ ਇੰਨ੍ਹੇ ਪ੍ਰਸੰਨ ਹੋਏ ਕਿ ਪ੍ਰੋਗਰਾਮ ਤੋਂ ਬਾਅਦ ਪੰਜਾਬੀ ਧੁਨਾਂ ’ਤੇ ਝੂਮਣ ਲੱਗੇ। ਨਾਰਥ ਅਮਰੀਕਾ ਤੇ ਪੰਜਾਬ ਦੀ ਇਸ ਸੱਭਿਆਚਾਰਕ ਸਾਂਝ ਦੀ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਇਕ ਅਲੱਗ ਹੀ ਝਲਕ ਦਰਸ਼ਕਾਂ ਨੂੰ ਵੇਖਣ ਨੂੰ ਮਿਲੀ। ਇਹ ਪਹਿਲਾ ਮੌਕਾ ਸੀ ਕਿ ਅਮਰੀਕਾ ਦੇ ਇਸ ਪ੍ਰਸਿੱਧ ਸੰਗੀਤ ਕਿਸਮ ਨੂੰ ਪੰਜਾਬੀ ਨਾਚ ਨਾਲ ‘ਫ਼ਿਊਜ਼ਨ’ ਦੇ ਤੌਰ ’ਤੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ।

    (  ) - ਖਾਲਸਾ ਕਾਲਜ ਦੇ ਸਮਾਗਮ ’ਚ ਮੁੱਖ ਮਹਿਮਾਨ ਪਾਸਪੋਰਟ ਆਫ਼ਿਸਰ (ਅੰਮਿ੍ਰਤਸਰ ਖ਼ੇਤਰ) ਸ: ਜਸਵੰਤ ਸਿੰਘ ਸੋਢੀ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਤੇ ਵਿਸ਼ੇਸ਼ ਮਹਿਮਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪਿ੍ਰੰਸੀਪਲ ਡਾ. ਦਲਜੀਤ ਸਿੰਘ ਨੇ ਅਮਰੀਕਾ ਤੋਂ ਆਏ ਵਿਸ਼ੇਸ਼ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਸ: ਸੋਢੀ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਤੇ ਪੰਜਾਬ ਦੇ ਕਲਾਕਾਰ ਇਕ ਸਟੇਜ਼ ’ਤੇ ਇਕੱਠੇ ਪੇਸ਼ਕਾਰੀ ਕਰ ਰਹੇ ਹਨ। ਇਸ ਤਰ੍ਹਾਂ ਦੇ ਅੰਤਰ ਸੱਭਿਆਚਾਰ ਪ੍ਰੋਗਰਾਮ ਮੁਲਕਾਂ ’ਚ ਸਬੰਧ ਸੁਧਾਰਣ ਲਈ ਸਹਾਈ ਸਿੱਧ ਹੋਣ ਤੋਂ ਇਲਾਵਾ ਲੋਕਾਂ ’ਚ ਇਕ-ਦੂਜੇ ਪ੍ਰਤੀ ਮਿਲਵਰਤਨ ਦੀ ਭਾਵਨਾ ਨੂੰ ਵੀ ਉਜਾਗਰ ਕਰਦੇ ਹਨ।

ਸ: ਛੀਨਾ ਜੋ ਕਿ ਆਰਟ ਗੈਲਰੀ ਵਿਖੇ ਮੁੱਖ ਮਹਿਮਾਨ ਸਨ, ਨੇ ਕਿਹਾ ਕਿ ਦੋ ਅਲੱਗ ਸੱਭਿਆਚਾਰਾਂ ਦੀ ਸਾਂਝ ਨੂੰ ਇਕ ਮੰਚ ’ਤੇ ਪੇਸ਼ ਕਰਨਾ ਮੁਸ਼ਕਿਲ ਹੁੰਦਾ ਹੈ ਪਰ ਸੰਗੀਤ ਦੇ ਜ਼ਜ਼ਬੇ ਤੇ ਕਲਾਕਾਰਾਂ ਦੀ ਮਿਹਨਤ ਸਦਕਾ ਇਹ ਸੁਮੇਲ ਕਾਮਯਾਬ ਹੋ ਸਕਿਆ। ਉਨ੍ਹਾਂ ਨੇ ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਉਲੀਕਣ ਦੀ ਸਲਾਹ ਦਿੱਤੀ।

ਅਮਰੀਕਾ ਦੇ ਇਸ ਬੈਂਡ ’ਚ 9 ਕਲਾਕਾਰਾਂ ਨੇ ਪਰੰਪਰਿਕ ਸੰਗੀਤ ਸਾਜ਼ਾਂ ਨਾਲ ਪੇਸ਼ਕਾਰੀ ਦਰਸ਼ਕਾਂ ਸਾਹਮਣੇ ਪ੍ਰਗਟ ਕੀਤੀ, ਜਦ ਕਿ ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਪੰਜਾਬ ਦੇ ਕਿੱਸਾ ਕਾਵਿ ਹੀਰ-ਰਾਂਝਾ, ਸੱਸੀ-ਪੁਨੂੰ, ਸੋਹਣੀ-ਮਹੀਵਾਲ ਅਤੇ ਮਿਰਜਾ-ਸਾਹਿਬਾ ਸਬੰਧਿਤ ਵਿਲੱਖਣ ਅਦਾਕਾਰੀ ਦਾ ਜਲਵਾ ਬਿਖੇਰਿਆ। ਅਮਰੀਕਾ ਦੇ ਦਿੱਲੀ ਸਥਿਤ ਸਫ਼ਾਰਤਖ਼ਾਨੇ ’ਚ ਅਮਰੀਕਨ ਸੈਂਟਰ ਦੁਆਰਾ ਸਪਾਂਸਰਡ ਇਸ ਸਮਾਗਮ ਦੌਰਾਨ ਇਕ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ।

ਪਿੰ੍ਰਸੀਪਲ ਡਾ. ਦਲਜੀਤ ਸਿੰਘ ਅਤੇ ਪਿ੍ਰੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਹ ਇਸ ਅਦਭੁਤ ਸੰਗੀਤ ਸੁਮੇਲ ’ਚ ਸ਼ਮੂਲੀਅਤ ਕਰਕੇ ਬਹੁਤ ਖੁਸ਼ ਹਨ। ਜ਼ਿਕਰਯੋਗ ਹੈ ਕਿ ‘ਮਾਰੀਆਚੀ’ ਸੰਗੀਤ ਦੇ ਇਸ ਬੈਂਡ ’ਚ ਕਿਊਬਾ, ਡੋਮਿਨੀਕਨ ਰਿਪਬਲਿਕ, ਜਰਮਨੀ, ਮੈਕਸੀਕੋ ਅਤੇ ਪੂਈਰਿਟੋ ਰਿਕੋ ਦੇ ਵਸਨੀਕ ਸ਼ਾਮਿਲ ਸਨ। ਅਮਰੀਕੀ ਸਫ਼ਾਰਤਖ਼ਾਨੇ ਦੇ ਸੱਭਿਆਚਾਰਕ ਮਾਮਲਿਆਂ ਦੇ ਮੁੱਖੀ ਜੋਸ਼ੂਆ ਪੋਲੋਚਿਕ ਤੋਂ ਇਲਾਵਾ ਇਸ ਪੋ੍ਰਗਰਾਮ ’ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸ: ਅਜ਼ਮੇਰ ਸਿੰਘ ਹੇਰ, ਮੈਂਬਰ ਸਾਹਿਬਾਨ, ਅਧਿਆਪਕ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ। ਆਰਟ ਗੈਲਰੀ ਵਿਖੇ ਸ਼ਾਮਿਲ ਪ੍ਰਮੁੱਖ ਸ਼ਖਸ਼ੀਅਤਾਂ ’ਚ ਡਾ. ਪੀ. ਐੱਸ. ਗਰੋਵਰ, ਡਾ. ਸੁਖਬੀਰ ਕੌਰ ਮਾਹਲ, ਡੀ. ਐੱਸ. ਰਟੌਲ, ਹਾਜ਼ਰ ਸਨ।   

No comments: